ਪਟਿਆਲਾ – ਅੱਜ ਇੱਥੇ ਕਾਲੀ ਦੇਵੀ ਮੰਦਰ ਨੇੜੇ ਖਾਲਿਸਤਾਨ ਸਮਰਥਕਾਂ ਅਤੇ ਸ਼ਿਵ ਸੈਨਾ ਵਰਕਰਾਂ ਵਿਚਾਲੇ ਝੜਪ ਹੋ ਗਈ। ਇਹ ਝਗੜਾ ਖਾਲਿਸਤਾਨੀ ਮੁਰਦਾਬਾਦ ਮਾਰਚ ਨੂੰ ਲੈ ਕੇ ਹੋਇਆ ਸੀ। ਪੁਲਿਸ ਨੇ ਹਾਲਾਤ ਕਾਬੂ ਕਰਨ ਲਈ ਹਵਾਈ ਫਾਇਰਿੰਗ ਵੀ ਕੀਤੀ। ਪਟਿਆਲਾ ਵਿੱਚ ਹਿੰਸਕ ਝੜਪ ਤੋਂ ਬਾਅਦ ਹਾਲਾਤ ਕਾਬੂ ਕਰਨ ਲਈ ਕਰਫ਼ਿਊ ਲਾਗੂ ਕਰ ਦਿੱਤਾ ਗਿਆ ਹੈ। ਡੀਸੀ ਪਟਿਆਲਾ ਨੇ ਧਾਰਾ 144 ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹੇ ‘ਚ ਕਰਫ਼ਿਊ ਅੱਜ 29 ਅਪ੍ਰੈਲ ਸ਼ਾਮ 7 ਵਜੇ ਤੋਂ 30 ਅਪ੍ਰੈਲ ਸਵੇਰੇ 6 ਵਜੇ ਤਕ ਲਾਗੂ ਰਹੇਗਾ। ਇਹ ਕਾਰਵਾਈ ਜ਼ਿਲ੍ਹੇ ‘ਚ ਲਾਅ ਅਤੇ ਆਰਡਰ ਬਣਾਈ ਰੱਖਣ ਲਈ ਕੀਤੀ ਗਈ ਹੈ। ਪਟਿਆਲਾ ਦੇ ਇੰਸਪੈਕਟਰ ਜਨਰਲ ਪੁਲਿਸ ਰਾਕੇਸ਼ ਅਗਰਵਾਲ ਨੇ ਪਟਿਆਲਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਸਥਿਤੀ ਹੁਣ ਕਾਬੂ ਵਿੱਚ ਹੈ। ਉਸਨੇ ਕਿਹਾ, “ਅਸੀਂ ਬਾਹਰੋਂ ਪੁਲਿਸ ਫੋਰਸ ਬੁਲਾਈ ਹੈ। ਡਿਪਟੀ ਕਮਿਸ਼ਨਰ ਵੱਲੋਂ ਸ਼ਾਂਤੀ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਸ਼ਾਂਤੀ ਬਹਾਲ ਕਰਨਾ ਉਨ੍ਹਾਂ ਦੀ ਤਰਜੀਹ ਹੈ। ਪੁਲਿਸ ਦੇ ਇੰਸਪੈਕਟਰ ਜਨਰਲ ਨੇ ਕਿਹਾ ਕਿ ਇਹ ਘਟਨਾ ਇਸ ਲਈ ਵਾਪਰੀ ਕਿਉਂਕਿ “ਕੁਝ ਸ਼ਰਾਰਤੀ ਅਨਸਰਾਂ ਦੁਆਰਾ ਕੁਝ ਅਫਵਾਹਾਂ ਫੈਲਾਈਆਂ ਗਈਆਂ ਸਨ। ਅਸੀਂ ਸਥਿਤੀ ‘ਤੇ ਕਾਬੂ ਪਾ ਲਿਆ ਹੈ। ਅਸੀਂ ਪਟਿਆਲਾ ਸ਼ਹਿਰ ਵਿੱਚ ਫਲੈਗ ਮਾਰਚ ਕਰ ਰਹੇ ਹਾਂ।
ਮੁੱਖ ਮੰਤਰੀ ਨਰਾਜ਼
ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਹਿੰਸਾ ਮਾਮਲੇ ਨੂੰ ਲੈ ਕੇ ਕਾਫੀ ਨਾਰਾਜ਼ ਹਨ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਉੱਚ-ਪੱਧਰੀ ਮੀਟਿੰਗ ਵਿੱਚ ਦੱਸਿਆ ਗਿਆ ਕਿ ਪੁਲੀਸ ਇੰਟੈਲੀਜੈਂਸ ਵੱਲੋਂ ਜ਼ਿਲ੍ਹਾ ਪੁਲੀਸ ਨੂੰ ਜਲੂਸ ਕੱਢਣ ਬਾਰੇ ਸੂਚਿਤ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਮਾਮਲੇ ਦੀ ਗੰਭੀਰਤਾ ਨਹੀਂ ਸਮਝੀ। ਸੂਤਰਾਂ ਦਾ ਕਹਿਣਾ ਹੈ ਕਿ ਘਟਨਾ ਵਿੱਚ ਲਾਪ੍ਰਵਾਹੀ ਲਈ ਆਈਜੀ ਪਟਿਆਲਾ ਅਤੇ ਹੋਰ ਉੱਚ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਹੈ ਮਾਮਲਾ
