ਅੰਮ੍ਰਿਤਸਰ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਕਮੇਟੀ 1984 ਦੌਰਾਨ ਬੋਕਾਰੋ ਵਿਚ ਮਾਰੇ ਗਏ 100 ਤੋਂ ਜ਼ਿਆਦਾ ਸਿੱਖਾਂ ਦੇ ਕੇਸਾਂ ਦੀ ਪੈਰਵੀ ਦੇ ਨਾਲ-ਨਾਲ ਕਾਨੂੰਨੀ ਕੇਸਾਂ ’ਤੇ ਵੀ ਨਜ਼ਰ ਰੱਖੇਗੀ।ਕਾਬਿਲੇ ਜ਼ਿਕਰ ਹੈ ਕਿ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਕਮੇਟੀ ਦਾ ਵਫ਼ਦ, ਝਾਰਖੰਡ ਦੇ ਬੋਕਾਰੋ ਸ਼ਹਿਰ ਵਿਚ ਪਹੁੰਚਿਆ। ਉਥੇ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਤੋਂ ਦਸਤਾਵੇਜ਼ ਪ੍ਰਾਪਤ ਕੀਤੇ ਤਾਂ ਜੋ ਅਦਾਲਤ ਵਿਚ ਕੇਸ ਲੜੇ ਜਾ ਸਕਣ। ਵਫ਼ਦ ਦਾ ਬੋਕਾਰੋ ਵਿਚ ਮੁਕਾਮੀ ਸਿੱਖਾਂ ਨੇ ਸਵਾਗਤ ਕੀਤਾ ਤੇ ਬੋਕਾਰੋ ਦੇ ਗੁਰਦੁਆਰੇ ਵਿਚ ਵਫ਼ਦ ਨੂੰ ਸਨਮਾਨਤ ਕੀਤਾ ਗਿਆ। ਕਾਹਲੋਂ ਨੇ ਦੱਸਿਆ ਕਿ ਬੋਕਾਰੋ ਸ਼ਹਿਰ ਵਿਚ 100 ਤੋਂ ਵੱਧ ਸਿੱਖ 1984 ਦੇ ਸਿੱਖ ਵਿਰੋਧੀ ਕਤਲੇਆਮ ਵੇਲੇ ਮਾਰੇ ਗਏ ਸਨ। ਉਨ੍ਹਾਂ ਦੱਸਿਆ ਕਿ ਬਹੁਤੇ ਮਾਮਲਿਆਂ ਵਿਚ ਐੱਫਆਈਆਰ ਦਰਜ ਨਹੀਂ ਕੀਤੀ ਗਈ ਸੀ ਤੇ ਜਿਹੜੇ ਮਾਮਲਿਆਂ ਵਿਚ ਐੱਫਆਈਆਰ ਦਰਜ ਹੋਈ ਸੀ, ਉਨ੍ਹਾਂ ਵਿਚ ਕਾਰਵਾਈ ਠੱਪ ਕਰ ਦਿੱਤੀ ਗਈ ਹੈ। 100 ਤੋਂ ਜ਼ਿਆਦਾ ਸਿੱਖਾਂ ਦੇ ਕਤਲ ਦੇ ਦੋਸ਼ ਹੇਠ ਇਕ ਵੀ ਦੋਸ਼ੀ ਜੇਲ੍ਹ ਨਹੀਂ ਭੇਜਿਆ ਗਿਆ।
ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਨੇ ਕਾਨਪੁਰ ਵਿਚ ਸਿੱਖ ਕਤਲੇਆਮ ਦੇ ਕੇਸਾਂ ਦੀ ਪੈਰਵੀ ਕੀਤੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਯੋਗੀ ਨੇ ਐੱਸਆਈਟੀ ਗਠਿਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਹੁਣ 38 ਸਾਲਾਂ ਬਾਅਦ ਕਾਨਪੁਰ ਸਿੱਖ ਕਤਲੇਆਮ ਦੇ ਕੇਸਾਂ ਵਿਚ 25 ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਸਿੱਖ ਕਤਲੇਆਮ ਦੀ ਪੈਰਵੀ ਦਿੱਲੀ ਕਮੇਟੀ ਨੇ ਕੀਤੀ ਸੀ ਜਿਸ ਦੀ ਬਦੌਲਤ ਦੰਗਾ ਭੜਕਾਉਣ ਵਾਲੇ ਅਨਸਰ ਸੱਜਣ ਨੂੰ ਉਮਰ ਕੈਦ ਹੋਈ ਸੀ ਤੇ ਹੋਰ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਹਨ। ਬੋਕਾਰੋ ਪਹੁੰਚੇ ਵਫ਼ਦ ਵਿਚ ਦਿੱਲੀ ਕਮੇਟੀ ਮੈਂਬਰ ਸਰਵਜੀਤ ਸਿੰਘ ਵਿਰਕ, ਰਜਿੰਦਰ ਸਿੰਘ iਖ਼ਆਲਾ ਤੇ ਵਕੀਲ ਗੁਰਬਖਸ਼ ਸਿੰਘ ਸ਼ਾਮਲ ਸਨ।

Comment here