ਕਿਹਾ-ਸਾਨੂੰ ਸੱਤਾ ਦੀ ਭੁੱਖ ਨਹੀਂ, ਸਗੋਂ ਦੀਨ ਦੁਖੀਆਂ ਦੀ ਸੇਵਾ ਦਾ ਮੌਕਾ ਮਿਲਦਾ ਰਹੇ
ਭਗਵੰਤ ਮਾਨ, ਸੁਖਬੀਰ ਸਿੰਘ ਬਾਦਲ ਵਲੋਂ ਪੀਐੱਮ ਦਾ ਧੰਨਵਾਦ
ਚੰਡੀਗੜ੍ਹ-ਪੰਜਾਬ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਲਾਂਪੁਰ ਗਰੀਬਦਾਸ ‘ਚ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਉਨ੍ਹਾਂ ਦੀ ਕੈਬਨਿਟ ਮੌਜੂਦ ਰਹੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਇਸ ਸਮਾਗਮ ‘ਚ ਮੌਜੂਦ ਹਨ। ਇਹ ਹਸਪਤਾਲ 600 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ, ਜਿਸ ਦਾ ਫ਼ਾਇਦਾ ਪੰਜਾਬ ਸਮੇਤ ਨਾਲ ਲੱਗਦੇ ਸੂਬਿਆਂ ਨੂੰ ਵੀ ਮਿਲੇਗਾ। ਪ੍ਰਧਾਨ ਮੰਤਰੀ ਨੇ ਇਥੇ ਕਿਹਾ ਕਿ ਪੰਜਾਬ ਆਜ਼ਾਦੀ ਘੁਲਾਟੀਆਂ ਅਤੇ ਕ੍ਰਾਂਤੀਵੀਰਾਂ ਦੀ ਪਵਿੱਤਰ ਧਰਤੀ ਹੈ। ਹਰ ਘਰ ਤਿਰੰਗਾ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੰਜਾਬ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਦੇ ਤੌਰ ‘ਤੇ ਦੇਸ਼ ਨੂੰ ਵੀ ਇਕ ਆਧੁਨਿਕ ਹਸਪਤਾਲ ਮਿਲਿਆ ਹੈ। ਇਸ ਆਧੁਨਿਕ ਸਹੂਲਤ ਦੇ ਨਿਰਮਾਣ ‘ਚ ਕੇਂਦਰ ਸਰਕਾਰ ਦੇ ਟਾਟਾ ਮੈਮੋਰੀਅਲ ਸੈਂਟਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ‘ਚ 22 ਕਰੋੜ ਲੋਕਾਂ ਦੀ ਕੈਂਸਰ ਨਾਲ ਜੁੜੀ ਸਕਰੀਨਿੰਗ ਕੀਤੀ ਗਈ। ਇਕੱਲੇ ਪੰਜਾਬ ‘ਚ ਕੈਂਸਰ ਦੇ 60 ਲੱਖ ਮਰੀਜ਼ਾਂ ਦੀ ਸਕਰੀਨਿੰਗ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਂਸਰ ਤੋਂ ਡਰਨ ਦੀ ਨਹੀਂ, ਸਗੋਂ ਲੜਨ ਦੀ ਲੋੜ ਹੈ। ਪੂਰੇ ਦੇਸ਼ ‘ਚ ਕੈਂਸਰ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਹਸਪਤਾਲ ਦਾ ਨੀਂਹ ਪੱਥਰ 30 ਦਸੰਬਰ 2013 ਨੂੰ ਅਕਾਲੀ ਭਾਜਪਾ ਗਠਜੋੜ ਸਰਕਾਰ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਰੱਖਿਆ ਸੀ। 300 ਬਿਸਤਰਿਆਂ ਵਾਲੇ ਇਸ ਹਸਪਤਾਲ ਤੇ 664 ਕਰੋੜ ਰੁਪਏ ਖਰਚ ਹੋਏ ਹਨ ਅਤੇ ਇਸਦੇ ਨਿਰਮਾਣ ਨੂੰ ਅੱਠ ਸਾਲ ਤੋਂ ਵੱਧ ਸਮਾਂ ਲੱਗਾ ਹੈ ਜਦਕਿ ਇਹ ਪ੍ਰੋਜੈਕਟ 2018 ਵਿਚ ਮੁਕੰਮਲ ਹੋਣਾ ਸੀ।
ਮੁੱਲਾਂਪੁਰ ਵਿਖੇ ਸਥਿਤ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੋਂ ਪਹਿਲਾਂ ਪੰਡਾਲ ‘ਚ ਅਚਾਨਕ ਉਸ ਵੇਲੇ ਖਲਬਲੀ ਮਚ ਗਈ, ਜਦੋਂ ਕੁੱਝ ਲੋਕਾਂ ਨੇ ਅੱਗੇ ਆ ਕੇ ਬੈਠਣ ਲਈ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਬਕਾਇਦਾ ਕਾਰਡ ਭੇਜ ਕੇ ਬੁਲਾਇਆ ਗਿਆ ਹੈ ਪਰ ਉਨ੍ਹਾਂ ਨੂੰ ਬੈਠਣ ਲਈ ਪਿੱਛੇ ਜਗ੍ਹਾ ਦਿੱਤੀ ਗਈ ਹੈ, ਜਦੋਂ ਕਿ ਉਨ੍ਹਾਂ ਕੋਲ ਜੋ ਕਾਰਡ ਹਨ, ਉਨ੍ਹਾਂ ਅਨੁਸਾਰ ਉਹ ਵੀ. ਆਈ. ਪੀ. ਕੈਟਾਗਰੀ ‘ਚ ਆਉਂਦੇ ਹਨ। ਪਰ ਅੱਗੇ ਬੈਰੀਕੇਡਿੰਗ ਕੀਤੀ ਹੋਈ ਸੀ। ਉਹ ਅੱਗੇ ਨਹੀਂ ਜਾ ਸਕੇ। ਗੁੱਸੇ ‘ਚ ਆ ਕੇ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਰੀ ਪੁਲਸ ਬਲ ਨੇਇਥੇ ਲੋਕਾਂ ਨੂੰ ਮਸਾਂ ਹੀ ਸ਼ਾਂਤ ਕੀਤਾ। ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਮੌਕੇ ਸਖਤ ਸਰੁੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲਿਸ ਚੱਪੇ-ਚੱਪੇ ‘ਤੇ ਨਿਗ੍ਹਾ ਰੱਖ ਰਹੀ ਸੀ ਇਸ ਗੱਲ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ ਕਿ ਕੋਈ ਪ੍ਰਧਾਨ ਮੰਤਰੀ ਮੋਦੀ ਨੂੰ ਕਾਲਾ ਕੱਪੜਾ ਵੀ ਨਾ ਵਿਖਾ ਸਕੇ। ਐਂਟਰੀ ਗੇਟ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਕੋਈ ਵੀ ਕਾਲੇ ਕੱਪੜੇ ਪਾ ਕੇ ਅੰਦਰ ਨਾ ਜਾਵੇ। 24 ਚੀਜ਼ਾਂ ਪੰਡਾਲ ਵਿੱਚ ਨਹੀਂ ਜਾਣ ਦਿਤੀਆਂ-ਜਿਹਨਾਂ ਚ ਅਪਮਾਨਜਨਕ ਸ਼ਬਦਾਂ ਜਾਂ ਫੋਟੋਆਂ ਵਾਲੀ ਟੀ-ਸ਼ਰਟ, ਜੈੱਲ ਜਾਂ ਲੇਡੀ ਮੇਕਅਪ ਆਈਟਮ, ਸ਼ੀਸ਼ਾ, ਬੈਨਰ ਜਾਂ ਪੇਪਰ ਪ੍ਰਿੰਟ ਆਉਟ ਕਾਪੀ, ਰਾਸ਼ਟਰੀ ਝੰਡੇ ਤੋਂ ਇਲਾਵਾ ਕੋਈ ਹੋਰ ਝੰਡਾ ਕੋਈ ਪੈੱਨ, ਪੈਨਸਿਲ ਆਦਿ ਸੀ।
ਫਰੀਦਾਬਾਦ ਚ ਵੀ ਹਸਪਤਾਲ ਦਾ ਕੀਤਾ ਉਦਘਾਟਨ