ਰਿਪੋਰਟ ਮੁਤਾਬਿਕ ਸ਼ਿਵ ਸੈਨਾ ਤੇ ਹੋਰ ਹਿੰਦੂ ਜਥੇਬੰਦੀਆਂ ਨੇ ਪਟਿਆਲਾ ਵਿੱਚ ਖਾਲਿਸਤਾਨ ਵਿਰੁੱਧ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਸੀ। ਇਸ ਐਲਾਨ ਦੇ ਵਿਰੁੱਧ ਸਿੱਖ ਜਥੇਬੰਦੀਆਂ ਨੇ ਪ੍ਰਸ਼ਾਸ਼ਨ ਨੂੰ ਇਸ ਰੋਸ ਪ੍ਰਦਰਸ਼ਨ ਨੂੰ ਮਾਹੋਲ ਖਰਾਬ ਹੋਣ ਦੇ ਮੱਦੇਨਜ਼ਰ ਨਾ ਹੋਣ ਦੀ ਮੰਗ ਵੀ ਕੀਤੀ ਗਈ ਸੀ। ਖਲਿਸਤਾਨ ਦੇ ਨਾਮ ਉੱਤੇ ਇਹ ਪ੍ਰਦਰਸ਼ਨ ਕਰ ਰਹੇ ਹਨ। ਜਿੰਨਾਂ ਜਥੇਬੰਦੀਆਂ ਦਾ ਪੰਜਾਬ ਵਿੱਚ ਕੋਈ ਨਾਮ ਥਾਂ ਨਹੀਂ ਹੋ ਪ੍ਰਦਰਸ਼ਨ ਕਰਕੇ ਮਾਹੋਲ ਖਰਾਬ ਕਰ ਸਕਦੀਆਂ ਹਨ। ਖਾਲਿਸਤਾਨ ਦਾ ਪੰਜਾਬ ਵਿੱਚ ਕੋਈ ਮਾਹੋਲ ਨਹੀਂ ਤੇ ਨਾ ਹੀ ਕੋਈ ਮੁੱਦਾ ਹੈ। ਪਰ ਇਸਨੂੰ ਮੁੱਦਾ ਬਣਾ ਕੇ ਮਾਹੋਲ ਖਰਾਬ ਹੋਣ ਦਾ ਖਦਸ਼ਾ ਹੈ। ਇਸਦੇ ਬਾਵਜੂਦ ਵੀ ਇੰਨਾਂ ਸੰਗਠਨਾ ਨੇ ਅੱਜ ਰੋਸ ਪ੍ਰਦਰਸ਼ਨ ਕਰਨ ਆਈਆਂ। ਇਸਨੂੰ ਰੋਕਣ ਲਈ ਸਿੱਖ ਜਥੇਬੰਦੀਆਂ ਨੇ ਵੀ ਮੋਰਚਾ ਖੋਲ੍ਹ ਦਿੱਤਾ। ਇਸ ਤਰ੍ਹਾਂ ਦੋ ਧਿਰਾਂ ਦੇ ਆਹਮਣੇ-ਸਾਹਮਣੇ ਹੋਣ ਕਾਰਨ ਇਹ ਬਬਾਲ ਪੈਦਾ ਹੋਇਆ। ਇਸ ਦੌਰਾਨ ਪੁਲਿਸ ਨੇ ਦੋਹਾਂ ਧਿਰਾਂ ਦੇ ਆਗੂਆਂ ਨਾਲ ਗੱਲਬਾਤ ਕੀਤੀ। ਭਾਈਚਾਰਕ ਸਾਂਝ ਨੂੰ ਖਤਰਾ ਹੋਣ ਦੇ ਡਰੋਂ ਪੁਲਿਸ ਨੇ ਮਾਰਚ ਨਾ ਕੱਢਣ ਉੱਤੇ ਰੋਕ ਲਾਈ। ਪਰ ਫੇਰ ਵੀ ਅਫਵਾਹਾਂ ਦੇ ਚਲਦਿਆਂ ਇਥੇ ਹੰਗਾਮਾ ਹੋ ਗਿਆ। ਖਾਲਿਸਤਾਨੀ ਕਾਰਕੁੰਨ ਕਾਲੀ ਮਾਤਾ ਦੇ ਮੰਦਰ ਦੇ ਅੰਦਰ ਵੜ ਗਏ, ਦੋਵਾਂ ਧਿਰਾਂ ਚ ਇੱਟਾਂ ਰੋੜੇ ਚੱਲੇ। ਇਕ ਹਿੰਦੂ ਆਗੂ ਤੇ ਤਲਵਾਰ ਨਾਲ ਹਮਲਾ ਹੋਇਆ। ਕੁਝ ਪੁਲਸ ਮੁਲਾਜ਼ਮ ਤੇ ਪਰਦਰਸ਼ਨਕਾਰੀ ਵੀ ਜ਼ਖਮੀ ਹੋਏ ਹਨ। ਇਕ ਦੇ ਗੋਲੀ ਵੀ ਵੱਜੀ ਹੈ, ਉਸ ਦੇ ਬਿਆਨਾਂ ਦੇ ਅਧਾਰ ਤੇ ਕੇਸ ਦਰਜ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਕੁਝ ਸ਼ਾਂਤ ਹੋਈਆਂ। ਪਰ ਇਥੇ ਤਣਾਅ ਦਾ ਮਹੌਲ ਹੈ।
