ਸਿਆਸਤਖਬਰਾਂ

ਪੀ ਐੱਮ ਮੋਦੀ ਨੇ ਕਾਰਗਿਲ ਚ ਜਵਾਨਾਂ ਨਾਲ ਮਨਾਈ ਦੀਵਾਲੀ

ਨਵੀਂ ਦਿਲੀ- ਭਾਰਤ ਵਾਸੀ ਅੱਜ ਬੰਦੀ ਛੋੜ ਤੇ ਦੀਵਾਲੀ ਮਨਾ ਰਹੇ ਹਨ। ਪ੍ਰਧਾਨ  ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਤਿਉਹਾਰ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਲੈ ਕੇ ਆਵੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਸਭ ਨੂੰ ਦੀਵਾਲੀ ਦੀ ਮੁਬਾਰਕ,ਦੀਵਾਲੀ ਖੁਸ਼ੀ ਅਤੇ ਚਮਕ ਨਾਲ ਜੁੜਿਆ ਤਿਉਹਾਰ  ਹੈ। ਇਹ ਪਵਿੱਤਰ ਤਿਉਹਾਰ ਸਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਖੁਸ਼ਹਾਲੀ ਦੀ ਭਾਵਨਾ ਨੂੰ ਅੱਗੇ ਲੈ ਕੇ ਆਵੇ। ਮੈਂ ਉਮੀਦ ਕਰਦਾ ਹਾਂ ਕਿ ਪਰਿਵਾਰ ਅਤੇ ਦੋਸਤਾਂ ਨਾਲ ਤੁਹਾਡੀ ਦੀਵਾਲੀ ਬਹੁਤ ਵਧੀਆ ਹੋਵੇਗੀ।

ਕੇਂਦਰੀ ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਨੇ ਦਿੱਤੀਆਂ ਦੀਵਾਲੀ ਦੀਆਂ ਵਧਾਈਆਂ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਅਮਿਤ ਸ਼ਾਹ ਨੇ ਟਵੀਟ ਕਰ ਕੇ ਲਿਿਖਆਂ ਕਿ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਰੋਸ਼ਨੀ ਦਾ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਖੁਸ਼ਹਾਲੀ, ਸਿਹਤ ਅਤੇ ਖੁਸ਼ਹਾਲੀ ਲੈ ਕੇ ਆਵੇ।ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰ ਕੇ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਟਵੀਟ ਕਰ ਕੇ ਕਿਹਾ ਕਿ ‘ਦੀਵਾਲੀ ਦੇ ਪਵਿੱਤਰ ਤਿਉਹਾਰ ‘ਤੇ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ! ਇਹ ਪਵਿੱਤਰ ਤਿਉਹਾਰ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ, ਖੁਸ਼ਹਾਲੀ ਅਤੇ ਸਿਹਤ ਲੈ ਕੇ ਆਵੇ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਤੀ ਦੀਵਾਲੀ ਦੀ ਵਧਾਈ

ਇਸ ਦੇ ਨਾਲ ਹੀ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਰਾਸ਼ਟਰਪਤੀ ਦ੍ਰੌਪਦੀ ਮੁਰਮੁਰ ਨੇ ਟਵੀਟ ਕਰ ਕੇ ਕਿਹਾ, ‘ਰੌਸ਼ਨੀ ਅਤੇ ਖੁਸ਼ੀ ਦੇ ਇਸ ਪਵਿੱਤਰ ਤਿਉਹਾਰ ‘ਤੇ, ਆਓ ਅਸੀਂ ਗਿਆਨ ਅਤੇ ਊਰਜਾ ਦੇ ਦੀਵੇ ਜਗਾ ਕੇ ਲੋੜਵੰਦ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਉਣ ਦਾ ਯਤਨ ਕਰੀਏ।

