ਪੰਜਾਬ ਵਿਚ ਫੁੱਟਬਾਲ ਖੇਡ ਦੀ ਸਥਿਤੀ ਨੂੰ ਸੁਧਾਰਨ ਅਤੇ ਇਸ ਖੇਡ ਦਾ ਮਿਆਰ ਉੱਚਾ ਚੁੱਕਣ ਲਈ ਇਸ ਖੇਡ ਨਾਲ ਜੁੜੇ ਲੋਕ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ। ਫੁੱਟਬਾਲ ਦੀ ਬਿਹਤਰੀ ਲਈ ਪੰਚਾਇਤਾਂ ਨੂੰ ਆਪਣੇ ਪਿੰਡਾਂ ਦੇ ਸਕੂਲਾਂ ’ਚ ਟੀਮਾਂ ਬਣਾਉਣ ਲਈ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨਾਲ ਮਿਲ ਕੇ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਹਰ ਪਿੰਡ ਦੇ ਸਕੂਲ ਵਿਚ ਫੁੱਟਬਾਲ ਦੀ ਇਕ ਟੀਮ ਤਿਆਰ ਕੀਤੀ ਜਾ ਸਕੇ। ਬਾਕੀ ਸਭ ਤੋਂ ਵੱਧ ਜ਼ਿੰਮੇਵਾਰੀ ਜ਼ਿਲ੍ਹਾ ਫੁੱਟਬਾਲ ਸੰਘ ਦੀ ਬਣਦੀ ਹੈ ਕਿ ਉਹ ਸਮੇਂ-ਸਮੇਂ ’ਤੇ ਪਿੰਡਾਂ ਦੇ ਸਰਪੰਚਾਂ ਅਤੇ ਫੁੱਟਬਾਲ ਕਲੱਬਾਂ ਦੇ ਪ੍ਰਧਾਨਾਂ ਨੂੰ ਬੁਲਾ ਕੇ ਮੁਲਾਕਾਤ ਕਰਨ ਤਾਂ ਜੋ ਫੁੱਟਬਾਲ ਦੀ ਬਿਹਤਰੀ ਲਈ ਚੰਗੇ ਉਪਰਾਲੇ ਕੀਤੇ ਜਾ ਸਕਣ ਪਰ ਇਸ ਵਿਚ ਵੀ ਜ਼ਿਲ੍ਹਾ ਫੁੱਟਬਾਲ ਸੰਘ ਬਹੁਤ ਪਛੜ ਰਹੇ ਹਨ। ਜ਼ਿਲ੍ਹਾ ਫੁੱਟਬਾਲ ਸੰਘ ਦਾ ਕੰਮ ਆਪਣੇ ਜ਼ਿਲ੍ਹੇ ਦੇ ਫੁੱਟਬਾਲ ਨੂੰ ਸੁਚੱਜੇ ਢੰਗ ਨਾਲ ਚਲਾਉਣਾ ਹੁੰਦਾ ਹੈ ਅਤੇ ਹਰ ਸਾਲ ਜ਼ਿਲ੍ਹਾ ਫੁੱਟਬਾਲ ਟੂਰਨਾਮੈਂਟ ਕਰਵਾਉਣੇ ਹੁੰਦੇ ਹਨ, ਜੋ ਕਿ ਨਹੀਂ ਹੋ ਰਹੇ। ਜੇਕਰ ਕੋਈ ਜ਼ਿਲ੍ਹਾ ਇਹ ਟੂਰਨਾਮੈਂਟ ਕਰਵਾਉਂਦਾ ਵੀ ਹੈ ਤਾਂ ਉਹ ਲਗਾਤਾਰ ਨਹੀਂ ਕਰਵਾਉਂਦੇ। ਪੰਜਾਬ ਰਾਜ ਫੁੱਟਬਾਲ ਖੇਡ ਜੋ ਕਿ ਪੰਜਾਬ ਰਾਜ ਫੁੱਟਬਾਲ ਸੰਘ ਕਰਵਾਉਂਦਾ ਹੈ, ਉਸ ਵਿਚ ਜ਼ਿਲ੍ਹਾ ਸੰਘ ਦੀ ਟੀਮ ਨੇ ਭਾਗ ਲੈਣਾ ਹੁੰਦਾ ਹੈ। ਉਸ ਵਿਚ ਵੀ ਕਈ ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਨਹੀਂ ਲੈਂਦੀਆਂ। ਪੰਜਾਬ ਰਾਜ ਅੰਡਰ 14, 17, 19 ਅਤੇ ਸੀਨੀਅਰ ਚੈਂਪੀਅਨਸ਼ਿਪ ਕਰਵਾਉਣ ਦਾ ਕੋਈ ਵੀ ਸਮਾਂ ਨਹੀਂ ਹੁੰਦਾ। ਇਹ ਖੇਡਾਂ ਉਸ ਸਮੇਂ ਹੋਣੀਆਂ ਚਾਹੀਦੀਆਂ ਹਨ, ਜਦੋਂ ਪੰਜਾਬ ਦੀ ਟੀਮ ਨੇ ਕੌਮੀ ਖੇਡਾਂ ’ਚ ਭਾਗ ਲੈਣਾ ਹੋਵੇ ਅਤੇ ਇਸ ਵਿਚੋਂ ਹੀ ਪੰਜਾਬ ਰਾਜ ਦੀ ਫੁੱਟਬਾਲ ਟੀਮ ਦੀ ਚੋਣ ਹੋਣੀ ਚਾਹੀਦੀ ਹੈ ਤਾਂ ਜੋ ਖਿਡਾਰੀ ਇਸ ਵਿਚ ਜੋਸ਼ ਨਾਲ ਭਾਗ ਲੈਣ ਅਤੇ ਇਨ੍ਹਾਂ ਖੇਡਾਂ ਨੂੰ ਤਰਜੀਹ ਦੇਣ। ਇਸੇ ਤਰ੍ਹਾਂ ਪੰਜਾਬ ਵਿਚ ਕਲੱਬਾਂ ਦਾ ਪੰਜਾਬ ਸੁਪਰ ਲੀਗ ਟੂਰਨਾਮੈਂਟ ਹੁੰਦਾ ਹੈ, ਜਿਸ ਵਿਚ ਕਈ ਸੰਸਥਾਵਾਂ ਦੀਆਂ ਟੀਮਾਂ ਭਾਗ ਲੈਂਦੀਆਂ ਹਨ ਅਤੇ ਉਨ੍ਹਾਂ ਨੂੰ ਖਿਡਾਰੀਆਂ ’ਤੇ ਕਾਫ਼ੀ ਖਰਚਾ ਕਰਨਾ ਪੈਂਦਾ ਹੈ ਪਰ ਉਨ੍ਹਾਂ ਨੂੰ ਉਸ ਦਾ ਬਹੁਤਾ ਫਾਇਦਾ ਨਹੀਂ ਹੁੰਦਾ। ਪੰਜਾਬ ਲੀਗ ਟੂਰਨਾਮੈਂਟ ਜੋ ਸੰਤੋਸ਼ ਟਰਾਫੀ ਲਈ ਚੋਣ ਦਾ ਮਿਆਰ ਹੈ, ਇਸ ਵਿਚ ਵੀ ਜ਼ਿਆਦਾਤਰ ਵਿਭਾਗੀ ਖਿਡਾਰੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜੋ ਚੋਣ ਕਮੇਟੀ ਪੰਜਾਬ ਫੁੱਟਬਾਲ ਸੰਘ ਨੇ ਬਣਾਈ ਹੈ। ਉਹ ਖਿਡਾਰੀਆਂ ਦੀ ਚੋਣ ਤਾਂ ਕਰਦੇ ਹਨ ਪਰ ਉਹ ਸਾਰੇ ਟੂਰਨਾਮੈਂਟ ਨੂੰ ਦੇਖਣ ’ਚ ਅਸਮਰੱਥ ਹੁੰਦੇ ਹਨ। ਉਹ ਇਕ ਮੈਚ ਦੇਖ ਕੇ ਕਿਸੇ ਵੀ ਖਿਡਾਰੀ ਦੇ ਪੱਧਰ ਦਾ ਮੁਲਾਂਕਣ ਨਹੀਂ ਕਰ ਸਕਦੇ। ਪੰਜਾਬ ਦੇ ਸਾਰੇ ਕਾਲਜਾਂ ਵਿਚ, ਕੱਲਬਾਂ ਵਿਚ ਖੇਡੇ ਹੋਏ ਖਿਡਾਰੀ ਕੋਚ ਲੱਗੇ ਹੋਏ ਹਨ, ਉਹ ਜ਼ਿਆਦਾਤਰ ਸਾਰੇ ਮੈਚ ਦੇਖਣ ਜਾਂਦੇ ਹਨ। ਉਨ੍ਹਾਂ ਨੂੰ ਸਾਰੇ ਖਿਡਾਰੀਆਂ ਦੇ ਪੱਧਰ ਦੀ ਵਧੇਰੇ ਜਾਣਕਾਰੀ ਹੁੰਦੀ ਹੈ। ਉਨ੍ਹਾਂ ਸਾਰਿਆਂ ਦੀ ਕਮੇਟੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕੋਲੋਂ ਚੁਣੀ ਟੀਮ ਦੀ ਸੂਚੀ ਲੈ ਕੇ ਖਿਡਾਰੀਆਂ ਨੂੰ ਕੈਂਪ ਲਈ ਚੁਣਨਾ ਚਾਹੀਦਾ ਹੈ ਤਾਂ ਜੋ ਇਕ ਨਿਰਪੱਖ ਚੋਣ ਕੀਤੀ ਜਾ ਸਕੇ। ਪਰ ਕੁਝ ਕੈਂਪਾਂ ਵਿਚ ਇਹੋ ਜਿਹੇ ਖਿਡਾਰੀ ਵੀ ਹੁੰਦੇ ਹਨ, ਜਿਨ੍ਹਾਂ ਨੇ ਪੂਰੀ ਲੀਗ ’ਚ ਭਾਗ ਨਹੀਂ ਲਿਆ ਹੁੰਦਾ ਅਤੇ ਉਨ੍ਹਾਂ ਦੀ ਸੰਤੋਸ਼ ਟਰਾਫ਼ੀ ਜਾਂ ਹੋਰ ਰਾਜ ਪੱਧਰ ਕੈਂਪ ਵਿਚ ਚੋਣ ਹੋ ਜਾਂਦੀ ਹੈ, ਜੋ ਕਿ ਨਹੀਂ ਹੋਣੀ ਚਾਹੀਦੀ। ਉੱਥੇ ਕੋਚ ਨੂੰ ਬੜੀ ਇਮਾਨਦਾਰੀ ਨਾਲ ਚੋਣ ਕਰਨੀ ਚਾਹੀਦੀ ਹੈ। ਕਿਸੇ ਵੇਲੇ ਖਿਡਾਰੀ ਘੱਟ ਉਮਰ ਦਾ ਹੋਣ ਕਾਰਨ ਉਸ ਨੂੰ ਮੌਕਾ ਨਹੀਂ ਦਿੱਤਾ ਜਾਂਦਾ ਪਰ ਜੇਕਰ ਉਹ 17 ਜਾਂ 18 ਸਾਲ ਦਾ ਚੰਗਾ ਖਿਡਾਰੀ ਹੈ ਤਾਂ ਉਸ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਹ ਸਭ ਸੋਚਣਾ ਪੈਣਾ ਹੈ ਕਿ ਕਿਸ ਤਰ੍ਹਾਂ ਟੀਮ ਦਾ ਭਲਾ ਕਰੀਏ। ਇਹ ਕੰਮ ਕਿਸੇ ਇਕੱਲੇ ਬੰਦੇ ਦਾ ਨਹੀਂ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਪੈਣਾ ਹੈ ਤਾਂ ਹੀ ਪੰਜਾਬ ਦੇ ਫੁੱਟਬਾਲ ਦਾ ਭਲਾ ਹੋ ਸਕਦਾ ਹੈ।
ਪੰਜਾਬ ਦੀ ਫੁੱਟਬਾਲ ਖੇਡ ‘ਚ ਸੁਧਾਰ ਲਿਆਉਣ ਦੀ ਲੋੜ

Comment here