ਖੇਡ ਖਿਡਾਰੀਦੁਨੀਆਵਿਸ਼ੇਸ਼ ਲੇਖ

ਤਿੰਨ ਗੋਲਡ ਮੈਡਲ ਜਿੱਤਣ ਵਾਲਾ ਹਾਕੀ ਖਿਡਾਰੀ ਊਧਮ ਸਿੰਘ ‘ਊਧੀ’

ਊਧਮ ਸਿੰਘ ਦਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਦਰਜ ਹੈ। ਉਹ ਨਿੱਕੇ ਕੱਦ ਦਾ ਵੱਡਾ ਖਿਡਾਰੀ ਸੀ ਜਿਸ ਦਾ ਨਿੱਕਨੇਮ ‘ਊਧੀ’ ਸੀ। ਸੰਸਾਰਪੁਰ ਦਾ ਕੋਈ ਮੁੰਡਾ ਜੇ ਪੜ੍ਹਾਈ ਵਿੱਚ ਚੱਲ ਨਾ ਸਕਦਾ ਤਾਂ ਮਾਪੇ ਕਹਿੰਦੇ, “ਚੱਲ ਊਧੀ ਓ ਬਣਜਾ।” ਭਾਵ ਹਾਕੀ ਦੇ ਸਿਰ ’ਤੇ ਠਾਣੇਦਾਰ ਬਣਜਾ! ਊਧੀ ਪੰਜ ਓਲੰਪਿਕਸ ਖੇਡਣ ਲਈ ਚੁਣਿਆ ਗਿਆ ਸੀ, ਪਰ ਦੋ ਉਂਗਲਾਂ ਟੁੱਟ ਜਾਣ ਕਾਰਨ ਚਾਰ ਓਲੰਪਿਕਸ ਹੀ ਖੇਡ ਸਕਿਆ। ਓਲੰਪਿਕ ਖੇਡਾਂ ਵਿਚੋਂ ਉਸ ਨੇ ਤਿੰਨ ਗੋਲਡ ਮੈਡਲ ਜਿੱਤੇ ਤੇ ਇੱਕ ਸਿਲਵਰ ਜੋ ਹਾਲੇ ਤੱਕ ਓਲੰਪਿਕ ਰਿਕਾਰਡ ਹੈ। ਕੇਵਲ ਲੈਸਲੀ ਕਲੌਡੀਅਸ ਹੀ ਉਹਦੀ ਬਰਾਬਰੀ ਕਰ ਸਕਿਆ। ਉਹ ਦੋਵੇਂ ਨਿੱਕੇ ਕੱਦਾਂ ਵਾਲੇ ਸਨ ਜੋ ਵਿਸ਼ਵ ਦੇ ਮਹਾਨ ਹਾਕੀ ਖਿਡਾਰੀ ਸਾਬਤ ਹੋਏ।
ਊਧਮ ਸਿੰਘ ਦਾ ਕੱਦ 5 ਫੁੱਟ 6 ਇੰਚ ਸੀ ਤੇ ਲੈਸਲੀ ਕਲੌਡੀਅਸ ਦਾ 5 ਫੁੱਟ 4 ਇੰਚ। ਊਧਮ ਸਿੰਘ 55-60 ਕਿਲੋ ਸਰੀਰਕ ਵਜ਼ਨ ਨਾਲ ਚਾਰ ਦਹਾਕੇ ਸਰਗਰਮ ਹਾਕੀ ਖੇਡਿਆ। ਉਸ ਨੇ ਆਪਣੇ ਹਾਣੀਆਂ ਨਾਲ ਤਾਂ ਖੇਡਣਾ ਹੀ ਸੀ, ਉਨ੍ਹਾਂ ਦੇ ਪੁੱਤਰਾਂ ਨਾਲ ਵੀ ਖੇਡਿਆ ਤੇ ਪੋਤਰਿਆਂ ਨੂੰ ਵੀ ਡਾਜਾਂ ਮਾਰਦਾ ਰਿਹਾ। ਇਹ ਗੱਲ ਅਫ਼ਸੋਸ ਨਾਲ ਲਿਖਣੀ ਪੈ ਰਹੀ ਹੈ ਕਿ ਜਿੱਡਾ ਵੱਡਾ ਉਹ ਖਿਡਾਰੀ ਸੀ ਉਸ ਨੂੰ ਓਡਾ ਵੱਡਾ ਮਾਣ ਸਨਮਾਨ ਨਹੀਂ ਮਿਲਿਆ। ਕੇਵਲ ਅਰਜਨ ਐਵਾਰਡ ਹੀ ਮਿਲ ਸਕਿਆ।
ਉਸ ਦਾ ਜਨਮ 31 ਜੁਲਾਈ 1928 ਨੂੰ ਹਾਕੀ ਦੇ ਘਰ ਸੰਸਾਰਪੁਰ ਵਿੱਚ ਹਜ਼ਾਰਾ ਸਿੰਘ ਕੁਲਾਰ ਤੇ ਮਾਤਾ ਹੁਕਮ ਕੌਰ ਦੇ ਘਰ ਹੋਇਆ। ਉਹ ਨਿੱਕਾ ਹੁੰਦਾ ਹੀ ਜਲੰਧਰ ਛਾਉਣੀ ਦੇ ਗਰਾਊਂਡ ਵਿੱਚ ਹਾਕੀ ਖੇਡਣ ਲੱਗ ਪਿਆ ਸੀ। ਐੱਨ. ਡੀ. ਵਿਕਟਰ ਹਾਈ ਸਕੂਲ ਤੋਂ ਦਸਵੀਂ ਕਰ ਕੇ ਉਹ ਡੀ. ਏ. ਵੀ. ਕਾਲਜ ਜਲੰਧਰ ਵਿੱਚ ਐੱਫ. ਏ. ਦੀ ਪੜ੍ਹਾਈ ਕਰ ਰਿਹਾ ਸੀ ਜਦੋਂ ਉਸ ਨੂੰ ਵਧੀਆ ਹਾਕੀ ਖਿਡਾਰੀ ਵਜੋਂ ਪੰਜਾਬ ਪੁਲੀਸ ਵਿਚ ਭਰਤੀ ਕਰ ਲਿਆ ਗਿਆ। ਉਹ 1947 ਤੋਂ 1978 ਤੱਕ ਪੰਜਾਬ ਪੁਲੀਸ ਤੇ ਬੀ. ਐੱਸ. ਐੱਫ. ਵੱਲੋਂ ਮੁਕਾਬਲੇ ਦੀ ਹਾਕੀ ਖੇਡਿਆ। ਹਾਕੀ ਦੀ ਕੋਚਿੰਗ ਤਾਂ ਉਹ ਉਮਰ ਦੇ ਆਖ਼ਰੀ ਦਮਾਂ ਤੱਕ ਦਿੰਦਾ ਰਿਹਾ। ਮੈਰਿਟ ਉਤੇ ਜਲੰਧਰ ਦੇ ਕਿਸੇ ਹਾਕੀ ਸਟੇਡੀਅਮ ਜਾਂ ਨਾਮੀ ਖੇਡ ਅਦਾਰੇ ਨਾਲ ਊਧਮ ਸਿੰਘ ਦਾ ਨਾਂ ਜੋੜ ਦੇਣਾ ਚਾਹੀਦੈ ਤਾਂ ਕਿ ਉਹਦਾ ਨਾਂ ਸਦਾ ਲਈ ਜਗਮਗਾਉਂਦਾ ਰਹੇ। ਸਕੂਲੀ ਪਾਠ ਪੁਸਤਕਾਂ ਵਿੱਚ ਵੀ ਉਹਦੇ ਖੇਡ ਜੀਵਨ ਬਾਰੇ ਲੇਖ ਪਾਇਆ ਜਾਣਾ ਚਾਹੀਦੈ ਤਾਂ ਕਿ ਵਿਦਿਆਰਥੀ ਖੇਡਾਂ ਖੇਡਣ ਲਈ ਪ੍ਰੇਰਿਤ ਹੋ ਸਕਣ।
