ਮਾਨਸਾ-ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਗੁਨਾਹਗਾਰ ਦੀਪਕ ਟੀਨੂੰ ਸ਼ਨੀਵਾਰ ਦੀ ਰਾਤ ਮਾਨਸਾ ਪੁਲਸ ਦੀ ਕਸਟਡੀ ’ਚੋਂ ਫਰਾਰ ਹੋ ਗਿਆ। ਮਾਨਸਾ ਪੁਲਸ ਦੀਪਕ ਨੂੰ ਕਪੂਰਥਲਾ ਜੇਲ੍ਹ ’ਚੋਂ ਮਾਨਸਾ ਲਿਜਾ ਰਹੀ ਸੀ, ਜਿੱਥੇ ਉਸ ਕੋਲੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਸੀ। ਮਿਲੀ ਜਾਣਕਾਰੀ ਮੁਤਾਬਕ ਸੀ.ਆਈ.ਏ. ਸਟਾਫ਼ ਇੰਚਾਰਜ ਆਪਣੀ ਪ੍ਰਾਈਵੇਟ ਗੱਡੀ ’ਚ ਗੈਂਗਸਟਰ ਦੀਪਕ ਟੀਨੂੰ ਨੂੰ ਕਪੂਰਥਲਾ ਤੋਂ ਮਾਨਸਾ ਲੈ ਕੇ ਜਾ ਰਹੀ ਸੀ। ਇਸ ਦੌਰਾਨ ਟੀਨੂੰ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਦੀਪਕ ਟੀਨੂੰ ਨੂੰ ਕਪੂਰਥਲਾ ਪੁਲਸ ਗੋਇੰਦਾਲ ਸਾਹਿਬ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ। ਟੀਨੂੰ ’ਤੇ ਕਤਲ, ਫਿਰੌਤੀ, ਰੰਗਧਾਰੀ ਸਮੇਤ ਕਈ ਮਾਮਲੇ ਦਰਜ ਹਨ। ਟੀਨੂੰ ’ਤੇ ਲੱਖਾਂ ਦਾ ਇਨਾਮ ਵੀ ਰੱਖਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੋ ਦਿਨ ਪਹਿਲਾਂ 27 ਮਈ ਨੂੰ ਦੀਪਕ ਟੀਨੂੰ ਗਾਇਕ ਨੂੰ ਇਕ ਕਾਨਫ਼ਰੰਸ ’ਚ ਮਿਲਿਆ ਸੀ। ਉਥੇ ਹੀ 27 ਮਈ ਨੂੰ ਹੀ ਦੀਪਕ ਨੇ ਫੋਨ ’ਤੇ ਲਾਰੈਂਸ ਨਾਲ ਗੱਲਬਾਤ ਵੀ ਕੀਤੀ ਸੀ। ਦੋ ਦਿਨ ਬਾਅਦ ਯਾਨੀ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਇਸ ਮਾਮਲੇ ਚ ਸੀ ਆਈ ਏ ਦੇ ਇੰਚਾਰਜ ਨੂੰ ਸਸਪੈਂਡ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ, ਹੋਰ ਜਾਂਚ ਜਾਰੀ ਹੈ, ਪਰ ਪੁਲਸ ਦੀ ਕਸਟਡੀ ’ਚੋਂ ਫਰਾਰ ਹੋਇਆ ਗੈਂਗਸਟਰ ਦੀਪਕ ਟੀਨੂੰ ਨੂੰ ਲੈ ਕੇ ਸਿਆਸਤ ਭੱਖਣੀ ਸ਼ੁਰੂ ਹੋ ਗਈ ਹੈ। ਵਿਰੋਧੀ ਧਿਰਾਂ ਨੇ ‘ਆਪ’ ਸਰਕਾਰ ’ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸੀ ਆਗੂ ਪਰਗਟ ਸਿੰਘ ਨੇ ਦੀਪਕ ਟੀਨੂੰ ਦੇ ਫਰਾਰ ਹੋਣ ਨੂੰ ਲੈ ਕੇ ਆਮ ਆਦਮੀ ਪਾਰਟੀ ’ਤੇ ਸਵਾਲ ਚੁੱਕੇ ਹਨ। ਟਵੀਟ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਮਾਨਸਾ ਪੁਲਸ ਦੀ ਕਸਟਡੀ ’ਚੋਂ ਗੈਂਗਸਟਰ ਦੀਪਕ ਟੀਨੂੰ ਦਾ ਫਰਾਰ ਹੋਣਾ ਪੰਜਾਬ ਪੁਲਸ ਅਤੇ ‘ਆਪ’ ਸਰਕਾਰ ਦੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੇਫਿਕਰ ਹੋ ਕੇ ਗੁਜਰਾਤ ’ਚ ਗਰਬਾ ਖੇਡਣ ’ਚ ਰੁੱਝੇ ਹੋਏ ਹਨ।
Comment here