ਸਿਆਸਤਖਬਰਾਂਚਲੰਤ ਮਾਮਲੇ

ਪ੍ਰਕਾਸ਼ ਸਿੰਘ ਬਾਦਲ ਤੋਂ “ਫਖਰ ਏ ਕੌਮ” ਐਵਾਰਡ ਵਾਪਸ ਲਓ…

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਪਾਸੋਂ ਫ਼ਖ਼ਰ ਏ ਕੌਮ ਐਵਾਰਡ ਵਾਪਸ ਲੈਣ ਲਈ ਮੰਗ ਪੱਤਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਲੰਘੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਦੌਰਾਨ ਅਕਾਲੀ ਦਲ ਬਾਦਲ ਨੂੰ ਮਿਲੀ ਬੁਰੀ ਹਾਰ ਤੋਂ ਬਾਅਦ ਆਪ ਜੀ ਦਾ ਇਕ ਬਿਆਨ ਆਇਆ ਸੀ ਕਿ, ਅਕਾਲੀ ਦਲ ਦਾ ਖਤਮ ਹੋਣਾ ਸਿੱਖ ਕੌਮ ਲਈ ਘਾਤਕ ਹੈ ਅਤੇ ਅਕਾਲੀ ਦਲ ਨੂੰ ਬਚਾਉਣ ਲਈ ਸਾਰੇ ਅਕਾਲੀ ਧੜੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇਕੱਤਰ ਹੋਣ। ਜਥੇਦਾਰ ਅਨੁਸਾਰ ਪੰਜਾਬ ਵਿਚ ਸਿੱਖਾਂ ਦੇ ਹਿਤਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤ ਹੋਂਦ ਬਹੁਤ ਜ਼ਰੂਰੀ ਹੈ ਪਰ ਜਦੋਂ ਗੱਲ ਅਕਾਲੀ ਦਲ ਨੂੰ ਬਚਾਉਣ ਦੀ ਕਰਨੀ ਹੋਵੇ ਤਾਂ ਜਥੇਦਾਰ ਸਾਹਿਬ ਅਕਾਲੀ ਦਲ ਨੂੰ ਖਤਮ ਕਰਨ ਲਈ ਜਿੰਮੇਵਾਰ ਆਗੂਆਂ ਅਤੇ ਉਹਨਾਂ ਦੀਆਂ ਨੀਤੀਆਂ ਨੂੰ ਨਜ਼ਰਅੰਦਾਜ ਕਰਕੇ ਇਹੋ ਜਿਹੇ ਬਿਆਨ ਦੇਣੇ ਕਿ ਜਿਸ ਤੋਂ ਇਹ ਜਾਪਦਾ ਹੋਵੇ ਕਿ ਉਹ ਸਿਰਫ ਇਕ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਇਹ ਨਿੰਦਣਯੋਗ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਅਕਾਲੀ ਦਲ ਦੀ ਹਾਰ ਦੀ ਜ਼ਿੰਮੇਵਾਰ ਬਾਦਲ ਐਂਡ ਫੈਮਲੀ ਤੇ ਉਨ੍ਹਾਂ ਦੀ ਜੀ ਹਜ਼ੂਰੀ ਕਰਨ ਵਾਲੀ ਲੀਡਰਸ਼ਿਪ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੀ ਬਜਾਇ ਸਿੱਖਾਂ ਨੂੰ ‘ਬਦਤਮੀਜ਼’ ਕਹਿਣਾ ਵੀ ਉਨ੍ਹਾਂ ਦੀ ਪਦਵੀ ਮੁਤਾਬਕ ਸ਼ੋਭਾ ਨਹੀਂ ਦਿੰਦਾ। ਸੰਨ 1978 ਵਿਚ ਅੰਮ੍ਰਿਤਸਰ ਦੀ ਧਰਤੀ ‘ਤੇ ਵਾਪਰੇ ਨਕਲੀ ਨਿਰੰਕਾਰੀ ਕਾਂਡ ਦੌਰਾਨ 13 ਸਿੱਖਾਂ ਦੇ ਕਾਤਲ ਗੁਰਬਚਨ ਸਿਹੁੰ ਨਿਰੰਕਾਰੀ ਮੁਖੀ ਨੂੰ ਸੁਰੱਖਿਅਤ ਪੰਜਾਬ ਤੋਂ ਬਾਹਰ ਕੱਢਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੰਥ ਨਾਲ ਧੋਖੇਬਾਜੀ ਦੀ ਕਹਾਣੀ ਬਹੁਤ ਲੰਬੀ ਹੈ ਪਰ ਅਸੀਂ ਫਿਰ ਵੀ ਤੁਹਾਡੇ ਧਿਆਨ ਵਿਚ ਸੰਖੇਪ ਵਿਚ ਲਿਆਉਣਾ ਚਾਹੁੰਦੇ ਹਾਂ ਕਿ ਸਤਲੁਜ ਜਮੁਨਾ ਲਿੰਕ ਨਹਿਰ ਨੂੰ ਕਢਵਾਉਣ ਲਈ ਪ੍ਰਕਾਸ਼ ਸਿੰਘ ਬਾਦਲ ਦੇ ਰੋਲ ਤੋਂ ਲੈ ਕੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾਂ ਮੰਗਿਆਂ ਮਾਫੀ ਦੇਣ ਅਤੇ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸ਼ਾਂਤਮਈ ਰੋਸ ਪ੍ਰਗਟ ਕਰਦੀਆਂ ਸੰਗਤਾਂ ਉੱਤੇ ਗੋਲੀਆਂ ਚਲਾਉਣ ਵਾਲੀ ਸਰਕਾਰ ਕਿਸੇ ਹੋਰ ਦੀ ਨਹੀਂ, ਬਲਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਹੀ ਸੀ। ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨੂੰ ਕੀ ਕਦੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤੁਸੀਂ ਤਲਬ ਕਰਨ ਦੀ ਲੋੜ ਨਹੀਂ।

