ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਪੁੱਤ ਦੇ ਨਸ਼ੇ ਲਈ ਮਾਂ ਕਰਦੀ ਹੈ 600 ਰੁਪਏ ਦਾ ਇੰਤਜ਼ਾਮ

ਇਕਲੌਤਾ ਪੁੱਤ ਜ਼ਮੀਨ-ਟਰੈਕਟਰ-ਟਰਾਲੀਆਂ ਵੇਚ ਕੇ ਪੀ ਗਿਐ ਕਰੋੜਾਂ ਦਾ ‘ਚਿੱਟਾ’
ਜਗਰਾਓਂ- ਇਸ ਤੋਂ ਵੱਡਾ ਦਰਦ ਕੀ ਹੋਊ ਕਿ ਇੱਕ ਮਾਂ ਹੀ ਆਪਣੇ ਪੁੱਤ ਦੇ ਨਸ਼ੇ ਲਈ ਪੈਸਿਆਂ ਦਾ ਇੰਤਜਾ਼ਮ ਕਰਕੇ ਦਿੰਦੀ ਹੈ, ਕਿਉਂਕਿ ਪੁੱਤ ਨਸ਼ੇ ਦੀ ਤੋਟ ਚ ਤੜਪਦਾ ਉਸ ਤੋਂ ਜਰਿਆ ਨਹੀੰ ਜਾਂਦਾ। ‘ਨਾ ਪੁੱਤ, ਤਡ਼ਫ ਨਾ, ਜਾ ਜੋ ਵੇਚਣਾ ਵੇਚ ਕੇ ‘ਚਿੱਟਾ’ ਲੈ ਆ।’ ਜੀ ਹਾਂ, ਇਹ ਸ਼ਬਦ ਹਕੀਕਤ ਵਿਚ ਇਕ ਮਜਬੂਰ ਮਾਂ ਨਸ਼ੇ ਦੀ ਤੋਡ਼ ਨਾਲ ਤਡ਼ਫ ਰਹੇ ਗੱਭਰੂ ਪੁੱਤ ਨੂੰ ਆਖਦੀ ਹੈ। ਇਥੇ ਹੀ ਬਸ ਨਹੀਂ, 10 ਸਾਲ ਪਹਿਲਾਂ ਪਿੰਡ ਦੇ ਅਮੀਰ ਧਨਾਢ ਪਰਿਵਾਰ ਦੇ ਇਕਲੌਤੇ ਪੁੱਤ ਨੂੰ ਲੱਗੀ ਨਸ਼ੇ ਦੀ ਲਤ ਨੇ ਕਰੋਡ਼ ਰੁਪਏ ਦੀ ਜ਼ਮੀਨ, ਜਾਇਦਾਦ, ਟਰੈਕਟਰ, ਟਰਾਲੀਆਂ, ਬੁਲਟ, ਐਕਟਿਵਾ ਅਤੇ ਅਖ਼ੀਰ ਘਰ ਦੇ ਗੇਟ ਤਕ ਪੁੱਟ ਕੇ ਵੇਚ ਦਿੱਤੇ ਅਤੇ ਹੁਣ ਵੀ ਇਹ ਮਜਬੂਰ ਮਾਂ ਆਪਣੀਆਂ ਅੱਖਾਂ ਸਾਹਮਣੇ ਨਸ਼ੇ ਨਾਲ ਪੁੱਤ ਨਾ ਤਡ਼ਫੇ, ਉਸ ਲਈ ਰੋਜ਼ਾਨਾ ‘ਚਿੱਟਾ’ ਲੈ ਕੇ ਆਉਣ ਲਈ 600 ਰੁਪਏ ਦਾ ਜੁਗਾਡ਼ ਕਰਦੀ ਹੈ। ਇਹ ਸੱਚੀ ਦਰਦ ਭਰੀ ਕਹਾਣੀ ਚਾਹੇ ਅੱਜ ਘਰ-ਘਰ ਵਿਚ ਹੈ ਪਰ ਸਮਾਜ ਅੱਗੇ ਲਾਜ-ਸ਼ਰਮ ਦੇ ਡਰੋਂ ਕੋਈ ਬਿਆਨ ਨਹੀਂ ਕਰਦਾ। ਇਸ ਹਕੀਕਤ ਨੂੰ ਜਗਰਾਓਂ ਦੇ ਪਿੰਡ ਗਗਡ਼ਾ ਦੀ ਮਜਬੂਰ ਮਾਂ ਨੇ ਮੀਡੀਆ ਸਾਹਮਣੇ ਇਸ ਲਈ ਰੱਖਿਆ ਤਾਂ ਕਿ ਸਰਕਾਰੇ ਦਰਬਾਰੇ ਕੋਈ ਉਸ ਦੀ ਫਰਿਆਦ ਸੁਣੇ ਅਤੇ ਉਸ ਦੇ ਪੁੱਤ ਨੂੰ ਬਚਾਅ ਲਵੇ।
ਪਿੰਡ ਗਗਡ਼ਾ ਦੀ ਹਰਵਿੰਦਰ ਕੌਰ ਨੇ ਧਾਹਾਂ ਮਾਰਦਿਆਂ ਰੋਂਦਿਆਂ ਪਿੰਡ ਦੇ ਇਕੱਠ ਵਿਚ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਰਹਿੰਦਾ ਸੀ। ਉਨ੍ਹਾਂ ਦਾ ਇਕਲੌਤਾ ਪੁੱਤ ਹੈ ਜਿਸ ਨੂੰ ਪੂਰੇ ਪਰਿਵਾਰ ਨੇ ਲਾਡਾਂ ਨਾਲ ਪਾਲਿਆ ਪਰ ਉਨ੍ਹਾਂ ਦੇ ਲਾਡ ਪਿਆਰ ਦੇ ਚੱਲਦਿਆਂ ਪੁੱਤ ਨੇ ਨਸ਼ੇ ਦਾ ਰਾਹ ਫਡ਼ ਲਿਆ। ਇੱਕ ਪਾਸੇ ਪੁੱਤ ਨਸ਼ੇ ਵਿਚ ਲੱਗ ਗਿਆ, ਦੂਜੇ ਪਾਸੇ ਉਸ ਦੇ ਪਤੀ ਦਾ ਦੇਹਾਂਤ ਹੋ ਗਿਆ। ਬਸ ਫਿਰ ਕੀ ਸੀ, ਪੁੱਤ ਨੇ ਵਿਸਵਾ-ਵਿਸਵਾ ਕਰਕੇ ਬੇਸ਼ਕੀਮਤੀ ਢਾਈ ਏਕਡ਼ ਜ਼ਮੀਨ ਵੇਚ ਦਿੱਤੀ। ਖੇਤੀ ਸੰਦਾਂ ਸਮੇਤ ਟਰੈਕਟਰ, ਵੱਡੀ ਟਰਾਲੀ, ਬੁਲਟ ਮੋਟਰਸਾਈਕਲ, ਸਕੂਟਰੀ ਸਮੇਤ ਸਾਰੇ ਸਾਧਨ ਵੇਚੇ ਪਰ ਫਿਰ ਵੀ ਉਸ ਦੇ ਨਸ਼ੇ ਦਾ ਕੋਟਾ ਪੂਰਾ ਨਾ ਹੋਇਆ। ਜਦੋਂ ਜ਼ਮੀਨ ਅਤੇ ਮਸ਼ੀਨਰੀ ਨਾ ਬਚੀ ਤਾਂ ਨਸ਼ਈ ਪੁੱਤ ਨੇ ਕੋਠੀ ਵਿਚ ਲੱਗਿਆ ਏਸੀ, ਫਰਿੱਜ, ਇਨਵਰਟਰ, ਅਲਮਾਰੀ, ਪੇਟੀ, ਇਥੋਂ ਤਕ ਕਿ ਬੈੱਡ ਵੀ ਵੇਚ ਦਿੱਤੇ। ਫਿਰ ਵੀ ਉਹ ਪੁੱਤ ਨੂੰ ਮਰਦਾ ਨਹੀਂ ਦੇਖ ਸਕੇ ਅਤੇ ਮੰਜਿਆਂ ’ਤੇ ਰਾਤਾਂ ਗੁਜ਼ਾਰਨ ਲੱਗੇ। ਅਖੀਰ ਮੰਜੇ ਵੀ ਵੇਚ ਦਿੱਤੇ। ਉਹ ਜ਼ਮੀਨ ’ਤੇ ਸੌਣ ਲੱਗੇ। ਹੁਣ ਆਖਰੀ ਦਾਅ ਖੇਡਦਿਆਂ ਪੁੱਤ ਨੇ ਘਰ ਦਾ ਗੇਟ ਵੀ ਵੇਚ ਦਿੱਤਾ ਪਰ ‘ਚਿੱਟੇ’ ਨੇ ਫਿਰ ਵੀ ਪੁੱਤ ਦਾ ਖਹਿਡ਼ਾ ਨਾ ਛੱਡਿਆ ਤਾਂ ਹੁਣ ਜਦੋਂ ਨਸ਼ੇ ਨਾਲ ਪੁੱਤ ਤਡ਼ਫਦਾ ਹੈ ਤਾਂ ਉਹ ਖੁਦ ਹੀ ਕਹਿ ਦਿੰਦੀ ਹੈ, ‘ਜਾ ਪੁੱਤ ਤਡ਼ਫ਼ ਨਾ ਜੋ ਕੁਝ ਵੇਚਣਾ, ਵੇਚ, ‘ਚਿੱਟਾ’ ਲੈ ਆ ਤੇ ਟਿਕ ਜਾ’। ਮਰਦੀ ਕੀ ਨਾ ਕਰਦੀ, ਪੁੱਤ ਨੂੰ ਤਡ਼ਫ਼ਦਾ ਵੀ ਤਾਂ ਨਹੀਂ ਦੇਖ ਸਕਦੀ। ਤੁਰ ਪੈਂਦੀ ਆਂ ਘਰੋਂ ਬਾਹਰ ਮੰਗਤਿਆਂ ਵਾਂਗ ਪਿੰਡ ਦੇ ਰਿਸ਼ਤੇਦਾਰਾਂ, ਆਂਢੀ-ਗੁਆਂਢੀਆਂ ਤੋਂ 600 ਰੁਪਏ ਇਕੱਠਾ ਕਰਨ ਲਈ ਤਾਂ ਕਿ ਅੱਜ ਦਾ ਉਸ ਦੇ ਪੁੱਤ ਲਈ ‘ਚਿੱਟੇ’ ਦਾ ਜੁਗਾਡ਼ ਹੋ ਸਕੇ। ਸਾਰਾ ਪਿੰਡ ਇਸ ਪਰਿਵਾਰ ਦੇ ਉਜਾੜੇ ਦਾ ਗਵਾਹ ਹੈ ਤੇ ਸਰਕਾਰੀ ਸਿਸਟਮ ਹੈ ਕਿ ਹਾਲੇ ਵੀ ਆਖਦਾ ਹੈ, ਦੋਸ਼ ਨਾ ਲਾਓ, ਸਾਥ ਦਿਓ, ਕਾਰਵਾਈ ਕਰਾਂਗੇ।

Comment here