ਪਟਿਆਲਾ- ਬੀਤੇ ਦਿਨ ਸ਼ਿਵ ਸੈਨਾ ਵਰਕਰਾਂ ਅਤੇ ਖਾਲਿਸਤਾਨੀਆਂ ਚ ਹੋਈਆਂ ਹਿੰਸਕ ਝੜਪਾਂ ਮਗਰੋਂ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿਚ ਤਣਾਅ ਦਾ ਮਹੌਲ ਬਣ ਗਿਆ, ਏਨਾ ਤਣਾਅ ਸੀ ਕਿ ਕੱਲ ਸ਼ਾਮ 7 ਵਜੇ ਤੋਂ ਅੱਜ ਸਵੇਰੇ 6 ਵਜੇ ਤੱਕ ਦਾ ਕਰਫਿਊ ਲਾਇਆ ਗਿਆ ਤੇ ਜਿ਼ਲੇ ਚ ਧਾਰਾ 144 ਵੀ ਲਾਈ ਗਈ ਹੈ। ਹਾਲੇ ਵੀ ਮਹੌਲ ਤਣਾਅ ਹੇਠ ਹੋਣ ਕਰਕੇ ਹੁਣ ਜ਼ਿਲ੍ਹੇ ਭਰ ਵਿਚ ਮੋਬਾਈਲ ਤੇ ਇੰਟਰਨੈਟ ਸੇਵਾਵਾਂ ਸਵੇਰ 9.30 ਵਜੇ ਤੋਂ ਸ਼ਾਮ 6 ਵਜੇ ਤਕ ਬੰਦ ਰਹਿਣਗੀਆਂ।
ਅੱਜ ਹਿੰਦੂ ਸੰਗਠਨਾਂ ਵੱਲੋਂ ਪਟਿਆਲਾ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ। ਕਾਲੀ ਮਾਤਾ ਦੇ ਮੰਦਰ ਤੇ ਹਮਲੇ ਦੇ ਰੋਸ ਵਜੋਂ ਅੱਜ ਬਜਾ਼ਰ ਬੰਦ ਰੱਖੇ ਜਾਣਗੇ ਅਤੇ ਰੋਸ ਮਾਰਚ ਵੀ ਕੱਢਣ ਦਾ ਐਲਾਨ ਕੀਤਾ ਗਿਆ ਹੈ। ਐਸਐਸਪੀ ਨਾਨਕ ਸਿੰਘ ਕਾਲੀ ਮਾਤਾ ਮੰਦਰ ਪੁੱਜੇ ਤੇ ਹਾਲਾਤ ਦਾ ਜਾਇਜ਼ਾ ਲਿਆ।
ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ‘ਤੇ ਪੰਜਾਬ ਸਰਕਾਰ ਨੇ ਅੱਜ ਪਟਿਆਲਾ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.), ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਅਤੇ ਐਸ.ਪੀ. ਦਾ ਫੌਰੀ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੁਖਵਿੰਦਰ ਸਿੰਘ ਛੀਨਾ ਨੂੰ ਪਟਿਆਲਾ ਦਾ ਨਵਾਂ ਆਈ.ਜੀ., ਦੀਪਕ ਪਾਰਿਖ ਨੂੰ ਐਸ.ਐਸ.ਪੀ. ਅਤੇ ਵਜ਼ੀਰ ਸਿੰਘ ਨੂੰ ਐਸ.ਪੀ. ਨਿਯੁਕਤ ਕੀਤਾ ਗਿਆ ਹੈ।ਸੂਤਰਾਂ ਮੁਤਾਬਕ ਐਸਐਚਓ ਤੇ ਹੋਰ ਪੁਲਿਸ ਅਫਸਰ ਵੀ ਬਦਲੇ ਗਏ ਹਨ। ਪਟਿਆਲਾ ਹਿੰਸਾ ਮਾਮਲੇ ਵਿੱਚ ਇਕ ਡੀਐਸਪੀ ਅਤੇ ਦੋ ਐੱਸਐੱਚਓ ਵੀ ਬਦਲੇ ਗਏ ਹਨ। ਡੀਐਸਪੀ ਸਿਟੀ ਪਟਿਆਲਾ ਅਸ਼ੋਕ ਕੁਮਾਰ ਨੂੰ ਹਟਾ ਦਿੱਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਰੇ ਘਟਨਾਕ੍ਰਮ ਤੋਂ ਮੁੱਖ ਮੰਤਰੀ ਭਗਵੰਤ ਮਾਨ ਡੀ ਜੀ ਪੀ ਭਾਂਵਰਾ ਨਾਲ ਨਰਾਜ਼ ਹਨ, ਕਿ ਪੁਲਸ ਨੇ ਹਾਲਾਤ ਦੇ ਮੱਦੇਨਜ਼ਰ ਪਹਿਲਾਂ ਹੀ ਮੁਸਤੈਦੀ ਤੋਂ ਕੰਮ ਕਿਉਂ ਨਹੀਂ ਲਿਆ।
Comment here