ਜਥੇਦਾਰ ਸਾਹਿਬ, ਬਾਦਲ ਪਰਿਵਾਰ ਤੇ ਇਸ ਦੀ ਜੀ ਹਜੂਰੀ ਵਾਲੀ ਲੀਡਰਸ਼ਿਪ ਦੀ ਪੰਥ ਤੇ ਪੰਜਾਬ ਨਾਲ ਧੋਖੇਬਾਜੀ ਦੀ ਦਾਸਤਾਨ ਬਹੁਤ ਲੰਬੀ ਹੈ ਜਿਸ ਤੋਂ ਹਰੇਕ ਸਿੱਖ ਭਲੀਭਾਂਤ ਜਾਣੂ ਵੀ ਹੈ ਪਰ ਤੁਹਾਨੂੰ ਵੀ ਉਸ ਨਕਾਰੀ ਜਾ ਚੁੱਕੀ ਲੀਡਰਸ਼ਿਪ ਦੀ ਢਾਲ ਬਣਨ ਦੀ ਬਜਾਇ ਅੱਜ ਜਿਸ ਸਥਿਤੀ ਵਿਚ ਅਕਾਲੀ ਦਲ ਪੁੱਜ ਚੁੱਕਾ ਹੈ, ਇਸ ਥਾਂ ਤੱਕ ਪਹੁੰਚਾਉਣ ਦੇ ਜ਼ਿਮੇਵਾਰ ਕਾਰਨਾਂ ਅਤੇ ਆਗੂਆਂ ਦੀ ਨਿਸ਼ਾਨਦੇਹੀ ਕਰਕੇ ਪੰਥ ਦੇ ਸਾਹਮਣੇ ਰੱਖਣਾ ਚਾਹੀਦਾ ਹੈ। ਜਿਸ ਅਕਾਲੀ ਲੀਡਰਸ਼ਿਪ ਨੂੰ ਪੰਥ ਨੇ ਬੁਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਉਸ ‘ਤੇ ਪੰਥਕ ਪਾਰਟੀ ਦੇ ਨਿਸ਼ਾਨ ਤੇ ਚੋਣ ਲੜਣ ਤੇ ਪੂਰਨ ਪਾਬੰਦੀ ਲਾਈ ਜਾਣੀ ਚਾਹੀਦੀ ਹੈ ਅਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਨਾਤੇ ਆਪ ਜੀ ਕੋਲੋਂ ਇਹ ਆਸ ਵੀ ਰੱਖਦੇ ਹਾਂ ਕਿ ਜੇਕਰ ਤੁਸੀਂ ਸਚਮੁਚ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਖਰ-ਏ-ਕੌਮ ਦਾ ਖਿਤਾਬ ਤੁਰੰਤ ਵਾਪਸ ਲਵੋ ਤੇ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਫਿਰ ਤੁਹਾਨੂੰ ਸਿੱਖ ਪੰਥ ਦੀ ਸਿਰਮੌਰ ਪਦਵੀ ਨੂੰ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪਾਵਨ ਤੇ ਸਰਵਉੱਚ ਅਹੁਦੇ ਤੇ ਕੋਈ ਯੋਗ ਤੇ ਜਰਨੈਲ ਸ਼ਖ਼ਸੀਅਤ ਬੈਠ ਸਕੇ, ਜੋ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦਾ ਹੌਂਸਲਾ ਰੱਖਦੀ ਹੋਵੇ

Comment here