ਚੰਡੀਗੜ੍ਹ-ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਫਿਰ ਇਕੱਠੇ ਨਜ਼ਰ ਆਏ…ਦੋਵਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਚ ਟਾਹਲੀ ਦਾ ਇੱਕ ਬੂਟਾ ਲਾਇਆ…..ਮਨਪ੍ਰੀਤ ਬਾਦਲ ਬੂਟਾ ਲਾ ਰਹੇ ਨੇ ਤੇ ਸੁਖਬੀਰ ਬਾਦਲ ਨਾਲ ਹੀ ਬੈਠੇ ਨੇ……ਇਹ ਬੂਟਾ ਮਨਪ੍ਰੀਤ ਬਾਦਲ ਦੇ ਘਰ ਲਾਇਆ ਗਿਆ….ਕਿਉਂਕਿ ਮਨਪ੍ਰੀਤ ਬਾਦਲ ਨੇ ਆਪਣੇ ਪਿਤਾ ਦਾਸ ਬਾਦਲ ਦੀ ਯਾਦ ਚ ਇੱਕ ਟਾਹਲੀ ਦਾ ਬੂਟਾ ਲਾਇਆ ਸੀ ਤੇ ਉਸ ਦੇ ਨੇੜੇ ਹੀ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਚ ਵੀ ਟਾਹਲੀ ਦਾ ਬੂਟਾ ਲਾਇਆ ਗਿਆ।
ਸੁਖਬੀਰ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ”ਮੇਰੇ ਪਿਤਾ ਸ. ਪਰਕਾਸ਼ ਸਿੰਘ ਜੀ ਬਾਦਲ ਅਤੇ ਚਾਚਾ ਜੀ ਸ. ਗੁਰਦਾਸ ਸਿੰਘ ਜੀ ਬਾਦਲ ਦਾ ਇੱਕ ਦੂਜੇ ਨਾਲ ਪਿਆਰ ਤਾ-ਉਮਰ ਬੇਮਿਸਾਲ ਰਿਹਾ। “ਪਾਸ਼-ਦਾਸ” ਦੀ ਇਹ ਜੋੜੀ ਪਿੰਡ ਬਾਦਲ ਹੀ ਨਹੀਂ ਬਲਕਿ ਪੂਰੀ ਦੁਨੀਆ ‘ਚ “ਰਾਮ-ਲਛਮਣ” ਦੇ ਨਾਮ ਨਾਲ ਮਸ਼ਹੂਰ ਸੀ। ਸਾਲ 2020 ‘ਚ ਦਾਸ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਬਾਦਲ ਸਾਬ੍ਹ ਬਹੁਤ ਸਮਾਂ ਉਦਾਸ ਰਹੇ ਅਤੇ ਅਕਸਰ ਉਹਨਾਂ ਦੀ ਗੱਲ ਕਰਦਿਆਂ ਭਾਵੁਕ ਹੋ ਜਾਂਦੇ ਸਨ। ਵੀਰ ਮਨਪ੍ਰੀਤ ਨੇ ਚਾਚਾ ਜੀ ਦੀ ਯਾਦ ‘ਚ ਆਪਣੇ ਘਰ ਜਿੱਥੇ ਟਾਹਲੀ ਦਾ ਬੂਟਾ ਲਗਾਇਆ ਸੀ ਅੱਜ ਅਸੀਂ ਭਰਾਵਾਂ ਨੇ ਮਿਲ ਕੇ ਉਸ ਦੇ ਨਾਲ ਹੀ ਬਾਦਲ ਸਾਬ੍ਹ ਦੀ ਯਾਦ ‘ਚ ਵੀ ਟਾਹਲੀ ਦਾ ਬੂਟਾ ਲਗਾਇਆ। ਇਹ ਦੋਵੇਂ ਬੂਟੇ ਜਿੱਥੇ ਬਾਦਲ ਸਾਬ੍ਹ ਅਤੇ ਦਾਸ ਜੀ ਦੇ ਮੋਹ-ਪਿਆਰ ਦੀ ਯਾਦ ਦਿਵਾਉਂਦੇ ਰਹਿਣਗੇ, ਉੱਥੇ ਹੀ “ਪਾਸ਼-ਦਾਸ” ਦੀ ਜੋੜੀ ਵੱਲੋਂ ਪੂਰੇ ਬਾਦਲ ਪਰਿਵਾਰ ਨੂੰ ਦਿੱਤੀ ਸੰਘਣੀ ਛਾਂ ਨੂੰ ਵੀ ਹਮੇਸ਼ਾ ਚੇਤੇ ਕਰਵਾਉਂਦੇ ਰਹਿਣਗੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਜੋੜੀ ਜਿੱਥੇ ਵੀ ਹੋਵੇਗੀ ਨਾ ਕੇਵਲ ਸਾਨੂੰ ਸਾਰੇ ਬਾਦਲ ਪਰਿਵਾਰ ਨੂੰ ਆਸ਼ੀਰਵਾਦ ਦਿੰਦੀ ਰਹੇਗੀ ਸਗੋਂ ਸਾਰੇ ਪੰਜਾਬ ਦਾ ਭਲਾ ਲੋਚਦੀ ਰਹੇਗੀ।”
ਇਹ ਪਹਿਲਾਂ ਮੌਕਾ ਨਹੀਂ ਜਦੋਂ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਦੀਆਂ ਇਕੱਠਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹੋਣ। ਸ. ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਵੇਲੇ ਤੋਂ ਦੋਵੇਂ ਇਕੱਠੇ ਨਜ਼ਰ ਆਏ। ਦੋਵਾਂ ਦੀਆਂ ਤਸਵੀਰਾਂ ਸਿਆਸੀ ਗਲਿਆਰਿਆਂ ਦੇ ਨਾਲ ਨਾਲ ਆਮ ਪਬਲਿਕ ਚ ਵੀ ਚਰਚਾ ਦਾ ਵਿਸ਼ਾ ਰਹੀਆਂ। ਅਕਾਲੀ ਦਲ ਦੇ ਕਈ ਲੀਡਰਾਂ ਨੇ ਖੁੱਲ੍ਹੇ ਤੌਰ ਤੇ ਦੋਵੇਂ ਭਰਾਵਾਂ ਨੂੰ ਮੁੜ ਤੋਂ ਇੱਕ ਜਾਣ ਦੀ ਅਪੀਲ ਵੀ ਕੀਤੀ। ਪਰ ਇਹ ਸਵਾਲ ਅੱਜ ਵੀ ਬਰਕਰਾਰ ਹੈ ਕਿ ਕੀ ਦੋਵੇਂ ਭਰਾ ਸਿਆਸੀ ਵਖਰੇਵੇਂ ਭੁਲਾ ਕੇ ਮੁੜ ਇੱਕ ਪਲੇਟਫਾਰਮ ਤੇ ਆਉਣਗੇ ? ਕੀ ਸੁਖਬੀਰ ਤੇ ਮਨਪ੍ਰੀਤ ਬਾਦਲ ਵੀ ਪ੍ਰਕਾਸ਼ ਸਿੰਘ ਬਾਦਲ ਤੇ ਗੁਰਦਾਸ ਬਾਦਲ ਵਰਗਾ ਸਨੇਹ ਭਰਿਆ ਤੇ ਮਜ਼ਬੂਤ ਰਿਸ਼ਤਾ ਬਣਾ ਪਾਉਣਗੇ ?
ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਚ ਵੀ ਟਾਹਲੀ ਦਾ ਬੂਟਾ ਲਾਇਆ

Comment here