ਬਿਨਾਂ ਨਾਗਾ ਦੌੜਨਾ, ਹਾਕੀ ਖੇਡਣਾ ਤੇ ਕਸਰਤ ਕਰਨੀ ਊਧੀ ਦਾ ਨਿੱਤਨੇਮ ਸੀ। ਸੰਸਾਰਪੁਰ ਦੇ ਰਾਹ, ਪਹੇ ਤੇ ਪਗਡੰਡੀਆਂ ਉਹਦੀਆਂ ਪੈੜਾਂ ਨਾਲ ਘਸੇ ਪਏ ਸਨ। ਹਾਕੀ ਦਾ ਫਾਰਵਰਡ ਖਿਡਾਰੀ ਇੱਕ ਮੈਚ ਵਿੱਚ ਔਸਤਨ ਬਾਰਾਂ ਤੋਂ ਪੰਦਰਾਂ ਕਿਲੋਮੀਟਰ ਦੌੜਦਾ ਹੈ। ਉਹ ਸੈਂਕੜੇ ਨਹੀਂ, ਹਜ਼ਾਰਾਂ ਮੈਚ ਖੇਡਿਆ। ਸਵੇਰੇ ਸ਼ਾਮ ਸਰੀਰ ਗਰਮਾਉਣ ਤੇ ਦਮ ਪਕਾਉਣ ਦੀਆਂ ਦੌੜਾਂ ਵੱਖਰੀਆਂ। ਉਹ ਘਰੋਂ ਸਕੂਲ ਤੇ ਗਰਾਊਂਡ ਤੱਕ ਦੌੜ ਕੇ ਹੀ ਜਾਂਦਾ। ਛਾਉਣੀ ਦੇ ਫੌਜੀਆਂ ਨੇ ਉਹਦਾ ਨਾਂ ‘ਫਲਾਈਂਗ ਜਨਤਾ’ ਰੱਖਿਆ ਸੀ। ਜਿੱਦਣ ਉਹ ਕਿਤੇ ਬਾਹਰ ਗਿਆ ਹੁੰਦਾ ਤਾਂ ਫੌਜੀ ਕਹਿੰਦੇ, “ਅੱਜ ‘ਫਲਾਈਂਗ ਜਨਤਾ’ ਨਹੀਂ ਆਈ!” ਜੇ ਕਿਤੇ ਉਹਦੇ ਦੌੜਨ ਦਾ ਪੂਰਾ ਰਿਕਾਰਡ ਰੱਖਿਆ ਹੁੰਦਾ ਤਾਂ ਊਧਮ ਸਿੰਘ ਉਰਫ਼ ‘ਫਲਾਈਂਗ ਜਨਤਾ’ ਨੇ ਲੱਖ ਮੀਲ ਤੋਂ ਕਿਤੇ ਵੱਧ ਦਾ ਸਫ਼ਰ ਤੈਅ ਕਰ ਲਿਆ ਹੋਣਾ ਸੀ!
ਉਹ ਬੀਐੱਸਐੱਫ ਦਾ ਕਮਾਂਡੈਂਟ ਬਣਿਆ ਤਾਂ ਮੈਂ ਉਸ ਨੂੰ ਮਿਲਣ ਉਹਦੇ ਦਫ਼ਤਰ ਜਲੰਧਰ ਗਿਆ। ਬਾਹਰ ਠੰਢੀ ਧੁੰਦ ਸੀ ਜਿਸ ਨਾਲ ਮੈਂ ਠਰਿਆ ਹੋਇਆ ਸਾਂ। ਪਰ ਜਿਸ ਨਿੱਘ ਤੇ ਤਪਾਕ ਨਾਲ ਉਹ ਮਿਲਿਆ ਮੇਰੀ ਸਾਰੀ ਠਾਰੀ ਦੂਰ ਹੋ ਗਈ। ਉਸ ਨੇ ਅਸਮਾਨੀ ਰੰਗ ਦੀ ਪੈਂਟ ਤੇ ਭੂਰੇ ਕੋਟ ਉੱਪਰ ਵੱਡੀ ਗੁਲਾਬੀ ਪੱਗ ਬੰਨ੍ਹੀ ਹੋਈ ਸੀ। ਆਮ ਬੰਦੇ ਚੀਚੀ ਨਾਲ ਦੀ ਉਂਗਲ ਵਿੱਚ ਛਾਪ ਪਾਉਂਦੇ ਹਨ, ਪਰ ਉਸ ਨੇ ਸਟੀਲ ਦਾ ਛੱਲਾ ਵਿਚਕਾਰਲੀ ਉਂਗਲ ਵਿੱਚ ਪਾਇਆ ਹੋਇਆ ਸੀ। ਜਦੋਂ ਉਹ ਹੱਥ ਚੁੱਕ ਕੇ ਗੱਲ ਕਰਦਾ ਤਾਂ ਉਹ ਛੱਲਾ ਮੱਲੋਮੱਲੀ ਧਿਆਨ ਖਿੱਚਦਾ। ਗੱਲੀ ਬਾਤੀਂ ਪਤਾ ਲੱਗਾ ਕਿ ਹਾਕੀ ਖੇਡਦਿਆਂ ਅੰਗੂਠੇ ਸਣੇ ਉਹਦੀਆਂ ਉਂਗਲਾਂ ਟੁੱਟ ਕੇ ਜੁੜੀਆਂ ਸਨ। ਇਹੋ ਵਿਚਕਾਰਲੀ ਉਂਗਲ ਹੀ ਕਰਾਮਾਤੀ ਸੀ ਜੋ ਸਲਾਮਤ ਰਹੀ।
ਉਸ ਨੇ ਦੱਸਿਆ, “ਮੈਂ 1948 ਦੀਆਂ ਓਲੰਪਿਕ ਖੇਡਾਂ ਲਈ ਭਾਰਤੀ ਟੀਮ ’ਚ ਚੁਣਿਆ ਗਿਆ ਸਾਂ ਜੋ ਲੰਡਨ ਹੋਣੀਆਂ ਸਨ। ਟੀਮ ਦਾ ਕੈਂਪ ਬੰਬਈ ਦੇ ਬੀਐੱਚਏ ਗਰਾਊਂਡ ਵਿੱਚ ਲੱਗਾ ਸੀ। ਇੱਕ ਦਿਨ ਮੈਂ ਪ੍ਰੈਕਟਿਸ ਕਰਦਿਆਂ ਪੂਰਾ ਜ਼ੋਰ ਲਾ ਕੇ ਖੇਡਿਆ। ਕੋਚ ਨੇ ਮੈਨੂੰ ਆਰਾਮ ਕਰਨ ਨੂੰ ਕਿਹਾ, ਪਰ ਮੇਰੇ ’ਤੇ ਹੋਰ ਖੇਡਣ ਦਾ ਏਨਾ ਭੂਤ ਸਵਾਰ ਸੀ ਕਿ ਮੈਂ ਫੇਰ ਵੀ ਖੇਡੀ ਗਿਆ। ਖੇਡਦੇ-ਖੇਡਦੇ ਸੈਂਟਰ ਹਾਫ ਅਮੀਰ ਕੁਮਾਰ ਤੋਂ ਮੇਰੇ ਹੱਥ ’ਤੇ ਐਸੀ ਸਟਿੱਕ ਵੱਜੀ ਕਿ ਮੇਰੀਆਂ ਦੋ ਉਂਗਲਾਂ ਟੁੱਟ ਗਈਆਂ। ਉਹ ਸੱਟ ਮੈਨੂੰ ਬਹੁਤ ਮਹਿੰਗੀ ਪਈ। ਜੇ ਮੈਂ ਲੰਡਨ ਦੀ ਓਲੰਪਿਕ ਖੇਡ ਜਾਂਦਾ ਤਾਂ ਮੇਰੇ ਕੋਲ ਓਲੰਪਿਕ ਖੇਡਾਂ ਦੇ ਪੰਜ ਮੈਡਲ ਹੋ ਜਾਣੇ ਸਨ ਜਿਨ੍ਹਾਂ ਦੀ ਬਰਾਬਰੀ ਸ਼ਾਇਦ ਕੋਈ ਵੀ ਨਾ ਕਰ ਸਕਦਾ।