ਪੀ ਐਮ ਨੇ ਕਾਰਗਿਲ ਚ ਜਵਾਨਾਂ ਨਾਲ ਮਨਾਈ ਦੀਵਾਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਵਾਰ ਵਾਂਗ ਇਸ ਵਾਰ ਵੀ ਜਵਾਨਾਂ ਨਾਲ ਦੀਵਾਲੀ ਮਨਾਉਣ ਕਾਰਗਿਲ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਜਵਾਨਾਂ ਨੂੰ ਸੰਬੋਧਿਤ ਕੀਤਾ, ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਾਰਗਿਲ ’ਚ ਹਥਿਆਰਬੰਦ ਦਸਤਿਆਂ ਦੇ ਮੈਂਬਰਾਂ ਨਾਲ ‘ਵੰਦੇ ਮਾਤਰਮ’ ਵੀ ਗਾਇਆ। ਇਸ ਦਰਮਿਆਨ ਫ਼ੌਜੀਆਂ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਤਾੜੀਆਂ ਵਜਾਉਂਦੇ ਹੋਏ ਨਜ਼ਰ ਆਏ।  ਦੇਸ਼ ਦੇ ਫ਼ੌਜੀ ਜਵਾਨ ਸੰਗੀਤ ਯੰਤਰ ਨਾਲ ਵੰਦੇ ਮਾਤਰਮ ਗਾਉਂਦੇ ਹੋਏ ਅਤੇ ਝੂਮਦੇ ਹੋਏ ਨਜ਼ਰ ਆਏ। ਦੀਵਾਲੀ ਮੌਕੇ ਪ੍ਰਧਾਨ ਮੰਤਰੀ ਦੇ ਸ਼ਾਮਲ ਹੋਣ ’ਤੇ ਹਥਿਆਰਬੰਦ ਦਸਤਿਆਂ ਦੇ ਮੈਂਬਰਾਂ ਵਲੋਂ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ ਗਏ। ਪ੍ਰਧਾਨ ਮੰਤਰੀ ਨੇ ਹਥਿਆਰਬੰਦ ਦਸਤਿਆਂ ਨਾਲ ਵੰਦੇ ਮਾਤਰਮ ਵੀ ਗਾਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਹੱਥਾਂ ਨਾਲ ਜਵਾਨਾਂ ਨੂੰ ਮਠਿਆਈ ਖੁਆਈ। ਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਕਦੇ ਵੀ ਯੁੱਧ ਨੂੰ ਪਹਿਲੇ ਬਦਲ ਦੇ ਰੂਪ ਵਿਚ ਨਹੀਂ ਦੇਖਿਆ। ਭਾਵੇਂ ਇਹ ਲੰਕਾ ਦੀ ਜੰਗ ਹੋਵੇ ਜਾਂ ਕੁਰੂਕਸ਼ੇਤਰ ਦੀ। ਅਸੀਂ ਇਸ ਨੂੰ ਮੁਲਤਵੀ ਕਰਨ ਲਈ ਆਪਣੀ ਆਖਰੀ ਕੋਸ਼ਿਸ਼ ਕੀਤੀ। ਅਸੀਂ ਜੰਗ ਦੇ ਵਿਰੁੱਧ ਹਾਂ ਪਰ ਤਾਕਤ ਤੋਂ ਬਿਨਾਂ ਸ਼ਾਂਤੀ ਨਹੀਂ ਹੋ ਸਕਦੀ। ਜੇਕਰ ਕੋਈ ਸਾਡੇ ਵੱਲ ਬੁਰੀ ਨਜ਼ਰ ਨਾਲ ਦੇਖਣ ਦੀ ਹਿੰਮਤ ਕਰਦਾ ਹੈ ਤਾਂ ਸਾਡੀਆਂ ਹਥਿਆਰਬੰਦ ਸੈਨਾਵਾਂ ਮੂੰਹਤੋੜ ਜਵਾਬ ਦੇਣਗੀਆਂ।

ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤੀ ਵਧਾਈ

ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਮੋਹਾਲੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਨੇ ਗੁਰਦੁਆਰਾ ਅੰਬ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਵਾਪਸੀ ਤੇ ਗੱਡੀ ਰੋਕ ਕੇ ਸੜਕ ਕਿਨਾਰੇ ਮਿੱਟੀ ਦੇ ਦੀਵੇ ਵੇਚਣ ਵਾਲੇ ਕਾਰੀਗਰਾਂ ਤੋਂ ਮਿੱਟੀ ਦੇ ਦੀਵੇ ਖਰੀਦੇ ਅਤੇ ਉਥੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਮਿੱਟੀ ਦੇ ਦੀਵੇ ਖਰੀਦ ਰਹੇ ਹਨ। ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਨੇ ਮਿੱਟੀ ਦੇ ਦੀਵੇ ਵੇਚਣ ਵੱਲੇ ਕਾਰੀਗਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲਚਾਲ ਵੀ ਜਾਣਿਆ।ਤੁਹਾਨੂੰ ਦਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਇਸ ਵਾਰ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ ਦੀ ਥਾਂ ਗ੍ਰੀਨ ਦੀਵਾਲੀ ਮਨਾਉਣ ਅਤੇ ਆਪਣੇ ਘਰਾਂ ਵਿੱਚ ਚਾਈਨੀਜ਼ ਲਾਈਟਾਂ ਦੀ ਥਾਂ ਮਿੱਟੀ ਦੇ ਦੀਵੇ ਜਗਾਉਣ । ਤਾਂ ਜੋ ਗਰੀਬ ਲੋਕਾਂ ਜੋ ਮਿੱਟੀ ਦੇ ਦੀਵੇ ਬਣਾਉਂਦੇ ਹਨ ਉਨ੍ਹਾਂ ਦੇ ਦੀਵੇ ਵਿੱਕ ਸਕਣ ਅਤੇ ਉਹ ਵੀ ਵਧੀਆ ਦੀਵਾਲੀ ਮਨਾ ਸਕਣ । ਇੰਨਾ ਹੀ ਨਹੀਂ ਇਨ੍ਹਾਂ ਦੇ ਨਾਲ ਵਾਤਾਵਰਣ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ।

ਦੀਵਾਲੀ ਮੌਕੇ ਰੁੱਖ ਲਾਓ ਸੰਤ ਸੀਚੇਵਾਲ
ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੇਸ਼ ਵਿਦੇਸ਼ ’ਚ ਵਸਦੀ ਗੁਰੂ ਪਿਆਰੀ ਸੰਗਤ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਵਧਾਈਆਂ ਦਿੰਦਿਆਂ ਕਿਹਾ ਕਿ ਖੁਸ਼ੀਆਂ ਦੇ ਇਨ੍ਹਾਂ ਤਿਉਹਾਰਾਂ ’ਚ ਅਜੋਕੇ ਸਮੇਂ ਦੌਰਾਨ ਪਈ ਨਵੀਂ ਪਿਰਤ ਕਰੋੜਾਂ ਰੁਪਏ ਖਰਚ ਕੇ ਪਟਾਕੇ ਚਲਾਉਣ ਨੇ ਕੁਦਰਤ ਦਾ ਬਹੁਤ ਵਿਨਾਸ਼ ਕੀਤਾ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਖਰਚਣ ਦੀ ਬਜਾਏ ਅਸੀਂ ਇਕ ਰੁੱਖ ਲਗਾਈਏ ਤੇ ਉਨ੍ਹਾਂ ਰੁਪਇਆਂ ਨੂੰ ਲੋੜਵੰਦਾਂ ਨੂੰ ਦੇ ਕੇ ਸਰਬੱਤ ਦੇ ਭਲੇ ਦਾ ਕਾਰਜ ਕਰ ਕੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਇਨ੍ਹਾਂ ਪੈਸਿਆਂ ਦਾ ਵੱਧ ਲਾਹਾ ਲਿਆ ਜਾ ਸਕਦਾ ਹੈ। ਕਿਹਾ ਕਿ ਦੁਨੀਆ ਵਿਚ ਇਕ ਅਹਿਮ ਮੁੱਦੇ ਵਜੋਂ ਉੱਭਰ ਰਹੇ ਜਲਵਾਯੂ ਪਰਿਵਰਤਨ ਦੇ ਮੁੱਦੇ ’ਚ ਜੇਕਰ ਕਿਸੇ ਦਾ ਸਭ ਤੋਂ ਵੱਡਾ ਸਹਿਯੋਗ ਹੈ ਤਾਂ ਉਹ ਪ੍ਰਦੂਸ਼ਣ ਦਾ ਹੀ ਹੈ। ਜਿਹੜੇ ਤਿਉਹਾਰ ਨੂੰ ਅਸੀਂ ਖੁਸ਼ੀਆਂ ਅਤੇ ਰੌਸ਼ਨੀਆਂ ਦਾ ਤਿਉਹਾਰ ਸਮਝਦੇ ਸੀ, ਅਜੋਕੇ ਸਮਾਜ ’ਚ ਉਹ ਤਿਉਹਾਰ ਸਿਰਫ ਪਟਾਕਿਆਂ ਅਤੇ ਸ਼ੋਰ-ਸ਼ਰਾਬੇ ਤੱਕ ਹੀ ਸੀਮਤ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਵਾਪਿਸ ਅੰਮ੍ਰਿਤਸਰ ਆਏ ਸਨ, ਉਸ ਦੀ ਖੁਸ਼ੀ ਵਿਚ ਲੋਕਾਂ ਵੱਲੋਂ ਦੀਪਮਾਲਾ ਕੀਤੀ ਗਈ ਸੀ। ਸਿੱਖ ਧਰਮ ਵਿਚ ਇਸ ਤਿਉਹਾਰ ਨੂੰ ਬੰਦੀ ਛੋੜ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਇਸੇ ਦਿਨ ਭਗਵਾਨ ਸ਼੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਵਾਪਸ ਅਯੁੱਧਿਆ ਆਏ, ਉਨ੍ਹਾਂ ਦੇ ਵਾਪਿਸ ਆਉਣ ਦੀ ਖੁਸ਼ੀ ਵਿਚ ਵੀ ਅਯੁੱਧਿਆ ਵਾਸੀਆਂ ਨੇ ਦੀਪਮਾਲਾ ਕੀਤੀ ਸੀ। ਇਨ੍ਹਾਂ ਤੋਂ ਸੇਧ ਲੈਂਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਸਾਡੇ ਵੱਲੋਂ ਕੀਤੀਆਂ ਗ਼ਲਤੀਆਂ ਦਾ ਸੁਧਾਰ ਕਰਦਿਆਂ ਸਾਨੂੰ ਇਹ ਤਿਉਹਾਰ ਖੁਸ਼ੀਆਂ ਤੇ ਰੌਸ਼ਨੀਆਂ ਦੇ ਤਿਉਹਾਰ ਵਜੋਂ ਮਨਾਉਣੀ ਚਾਹੀਦੀ ਹੈ। ਸੰਗਤਾਂ ਨੂੰ ਅਪੀਲ ਕਿ ਉਹ ਇਸ ਵਾਰ ਹਰੀ ਦੀਵਾਲੀ ਮਨਾਉਣ ਤੇ ਇਕ ਪ੍ਰਦੂਸ਼ਣ ਰਹਿਤ ਸਮਾਜ ਬਣਾਉਣ, ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਗੁਰੂ ਨਾਨਕ ਦੇਵ ਜੀ ਵੱਲੋਂ ਦੇ ਦਿੱਤੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਕੁਦਰਤ ਨਾਲ ਸਾਂਝ ਪਾਉਣ।