ਸਿਆਸਤ ਵੀ ਗਰਮਾਈ-
ਪਟਿਆਲਾ ‘ਚ ਹਿੰਸਾ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ-ਅਸ਼ਵਨੀ ਸ਼ਰਮਾ
ਭਾਰਤੀ ਜਨਤਾ ਪਾਰਟੀ ਦੇ ਪੰਜਾਬ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲਈ ਇਹ ਮੰਦਭਾਗੀ ਘਟਨਾ ਹੈ। ਬਾਹਰ ਬੈਠੇ ਲੋਕ ਪੰਜਾਬ ਦਾ ਮਹੋਲ ਤੇ ਵਿਰਸੇ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਰੋਧੀਆਂ ਦਾ ਪਰਦਾਫਾਸ਼ ਕਰਨਾ ਸਰਕਾਰ ਦਾ ਕੰਮ ਹੈ। ਇਸਦੇ ਨਾਲ ਹੀ ਪੰਜਾਬ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਸਰਕਾਰ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਤੇ ਪੰਜਾਬ ਦੀ ਕਾਨੂੰਨੀ ਵਿਵਸਥਾ ਖਰਾਬ ਹੋ ਗਿਆ ਹੈ। ਪਹਿਲਾਂ ਦਿਨ ਦਿਹਾੜੇ ਕਤਲ ਹੋਏ ਤੇ ਹੁਣ ਹਿੰਸਾ ਹੋਣ ਲੱਗੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਈ ਤਿਆਰੀ ਨਹੀਂ ਸੀ। ਉਨ੍ਹਾਂ ਕਿਹਾ ਕੁਝ ਤਾਕਤਾਂ ਜਾਣ ਬੁਝ ਕੇ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦੀਆਂ ਹਨ।
ਮਾਫੀਆ ਵੱਡੇ ਲੋਕਾਂ ਖਿਲਾਫ ਐਕਸ਼ਨ ਕਰਕੇ ਸਿਆਸੀ ਲੋਕਾਂ ਦੀ ਸਾਜਿਸ਼-ਆਪ
ਪਟਿਆਲਾ ‘ਚ ਹੋਈ ਝੜਪ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ‘ਚ ਇਸ ਆਪ ਆਗੂਆਂ ਨੇ ਘਟਨਾ ਨੂੰ ਮੰਦਭਾਗਾ ਦੱਸਿਆ। ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਟਕਰਾਅ ਕਾਰਨ ਸਥਿਤੀ ਹੋਰ ਵਿਗੜ ਸਕਦੀ ਸੀ ਪਰ ਪੁਲਿਸ ਤੇ ਆਪ ਦੀ ਸਰਕਾਰ ਨੇ ਇਸ ਨੂੰ ਰੋਕਿਆ। ਆਪ ਦਾ ਦਾਅਵਾ ਹੈ ਕਿ ਜਿਸ ਤਰ੍ਹਾਂ ਅੱਜ ‘ਆਪ’ ਦੀ ਸਰਕਾਰ ਮਾਫੀਆ ਖਿਲਾਫ ਕੰਮ ਕਰ ਰਹੀ ਹੈ ਤੇ ਵੱਡੇ ਲੋਕਾਂ ਖਿਲਾਫ ਐਕਸ਼ਨ ਲਿਆ ਜਾ ਰਿਹਾ ਹੈ, ਉਸ ਨੂੰ ਰੋਕਣ ਲਈ ਤੇ ਧਿਆਨ ਭਟਕਾਉਣ ਲਈ ਅਜਿਹੇ ਕੰਮ ਕਰਵਾਏ ਜਾ ਰਹੇ ਹਨ ਪਰ ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਨਾਕਾਮ ਸਾਬਤ ਹੋ ਚੁੱਕੀਆਂ ਹਨ। ‘ਆਪ’ ਆਗੂ ਦਾ ਕਹਿਣਾ ਹੈ ਕਿ ਇਸ ਪਿੱਛੇ ਰਾਜਨੀਤਕ ਲੋਕਾਂ ਦਾ ਹੱਥ ਹੈ ਤੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਤੇ ਜੇਕਰ ਇਸ ‘ਚ ਪੁਲਿਸ ਵੱਲੋਂ ਕੋਈ ਕੁਤਾਹੀ ਪਾਈ ਗਈ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਹੋਵੇਗੀ।
ਸਰਹੱਦੀ ਸੂਬੇ ‘ਚ ਸ਼ਾਂਤੀ ਤੇ ਸਦਭਾਵਨਾ ਜਰੂਰੀ- ਰਾਹੁਲ ਗਾਂਧੀ
ਪਟਿਆਲਾ ਵਿੱਚ ਹੋਈ ਫਿਰਕੂ ਹਿੰਸਾ ਨੂੰ ਲੈ ਕੇ ਹੁਣ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪਟਿਆਲਾ ਤੋਂ ਆਉਣ ਵਾਲੇ ਵਿਜ਼ੂਅਲ ਪਰੇਸ਼ਾਨ ਕਰਨ ਵਾਲੇ ਹਨ। ਰਾਹੁਲ ਗਾਂਧੀ ਨੇ ਕਿਹਾ, ‘ਮੈਂ ਇਹ ਗੱਲ ਦੁਹਰਾ ਰਿਹਾ ਹਾਂ, ਸਰਹੱਦੀ ਪੰਜਾਬ ਵਰਗੇ ਸੰਵੇਦਨਸ਼ੀਲ ਸੂਬੇ, ਜਿੱਥੇ ਸ਼ਾਂਤੀ ਅਤੇ ਸਦਭਾਵਨਾ ਸਭ ਤੋਂ ਜ਼ਰੂਰੀ ਹੈ, ‘ਚ ਕਿਸੇ ਪ੍ਰਯੋਗ ਦੀ ਲੋੜ ਨਹੀਂ ਹੈ।’ ਉਨ੍ਹਾਂ ਅੱਗੇ ਕਿਹਾ, ‘ਪੰਜਾਬ ਸਰਕਾਰ ਨੂੰ ਅਮਨ-ਕਾਨੂੰਨ ਬਣਾਈ ਰੱਖਣ ਲਈ ਗੰਭੀਰਤਾ ਨਾਲ ਅਪੀਲ ਕੀਤੀ ਜਾਣੀ ਚਾਹੀਦੀ ਹੈ।’
ਹਰੀਸ਼ ਸਿੰਗਲਾ ਨੂੰ ਸ਼ਿਵਸੈਨਾ ਨੇ ਪਾਰਟੀ ਚੋਂ ਬਾਹਰ ਕੱਢਿਆ
ਅੱਜ ਪਟਿਆਲਾ ਵਿਖੇ ਸ਼ਿਵ ਸੈਨਾ ਅਤੇ ਸਿੱਖ ਜੱਥੇਬੰਦੀਆਂ ਵਿਚਾਲੇ ਹੋਈ ਝੜਪ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ ਵੱਲੋਂ ਜਥੇਬੰਦੀ ਦੇ ਵਿਵਾਦਿਤ ਆਗੂ ਹਰੀਸ਼ ਸਿੰਗਲਾ ਪਟਿਆਲਾ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ। ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਯੋਗ ਰਾਜ ਸ਼ਰਮਾ ਵਲੋਂ ਇਹ ਕਾਰਵਾਈ ਊਧਵ ਠਾਕਰੇ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਦੇ ਹੁਕਮਾਂ ਅਨੁਸਾਰ ਕੀਤੀ ਗਈ ਦੱਸੀ ਗਈ ਹੈ।
Comment here