ਅਜਬ ਗਜਬਖਬਰਾਂਦੁਨੀਆ

ਨੀਦਰਲੈਂਡ ਦੇ ਜੁਆਕ ਦੁਨੀਆ ਭਰ ਚ ਸਭ ਤੋਂ ਖੁਸ਼

ਖੁਸ਼ੀ ਖਰੀਦੀ ਨਹੀੰ ਜਾ ਸਕਦੀ, ਜੇ ਖਰੀਦੀ ਜਾ ਸਕਦੀ ਹੁੰਦੀ ਤਾਂ ਸਾਰੇ ਅਮੀਰ ਲੋਕ ਖੁਸ਼ ਹੀ ਹੁੰਦੇ ਤੇ ਗਰੀਬ ਦੁਖੀ। ਯੂਨੀਸੈਫ਼ ਦੀ ਬੱਚਿਆਂ ਲਈ ਬਣਾਈ ਫ਼ਾਊਂਡੇਸ਼ਨ ਹਰ ਸਾਲ ਇਹ ਅਬਜ਼ਰਵ ਕਰਦੀ ਹੈ ਕਿ ਕਿਹੜੇ ਦੇਸ਼ ਦੇ ਬੱਚੇ ਦੁਨੀਆ ‘ਚ ਸਭ ਤੋਂ ਵੱਧ ਖ਼ੁਸ਼ ਤੇ ਤੰਦਰੁਸਤ ਹਨ। ਦਰਅਸਲ ਯੂਨੀਸੈਫ਼ ਸੰਯੁਕਤ ਰਾਸ਼ਟਰ ਯਾਨਿ ਯੂਨਾਇਟਡ ਨੇਸ਼ਨਜ਼ ਦਾ ਹਿੱਸਾ ਹੈ, ਤੇ ਯੂਨਾਇਟਡ ਨੇਸ਼ਨਜ਼ ਦਾ ਕੰਮ ਸਿਰਫ਼ ਦੁਨੀਆ ‘ਚੋਂ ਗ਼ਰੀਬੀ ਤੇ ਬੀਮਾਰੀਆਂ ਨੂੰ ਦੂਰ ਕਰਨਾ ਹੀ ਨਹੀਂ ਹੈ, ਸਗੋਂ ਇਸ ਗੱਲ ਦਾ ਧਿਆਨ ਰੱਖਣਾ ਵੀ ਹੈ ਕਿ ਦੁਨੀਆ ‘ਚ ਕਿੱਥੇ ਸਭ ਤੋਂ ਜ਼ਿਆਦਾ ਖ਼ੁਸ਼ਹਾਲੀ ਹੈ। ਇਸੇ ਨਾਲ ਸਬੰਧਤ ਇੱਕ ਰਿਪੋਰਟ ਯੂਨੀਸੈਫ਼ ਵੱਲੋਂ ਜਾਰੀ ਕੀਤੀ ਗਈ ਹੈ। ਯੂਨੀਸੈਫ਼ ਨੇ ਪਿਛਲੇ ਸਾਲ 41 ਉੱਚ ਆਮਦਨ ਯਾਨਿ ਅਮੀਰ ਦੇਸ਼ਾਂ ‘ਚ ਇੱਕ ਸਰਵੇਖਣ ਕਰਾਇਆ, ਇਹ ਜਾਨਣ ਲਈ ਕਿ ਇਨ੍ਹਾਂ ਅਮੀਰ ਦੇਸ਼ਾਂ ਦੇ ਬੱਚੇ ਕਿੰਨੇ ਖ਼ੁਸ਼ ਤੇ ਤੰਦਰੁਸਤ ਹਨ। ਇਸ ਦੇ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ। ਕਿਉਂਕਿ ਇਨ੍ਹਾਂ ਨਤੀਜਿਆਂ ‘ਚ ਅਮੀਰ ਦੇਸ਼ ਪਿਛੜੇ ਹੋਏ ਨਜ਼ਰ ਆਏ। ਯਾਨਿ ਇਸ ਰਿਪੋਰਟ ਨਾਲ ਇਹ ਸਿੱਧ ਹੋ ਗਿਆ ਕਿ ਸਿਰਫ਼ ਪੈਸਾ ਹੀ ਖ਼ੁਸ਼ੀ ਦਾ ਰਾਜ਼ ਨਹੀਂ ਹੈ। ਹਾਂ, ਪੈਸਾ ਜ਼ਿੰਦਗੀ ਜਿਉਣ ਲਈ ਬਹੁਤ ਜ਼ਰੂਰੀ ਹੈ, ਪਰ ਇਹ ਤੁਹਾਨੂੰ ਖ਼ੁਸ਼ਹਾਲ ਜੀਵਨ ਦੇਣ ਦੀ ਗਰੰਟੀ ਨਹੀਂ ਲੈਂਦਾ। ਇਸ ਰਿਪੋਰਟ ਦੇ ਨਤੀਜਿਆਂ ‘ਚ ਨੀਦਰਲੈਂਡ ਦੇਸ਼ ਨੇ ਬਾਜ਼ੀ ਮਾਰੀ ਹੈ। ਜੀ ਹਾਂ, ਦੁਨੀਆ ‘ਚ ਸਭ ਤੋਂ ਖ਼ੁਸ਼ ਤੇ ਤੰਦਰੁਸਤ ਬੱਚੇ ਨੀਦਰਲੈਂਡ ਵਿੱਚ ਹਨ। ਜਦਕਿ ਦੁਨੀਆ ਦਾ ਸਭ ਤੋਂ ਅਮੀਰ ਤੇ ਤਾਕਤਵਰ ਦੇਸ਼ ਅਮਰੀਕਾ ਇਸ ਸੂਚੀ ‘ਚ ਟੌਪ 10 ਵਿੱਚ ਵੀ ਥਾਂ ਨਹੀਂ ਬਣਾ ਸਕਿਆ। ਸਗੋਂ ਇਸ ਸੂਚੀ ਵਿੱਚ ਅਮਰੀਕਾ ਦਾ ਨਾਂਅ ਸਭ ਤੋਂ ਅਖ਼ੀਰਲੇ ਦੇਸ਼ਾਂ ਵਿੱਚ ਹੈ। ਇਸ ਸੂਚੀ ‘ਚ ਟੌਪ ਤਿੰਨ ਮੁਲਕ ਲੜੀਵਾਰ ਨੀਦਰਲੈਂਡ, ਡੈਨਮਾਰਕ ਅਤੇ ਨਾਰਵੇ ਹਨ। ਜਦਕਿ ਚਿੱਲੀ, ਬੁਲਗਾਰੀਆ ਤੇ ਅਮਰੀਕਾ ਸਭ ਤੋਂ ਅਖ਼ੀਰਲੇ ਦੇਸ਼ਾਂ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਆਰਗਨਾਈਜ਼ੇਸ਼ਨ ਫ਼ਾਰ ਇਕਾਨੋਮਿਕ ਕੋ ਅਪਰੇਸ਼ਨ ਐਂਡ ਡੈਵਲਪਮੈਂਟ ਦੇ ਸਾਲ 2020 ਦੇ ਬੇਹਤਰ ਜੀਵਨ ਦੇ ਸੂਚਕ ਅੰਕ ਦਰਸਾਉਂਦੇ ਹਨ ਕਿ ਨੀਦਰਲੈਂਡ ਨੇ ਬਹੁਤ ਸਾਰੇ ਮਾਮਲਿਆਂ ‘ਚ ਔਸਤ ਨਾਲੋਂ ਵੱਧ ਨੰਬਰ ਲਏ। ਜਿਸ ਵਿੱਚ ਆਮਦਨ, ਸਿੱਖਿਆ, ਘਰ, ਸਿਹਤ ਸਬੰਧੀ ਜ਼ਰੂਰਤਾਂ ਸ਼ਾਮਲ ਹਨ। ਦ ਵਰਕਿੰਗ ਪੈਰੇਂਟ ਸਰਵਾਈਵਲ ਗਾਈਡ ਦੀ ਲੇਖਿਕਾ ਅਨੀਤਾ ਕਲੇਅਰ ਨੇ ਦੱਸਿਆ ਕਿ ਬੱਚਿਆਂ ਦੀ ਖ਼ੁਸ਼ੀ ‘ਚ ਸਮਾਜਕ ਤੇ ਆਰਥਕ ਕਾਰਕਾਂ ਦੀ ਭੂਮਿਕਾ ਨੂੰ ਸਮਝਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਕਲੇਅਰ ਨੇ ਕਿਹਾ ਕਿ ਅਮੀਰ ਦੇਸ਼ਾਂ ਵਿੱਚ ਬੱਚਿਆਂ ਦੇ ਖ਼ੁਸ਼ ਹੋਣ ਦੀ ਸੰਭਾਵਨਾ ਹੈ, ਪਰ ਪੈਸਾ ਖ਼ੁਸ਼ੀਆਂ ਦੀ ਗਰੰਟੀ ਨਹੀਂ ਲੈ ਸਕਦਾ। ਬੱਚਿਆਂ ਨੂੰ ਖ਼ੁਸ਼ ਤੇ ਤੰਦਰੁਸਤ ਰੱਖਣ ‘ਚ ਉਨ੍ਹਾਂ ਦੀ ਪਰਵਰਿਸ਼, ਉਨ੍ਹਾਂ ਦੇ ਸੰਸਕਾਰ, ਉਨ੍ਹਾਂ ਦੇ ਮਾਪੇ ਜੋ ਰੋਲ ਅਦਾ ਕਰ ਸਕਦੇ ਹਨ, ਉਸ ਦਾ ਕੋਈ ਮੁਕਾਬਲਾ ਨਹੀਂ। ਬੱਚੇ ਪੈਸੇ ਨਾਲੋਂ ਜ਼ਿਆਦਾ ਪਿਆਰ, ਆਪਣੇਪਣ ਦੀ ਭਾਸ਼ਾ ਸਮਝਦੇ ਹਨ। ਇਸ ਨਾਲ ਉਨ੍ਹਾਂ ਦੇ ਅੰਦਰ ਪੌਜ਼ਟਿਵ ਐਨਰਜੀ ਭਰਦੀ ਹੈ। ਕਲੇਅਰ ਦਾ ਕਹਿਣੈ ਕਿ ਜਿਹੜੇ ਬੱਚੇ ਸ਼ਰਮੀਲੇ ਹੁੰਦੇ ਹਨ, ਉਨ੍ਹਾਂ ਨੂੰ ਜਲਦੀ ਸਫ਼ਲਤਾ ਨਹੀਂ ਮਿਲ ਪਾਉਂਦੀ। ਕਿਉਂਕਿ ਇਹ ਉਨ੍ਹਾਂ ਦਾ ਸੁਭਾਅ ਬਣ ਜਾਂਦਾ ਹੈ। ਉਹ ਕਿਸੇ ਨਾਲ ਆਪਣੇ ਦਿਲ ਦੀਆਂ ਗੱਲਾਂ ਖੁੱਲ ਕੇ ਨਹੀਂ ਕਰ ਸਕਦੇ। ਇਸ ਰਿਪੋਰਟ ਵਿੱਚ ਪਾਇਆ ਗਿਆ ਕਿ ਨੀਦਰਲੈਂਡ ਦੇ ਬੱਚੇ ਨਾ ਸਿਰਫ਼ ਖ਼ੁਸ਼ ਅਤੇ ਤੰਦਰੁਸਤ ਹਨ, ਬਲਕਿ ਉਨ੍ਹਾਂ ਦੇ ਅੰਦਰ ਇੰਨਾਂ ਜ਼ਿਆਦਾ ਆਤਮ ਵਿਸ਼ਵਾਸ ਹੈ ਕਿ ਉਹ ਖ਼ੁਦ ਆਪਣੀ ਗੱਲ ਨੂੰ ਕਿਸੇ ਦੇ ਸਾਹਮਣੇ ਰੱਖ ਸਕਦੇ ਹਨ। ਯੂਨੀਸੈਫ਼ ਦੀ ਰਿਪੋਰਟ ਦੇ ਮੁਤਾਬਕ ਜਿਹੜੇ ਦੇਸ਼ਾਂ ਵਿੱਚ ਚੰਗੇ ਸਮਾਜਕ, ਆਰਥਕ ਅਤੇ ਪੌਜ਼ਟਿਵ ਮਾਹੌਲ ਹੈ, ਉੱਥੇ ਦੇ ਬੱਚੇ ਜ਼ਿਆਦਾ ਅੱਗੇ ਹਨ। ਅਜਿਹੇ ਬੱਚੇ ਹੀ ਦੇਸ਼ ਦੇ ਬੇਹਤਰੀਨ ਭਵਿੱਖ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ‘ਤੇ ਚੁੱਕ ਸਕਦੇ ਹਨ। ਇਸ ਦੇ ਨਾਲ ਹੀ ਯੂਨੀਸੈਫ਼ ਦਾ ਕਹਿਣੈ ਕਿ ਦੁਨੀਆ ਦੇ ਸਾਹਮਣੇ ਨੀਦਰਲੈਂਡ ਦਾ ਆਦਰਸ਼ ਮਾਡਲ ਰੱਖਣਾ ਬੇਹੱਦ ਜ਼ਰੂਰੀ ਹੈ। ਤਾਕਿ ਸਾਰੀ ਦੁਨੀਆ ਇਸ ਮੁਲਕ ਤੋਂ ਸਿੱਖ ਸਕੇ ਕਿ ਸਿਰਫ਼ ਪੈਸੇ ਨਾਲ ਹੀ ਨਹੀਂ ਸਗੋਂ ਆਪਣੇ ਬੱਚਿਆਂ ਨੂੰ ਪਿਆਰ, ਮੁਹੱਬਤ ਤੇ ਸੰਸਕਾਰਾਂ ਨਾਲ ਪਾਲੋ। ਚੰਗੀ ਦੇਖਭਾਲ ਤੇ ਪਰਵਰਿਸ਼ ਹੀ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਂਦੀ ਹੈ।

Comment here