ਪੰਜਾਬ ਦੇ ਮੰਤਰੀਆਂ ਤੇ ਹੋਰ ਸਿਆਸਤਦਾਨਾਂ ਨੇ ਵੀ ਦਿੱਤੀ ਵਧਾਈ

ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ, ਸ਼ਹਿਰੀ ਵਿਕਾਸ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਸੂਬਾ ਵਾਸੀਆਂ ਅਤੇ ਪੱਤਰਕਾਰ ਭਾਈਚਾਰੇ ਨੂੰ ਰੌਸ਼ਨੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ। ਲੋਕਾਂ ਨੂੰ ਜਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉਪਰ ਉੱਠ ਕੇ ਇਸ ਤਿਉਹਾਰ ਨੂੰ ਰਵਾਇਤੀ ਢੰਗ ਅਤੇ ਧੂਮਧਾਮ ਨਾਲ ਮਨਾਉਣ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ, “ਰੱਬ ਕਰੇ, ਇਹ ਦੀਵਾਲੀ ਅਤੇ ਬੰਦੀ ਛੋੜ ਦਿਵਸ ਲੋਕਾਂ ਦੇ ਜੀਵਨ ਨੂੰ ਖ਼ੁਸ਼ੀਆਂ ਅਤੇ ਖੇੜਿਆਂ ਨਾਲ ਭਰ ਦੇਵੇ ਅਤੇ ਸਾਰਿਆਂ ਲਈ ਤੰਦਰੁਸਤੀ ਭਰਿਆ ਅਤੇ ਖੁਸ਼ਹਾਲ ਭਵਿੱਖ ਲੈ ਕੇ ਆਵੇ।“ਆਪਣੇ ਸੁਨੇਹੇ ਵਿੱਚ ਉਨਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਹ ਪਵਿੱਤਰ ਦਿਹਾੜਾ ਸ਼ਾਂਤੀ ਅਤੇ ਖ਼ੁਸ਼ਹਾਲੀ ਦੇ ਨਾਲ-ਨਾਲ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜਬੂਤੀ ਬਖਸੇ ਤਾਂ ਜੋ ਰੰਗਲੇ ਪੰਜਾਬ ਦੀ ਸਿਰਜਣਾ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਲੋਕਾਂ ਨੂੰ ਇਸ ਪਵਿੱਤਰ ਤਿਉਹਾਰ ਨੂੰ ਜ਼ਿੰਮੇਵਾਰੀ ਨਾਲ ਮਨਾਉਣ ਲਈ ਪ੍ਰੇਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਪਟਾਕੇ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਆਓ, ਇਸ ਵਾਰ ਸਾਫ਼-ਸੁਥਰੀ, ਗਰੀਨ ਅਤੇ ਸੁਰੱਖਿਅਤ ਦੀਵਾਲੀ ਮਨਾਈਏ।

ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦੁਨੀਆ ਭਰ ਵਿਚ ਰਹਿੰਦੇ ਸਾਰੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਆਪਣੇ ਸੰਦੇਸ਼ ਵਿਚ ਕਿਹਾ ਕਿ ਇਹ ਤਿਉਹਾਰ ਝੂਠ ’ਤੇ ਸੱਚ, ਅਧਰਮ ’ਤੇ ਧਰਮ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਦੀਆਂ ਕਦਰਾਂ ਕੀਮਤਾਂ ਅਤੇ ਵਿਚਾਰਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਵਾਤਾਵਰਣ ਨੂੰ ਸੁਰੱਖਿਅਤ ਬਣਾਉਣ ਲਈ ਸਭਨਾਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਪਹਿਲ ਕਰਨੀ ਚਾਹੀਦੀ ਹੈ। ਕਿਉਂਕਿ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੈ ਅਤੇ ਇਹ ਸਾਨੂੰ ਸਭਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਜਿੰਪਾ ਨੇ ਸਾਰੇ ਦੇਸ਼ ਵਾਸੀਆਂ ਖਾਸ ਤੌਰ ’ਤੇ ਸਿੱਖਾਂ ਨੂੰ ਇਤਿਹਾਸਕ ‘ਬੰਦੀ ਛੋੜ ਦਿਵਸ’ ਮੌਕੇ ਵੀ ਵਧਾਈ ਦਿੱਤੀ ਹੈ। ਇਸ ਦਿਨ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਨੇ ਸਾਲ 1612 ਨੂੰ ਦੀਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲੇ ਤੋਂ 52 ਹਿੰਦੂ ਰਾਜਿਆਂ ਦੀ ਰਿਹਾਈ ਕਰਵਾਈ ਸੀ। ਉਨ੍ਹਾਂ ਨੇ ਸੂਬੇ ਦੇ ਲੋਕਾਂ ਦੀ ਭਲਾਈ ਤੇ ਚੰਗੀ ਸਿਹਤ ਲਈ ਅਰਦਾਸ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਇਹ ਤਿਉਹਾਰ ਫਿਰਕੂ ਸਦਭਾਵਨਾ, ਭਾਈਚਾਰਕ ਸਾਂਝ, ਸ਼ਾਂਤੀ ਅਤੇ ਧਰਮ ਨਿਰਪੱਖਤਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰੇਗਾ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ’ਤੇ ਇਸ ਪੋਸਟ ਸਾਂਝੀ ਕਰਦੇ ਹੋਏ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ, ‘‘ਛੇਵੇਂ ਪਾਤਸ਼ਾਹ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਯਾਦਗਾਰੀ ਦਿਹਾੜੇ ਬੰਦੀ ਛੋੜ ਦਿਵਸ ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। ਆਓ, ਇਸ ਬੰਦੀ ਛੋੜ ਦਿਹਾੜੇ ਮੌਕੇ ਆਪਸੀ ਪਿਆਰ ਤੇ ਮਿਲਵਰਤਨ ਨਾਲ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਮਿਲ ਕੇ ਕਾਰਜਸ਼ੀਲ ਹੋਈਏ। ਹਰਸਿਮਰਤ ਕੌਰ ਬਾਦਲ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ, ‘‘ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਯਾਦਗਾਰੀ ਦਿਹਾੜੇ, ਬੰਦੀ ਛੋੜ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਵਧਾਈਆਂ। ਆਓ ‘ਬੰਦੀ ਛੋੜ ਦਾਤਾਰ’ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ‘ਚ ‘ਸਰਬੱਤ ਦੇ ਭਲੇ’ ਅਤੇ ਸਮੂਹ ਸੰਗਤ ਦੀ ਖੁਸ਼ਹਾਲੀ ਤੇ ਤੰਦਰੁਸਤੀ ਦੀ ਅਰਦਾਸ ਕਰੀਏ।

Comment here