ਪੀ ਐੱਮ ਮੋਦੀ ਨੇ ਹਰਿਆਣਾ ਦੇ ਫਰੀਦਾਬਾਦ ਵਿਖੇ ਏਸ਼ੀਆ ਦੇ ਸਭ ਤੋਂ ਵੱਡੇ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਇਹ ਹਸਪਤਾਲ ਨਵਾਂ ਕੀਰਤੀਮਾਨ ਸਥਾਪਤ ਕਰੇਗਾ ਅਤੇ ਪੂਜਨੀਕ ਅੰਮਾ ਅੰਮ੍ਰਿਤਾ ਜੀ ਦੇ ਅਸ਼ੀਰਵਾਦ ਨਾਲ ਸਥਾਪਤ ਇਹ ਹਸਪਤਾਲ ਹਰਿਆਣਾ, ਦਿੱਲੀ ਐਨਸੀਆਰ, ਨੋਇਡਾ ਆਦਿ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ। ਪੀਐਮ ਮੋਦੀ ਨੇ ਕਿਹਾ ਕਿ ਅੰਮ੍ਰਿਤਾ ਹਸਪਤਾਲ ਦੇ ਰੂਪ ‘ਚ ਫਰੀਦਾਬਾਦ ‘ਚ ਅਰੋਗਿਆ ਦਾ ਵੱਡਾ ਹਸਪਤਾਲ ਸਥਾਪਤ ਹੋਇਆ ਹੈ, ਜੋ ਕਿ ਬਿਲਡਿੰਗ ਦੇ ਹਿਸਾਬ ਨਾਲ, ਤਕਨੀਕ ਨਾਲ, ਜਿੰਨਾ ਆਧੁਨਿਕ ਹੈ, ਸੇਵਾ ਸੰਵੇਦਨਾ ਅਤੇ ਆਧੁਨਿਕ ਚੇਤਨਾ ਨਾਲ ਓਨਾ ਹੀ ਅਲੌਕਿਕ ਹੈ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਆਧੁਨਿਕ, ਸਸਤੇ, ਚੰਗੇ ਅਤੇ ਮਿਆਰੀ ਇਲਾਜ ਦਾ ਮਾਧਿਅਮ ਬਣੇਗਾ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਨੂੰ ਸਿਰਫ਼ ਇਹ ਇੱਛਾ ਹੈ ਕਿ ਸਾਨੂੰ ਦੀਨ ਦੁਖੀਆਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਰਹੇ ਸਿਰਫ਼, ਸਾਨੂੰ ਕਿਸੇ ਰਾਜ ਦੀ ਲੋੜ ਨਹੀਂ। ਅਰੋਗਿਆ ਇੱਕ ਦਾਨ ਹੈ, ਜਿਥੇ ਅਰੋਗਿਆ ਅਤੇ ਅਧਿਆਮਤਕਾ ਦੋਵੇਂ ਇੱਕ ਦੂਜੇ ਨਾਲ ਜੁੜੇ ਹੋਏ ਹਨ। ਇਸ ਹਸਪਤਾਲ ਨਾਲ ਪੰਜਾਬ, ਚੰਡੀਗੜ੍ਹ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਪੀਐਮ ਨੇ ਕਿਹਾ ਕਿ ਪਹਿਲਾਂ ਲੋਕ ਪੀਜੀਆਈ ਵਿੱਚ ਆਉਂਦੇ ਸਨ, ਜਿੱਥੇ ਬਹੁਤ ਭੀੜ ਹੁੰਦੀ ਸੀ। ਬਹੁਤ ਸਾਰੀਆਂ ਸਮੱਸਿਆਵਾਂ ਹਨ। ਹੁਣ ਬਿਲਾਸਪੁਰ ਹਿਮਾਚਲ ਪ੍ਰਦੇਸ਼ ਵਿੱਚ ਏਮਜ਼ ਬਣ ਗਿਆ ਹੈ। ਜੋ ਬਿਲਾਸਪੁਰ ਦੇ ਨੇੜੇ ਹੈ, ਉਹ ਉਥੇ ਜਾਵੇਗਾ, ਜੋ ਮੁਹਾਲੀ ਦੇ ਨੇੜੇ ਹੈ, ਉਹ ਇੱਥੇ ਆਵੇਗਾ।