ਊਧਮ ਸਿੰਘ ਦਾ ਪਿਤਾ 1930 ਵਿੱਚ ਵਲਾਇਤ ਚਲਾ ਗਿਆ ਸੀ। ਊਧੀ ਪ੍ਰਾਇਮਰੀ ਸਕੂਲ ’ਚ ਪੜ੍ਹਦਾ ਸੀ ਜਦੋਂ ਉਹਦੀ ਮਾਂ ਗੁਜ਼ਰ ਗਈ। ਮਾਪਿਆਂ ਵਿਹੂਣੇ ਬਾਲ ਨੂੰ ਭੈਣ ਤੇ ਭਰਾ-ਭਰਜਾਈ ਨੇ ਸੰਭਾਲਿਆ। 1946 ’ਚ ਜਦ ਉਹ ਕਾਲਜ ਵਿੱਚ ਦਾਖਲ ਹੋਇਆ ਤਾਂ ਉਹਦਾ ਪਿਤਾ ਹਰ ਮਹੀਨੇ ਉਸ ਨੂੰ ਛੇ ਸੌ ਰੁਪਏ ਭੇਜਣ ਲੱਗਾ। ਉਹ ਆਪ ਵੀ ਵਧੀਆ ਖੁਰਾਕ ਖਾਂਦਾ ਤੇ ਆਪਣੇ ਨਾਲ ਦੇ ਖਿਡਾਰੀਆਂ ਨੂੰ ਵੀ ਖਵਾਉਂਦਾ। 1952 ’ਚ ਹੈਲਸਿੰਕੀ ਦੀਆਂ ਓਲੰਪਿਕ ਖੇਡਾਂ ’ਚੋਂ ਗੋਲਡ ਮੈਡਲ ਜਿੱਤ ਕੇ ਉਹ ਲੰਡਨ ਰਹਿੰਦੇ ਆਪਣੇ ਪਿਤਾ ਨੂੰ ਮਿਲਣ ਗਿਆ। ਬੂਹੇ ਦੀ ਘੰਟੀ ਦੱਬੀ ਤਾਂ ਉਹਦੇ ਪਿਤਾ ਨੇ ਦਰ ਖੋਲ੍ਹਿਆ। ਪਰ ਉਹ ਆਪਣੇ ਪਿਤਾ ਨੂੰ ਸਿਆਣ ਨਾ ਸਕਿਆ। ਊਧਮ ਸਿੰਘ ਨੇ ਪੁੱਛਿਆ, “ਕੀ ਸਰਦਾਰ ਹਜ਼ਾਰਾ ਸਿੰਘ ਘਰ ਹਨ?”
ਅੱਗੋਂ ਉਹਦਾ ਪਿਤਾ ਮਜ਼ਾਕੀਆ ਬੰਦਾ ਸੀ। ਉਸ ਨੇ ਕਿਹਾ, “ਹਜ਼ਾਰਾ ਸਿੰਘ ਤਾਂ ਘਰ ਨਹੀਂ। ਬਸ ਆਉਣ ਈ ਵਾਲਾ। ਆਓ ਬੈਠੋ।” ਉਸ ਦਾ ਪਿਤਾ ਉਸ ਨੂੰ ਉੱਪਰਲੀ ਮੰਜ਼ਿਲ ’ਤੇ ਲੈ ਗਿਆ ਤੇ ਪੁੱਛਿਆ, “ਜੁਆਨਾਂ ਕੀ ਪੀਵੇਂਗਾ?” ਸੰਗਦੇ ਹੋਏ ਊਧੀ ਨੇ ‘ਪੱਤੀ ਵਾਲਾ ਦੁੱਧ’ ਕਿਹਾ। ਪਿਤਾ ਰਸੋਈ ਵਿੱਚੋਂ ਦੁੱਧ ਲੈਣ ਚਲਾ ਗਿਆ। ਇੰਨੇ ਨੂੰ ਉਹਦੀ ਨਿਗ੍ਹਾ ਆਪਣੀ ਫੋਟੋ ’ਤੇ ਪੈ ਗਈ ਜੋ ਉਸ ਨੇ ਆਪਣੇ ਪਿਤਾ ਨੂੰ ਭੇਜੀ ਸੀ। ਦੋਹਾਂ ਪਿਉ ਪੁੱਤਾਂ ਦੀ ਫੋਟੋ ਇੱਕੋ ਫਰੇਮ ’ਚ ਵੇਖ ਉਸ ਨੂੰ ਪਤਾ ਲੱਗ ਗਿਆ ਕਿ ਇਹੋ ਮੇਰਾ ਬਾਪ ਹੈ। ਜਦ ਉਹਦਾ ਬਾਪ ਦੁੱਧ ਲੈ ਕੇ ਆਇਆ ਤਾਂ ਉਸ ਨੇ ਪੈਰੀਂ ਪੈਂਦਿਆਂ ਕਿਹਾ, “ਡੈਡ, ਮੈਂ ਤੁਹਾਨੂੰ ਸਿਆਣ ਲਿਆ। ਮੈਂ ਤੁਹਾਡਾ ਪੁੱਤਰ ‘ਊਧੀ’ ਹਾਂ।” ਪਿਉ ਪੁੱਤਰ 22 ਸਾਲਾਂ ਬਾਅਦ ਪਹਿਲੀ ਵਾਰ ਮਿਲੇ ਸਨ। ਉਨ੍ਹਾਂ ਦੀਆਂ ਧਾਅ ਗਲਵਕੜੀਆਂ ਪੈ ਗਈਆਂ ਜੋ ਦੇਰ ਤੱਕ ਪਈਆਂ ਰਹੀਆਂ। ਊਧਮ ਸਿੰਘ ਨੇ ਦੱਸਿਆ, ਅਸੀਂ ਦੇਰ ਰਾਤ ਤੱਕ ਪਰਿਵਾਰ ਤੇ ਰਿਸ਼ਤੇਦਾਰਾਂ ਦੀਆਂ ਗੱਲਾਂ ਕਰਦੇ ਰਹੇ ਕਿ ਸਾਡੀ ਅੱਖ ਲੱਗ ਗਈ। ਮੈਨੂੰ ਨੀਂਦ ’ਚ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਮੈਂ ਵਰਿ੍ਹਆਂ ਬਾਅਦ ਆਪਣੀ ਮਾਂ ਦੀ ਗੋਦ ਵਿਚ ਸੁੱਤਾ ਪਿਆ ਹੋਵਾਂ!
ਊਧਮ ਸਿੰਘ ਸ਼ਰਾਬ ਨਹੀਂ ਸੀ ਪੀਂਦਾ। ਕਹਿੰਦਾ ਸੀ ਕਿ ਮੇਰੇ ਹਿੱਸੇ ਦੀ ਸ਼ਰਾਬ ਡੈਡ ਪੀ ਗਏ। ਲੰਡਨ ਵਿੱਚ ਜਦੋਂ ਉਹਦੇ ਬਾਪ ਨੇ ਪੁੱਛਿਆ ਸੀ, ‘ਜੁਆਨਾਂ ਕੀ ਪੀਵੇਂਗਾ?’ ਤਾਂ ਉਨ੍ਹਾਂ ਦਾ ਮਤਲਬ ਸੀ ਬਈ ਬੀਅਰ, ਵਾਈਨ ਜਾਂ ਵਿਸਕੀ ਵਿਚੋਂ ਕੀ ਪੀਵੇਂਗਾ? ਘਰ ’ਚ ਉਹਦੇ ਡੈਡ ਨੇ ਪੀਣ ਪਿਆਉਣ ਦਾ ਸਦਾਵਰਤ ਲਾ ਰੱਖਿਆ ਸੀ। ਬਾਪ ਦਾ ਇਹ ਹਾਲ ਵੇਖ ਕੇ ਊਧਮ ਸਿੰਘ ਨੇ ਸਹੁੰ ਖਾ ਲਈ ਕਿ ਮੈਂ ਸਾਰੀ ਉਮਰ ਸ਼ਰਾਬ ਨਹੀਂ ਪੀਵਾਂਗਾ। ਉਹ ਫਲਾਂ ਦਾ ਤਾਜ਼ਾ ਜੂਸ ਪੀਂਦਾ ਤੇ ਸੁੱਕੇ ਮੇਵੇ ਖਾਂਦਾ। ਬਦਾਮ ਰੋਗਨ, ਸਰਦਾਈ ਤੇ ਚਿਕਨ ਸੂਪ ਪੀਂਦਾ ਜਿਸ ਨਾਲ ਚੜ੍ਹਦੀ ਉਮਰੇ ਉਹਦੀ ਚੰਗੀ ਪੁੱਠ ਬੱਝ ਗਈ ਸੀ।