ਪੀਐਮ ਨੇ ਕਿਹਾ ਕਿ ਭਾਰਤ ਵਿੱਚ ਸਿਹਤ ਦੇ ਖੇਤਰ ਵਿੱਚ ਪਿਛਲੇ ਸੱਤ-ਅੱਠ ਸਾਲਾਂ ਵਿੱਚ ਜੋ ਹੋਇਆ ਹੈ, ਉਹ ਪਿਛਲੇ 70 ਸਾਲਾਂ ਵਿੱਚ ਨਹੀਂ ਹੋਇਆ ਹੈ। ਅੱਜ ਸਿਹਤ ਖੇਤਰ ਲਈ ਗ਼ਰੀਬ ਤੋਂ ਗ਼ਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਛੇ ਮੋਰਚਿਆਂ ‘ਤੇ ਮਿਲ ਕੇ ਕੰਮ ਕਰਕੇ ਦੇਸ਼ ਦੀਆਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ।
ਪੰਜਾਬ ਨੂੰ ਵੱਡੀ ਸੌਗਾਤ ਦੇਣ ਲਈ ਪੀਐੱਮ ਦਾ ਧੰਨਵਾਦ-ਭਗਵੰਤ ਮਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੇ ਰੂਪ ਵਿੱਚ ਸੂਬੇ ਲਈ ਸਭ ਤੋਂ ਵੱਡਾ ਤੋਹਫ਼ਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਇਹ ਕੈਂਸਰ ਪ੍ਰਭਾਵਿਤ ਸੂਬੇ ਖਾਸ ਕਰਕੇ ਮਾਲਵਾ ਖੇਤਰ ਨੂੰ ਇਸ ਨਾਮੁਰਾਦ ਬਿਮਾਰੀ ਵਿਰੁੱਧ ਕਾਰਗਰ ਢੰਗ ਨਾਲ ਲੜਨ ਵਿੱਚ ਮਦਦਗਾਰ ਸਾਬਤ ਹੋਵੇਗਾ। ਮੁੱਖ ਮੰਤਰੀ ਨੇ ਇਸ ਪ੍ਰੋਜੈਕਟ ਲਈ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ, “ਆਮ ਬੋਲ ਚਾਲ ਵਿੱਚ ਪੰਜਾਬੀਆਂ ਨੂੰ ਤਾਂ ਕੈਂਸਰ ਦਾ ਨਾਂ ਲੈਣ ਤੋਂ ਵੀ ਡਰ ਲੱਗਦਾ ਹੈ ਕਿਉਂਕਿ ਇਸ ਦਾ ਇਲਾਜ ਬਹੁਤ ਮਹਿੰਗਾ ਹੈ ਪਰ ਇਹ ਕੈਂਸਰ ਇਲਾਜ ਕੇਂਦਰ, ਖਿੱਤੇ ਲਈ ਪਹੁੰਚਯੋਗ ਅਤੇ ਕਿਫਾਇਤੀ ਇਲਾਜ ਯਕੀਨੀ ਬਣਾਉਣ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ।”
ਮੁੱਖ ਮੰਤਰੀ ਨੇ ਇਸ ਗੱਲ ‘ਤੇ ਤਸੱਲੀ ਪ੍ਰਗਟਾਈ ਕਿ ਸੰਗਰੂਰ ਵਿਖੇ 100 ਬਿਸਤਰਿਆਂ ਦੀ ਸਮਰੱਥਾ ਵਾਲਾ ਹੋਮੀ ਭਾਭਾ ਕੈਂਸਰ ਹਸਪਤਾਲ ਲੋਕਾਂ ਨੂੰ ਕੈਂਸਰ ਦਾ ਮਿਆਰੀ ਇਲਾਜ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੱਕਾਰੀ ਹਸਪਤਾਲ ਵਿੱਚ ਹੁਣ ਤੱਕ ਲਗਭਗ 37,000 ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਜਾ ਚੁੱਕਾ ਹੈ। ਭਗਵੰਤ ਮਾਨ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਨਿਊ ਚੰਡੀਗੜ੍ਹ ਵਿਖੇ ਸਥਾਪਿਤ ਕੀਤਾ ਗਿਆ ਕੇਂਦਰ ਨਾ ਸਿਰਫ਼ ਪੰਜਾਬ ਦੇ ਮਰੀਜ਼ਾਂ ਨੂੰ ਸਗੋਂ ਗੁਆਂਢੀ ਸੂਬਿਆਂ ਜਿਵੇਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉਤਰਾਖੰਡ ਅਤੇ ਰਾਜਸਥਾਨ ਨੂੰ ਵੀ ਮਿਆਰੀ ਕੈਂਸਰ ਇਲਾਜ ਮੁਹੱਈਆ ਕਰਵਾਉਣ ਲਈ ਮੀਲ ਪੱਥਰ ਸਾਬਤ ਹੋਵੇਗਾ।ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ, ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਅਤੇ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ।
ਸੁਖਬੀਰ ਬਾਦਲ ਨੇ ਪੀਐੱਮ ਮੋਦੀ ਦਾ ਕੀਤਾ ਧੰਨਵਾਦ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਮੁਹਾਲੀ ਦੇਸ਼ ਨੂੰ ਸਮਰਪਿਤ ਕਰਨ ’ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਇਸ ਦੌਰਾਨ ਸੁਖਬੀਰ ਬਾਦਲ ਨੇ ਮੰਗ ਕੀਤੀ ਕਿ ਪੰਜਾਬ ਦੇ ਲੋਕਾਂ ਨੂੰ ਕੈਂਸਰ iਖ਼ਲਾਫ਼ ਲੜਾਈ ਵਿਚ ਸਸਤਾ ਤੇ ਮਿਆਰੀ ਇਲਾਜ ਪ੍ਰਦਾਨ ਕਰਨ ਵਾਸਤੇ ਮਾਝਾ ਤੇ ਦੋਆਬਾ ਖੇਤਰ ਵਿਚ ਇੰਸਟੀਚਿਊਟ ਦੇ ਸਬ ਸੈਂਟਰ ਖੋਲ੍ਹੇ ਜਾਣ। ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ 300 ਬੈਡਾਂ ਦਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਮੁਹਾਲੀ, ਜੋ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਟਾਟਾ ਮੈਮੋਰੀਅਲ ਸੈਂਟਰ ਯਾਨੀ ਟੀ.ਐੱਮ.ਸੀ. ਦਾ 2012 ਵਿਚ ਦੌਰਾ ਕਰਨ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ, ਅੱਜ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ।
ਕਾਂਗਰਸੀਆਂ ਨੂੰ ਨਹੀਂ ਮਿਲਿਆ ਸੱਦਾ
ਸੂਬਾ ਕਾਂਗਰਸ ਕਮੇਟੀ (ਪੀ.ਸੀ.ਸੀ.) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਡਾ: ਰਾਜ ਕੁਮਾਰ ਚੱਬੇਵਾਲ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਕਿਸੇ ਵੀ ਵਿਧਾਇਕ ਨੂੰ ਸਮਾਗਮ ਵਿੱਚ ਸੱਦਾ ਨਹੀਂ ਦਿੱਤਾ ਗਿਆ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਰੱਖਿਆ ਸੀ ਅਤੇ ਸਾਡੀ ਪਾਰਟੀ ਦੇ ਵਿਧਾਇਕਾਂ ਨੂੰ ਸੱਦਣਾ ਚਾਹੀਦਾ ਸੀ।
Comment here