ਉਹ ਸਕੂਲ, ਕਾਲਜ ਤੇ ਯੂਨੀਵਰਸਿਟੀ ਵੱਲੋਂ ਖੇਡਦਾ 1947 ਤੋਂ 1966 ਤੱਕ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਾ ਰਿਹਾ। ਫਿਰ ਬੀਐੱਸਐੱਫ ਵਿੱਚ ਜਾਣ ਪਿੱਛੋਂ 1978 ਤੱਕ ਬੀਐੱਸਐੱਫ ਵੱਲੋਂ ਖੇਡਿਆ। ਜਦੋਂ ਮੈਂ ਦਿੱਲੀ ਪੜ੍ਹਦਾ ਪੜ੍ਹਾਉਂਦਾ ਸਾਂ ਤਾਂ ਉਸ ਨੂੰ ਅਕਸਰ ਟੂਰਨਾਮੈਂਟਾਂ ਵਿੱਚ ਖੇਡਦਾ ਵੇਖਦਾ ਸਾਂ। ਉਹ ਵਧੇਰੇ ਕਰਕੇ ਲੈਫਟ ਇਨ ਖੇਡਦਾ ਸੀ। ਲੋੜ ਪੈਣ ’ਤੇ ਸੈਂਟਰ ਹਾਫ ਵੀ ਖੇਡ ਜਾਂਦਾ। ਪੈਨਲਟੀ ਕਾਰਨਰ ਲਾਉਣ ਵੇਲੇ ਗੇਂਦ ਰੇੜ੍ਹਨ ਦੀ ਭੂਮਿਕਾ ਉਹੀ ਨਿਭਾਉਂਦਾ। ਇਸ ਕਲਾ ਵਿੱਚ ਉਹ ਪੂਰਾ ਮਾਹਿਰ ਸੀ। ਉਸ ਨੇ ਕੋਚਿੰਗ ਦਾ ਡਿਪਲੋਮਾ ਕਰ ਲਿਆ ਸੀ ਜਿਸ ਕਰਕੇ ਬੀਐੱਸਐੱਫ ਤੇ ਭਾਰਤ ਦੀਆਂ ਹਾਕੀ ਟੀਮਾਂ ਨੂੰ ਕੋਚਿੰਗ ਵੀ ਦਿੰਦਾ ਰਿਹਾ।
1949 ਵਿੱਚ ਉਹ ਭਾਰਤੀ ਹਾਕੀ ਟੀਮ ਦਾ ਮੈਂਬਰ ਬਣ ਕੇ ਅਫ਼ਗਾਨਿਸਤਾਨ ਦੇ ਟੂਰ ’ਤੇ ਗਿਆ। 1952, 1956, 1960 ਤੇ 1964 ਦੀਆਂ ਓਲੰਪਿਕ ਖੇਡਾਂ ਵਿੱਚ ਭਾਗ ਲਿਆ ਜਿਨ੍ਹਾਂ ਵਿੱਚੋਂ ਇੱਕ ਚਾਂਦੀ ਤੇ ਤਿੰਨ ਸੋਨ ਤਗ਼ਮੇ ਜਿੱਤੇ। ਉਸ ਨੇ ਏਸ਼ਿਆਈ ਖੇਡਾਂ ’ਚੋਂ ਵੀ ਮੈਡਲ ਜਿੱਤੇ ਤੇ ਹਾਕੀ ਦੇ ਟੂਰ ਲਾਉਂਦਿਆਂ ਸੈਂਕੜੇ ਗੋਲ ਕੀਤੇ। ਮੈਲਬੌਰਨ ਦੀਆਂ ਓਲੰਪਿਕ ਖੇਡਾਂ ਦਾ ਉਹ ਬੈੱਸਟ ਸਕੋਰਰ ਸੀ। ਰੋਮ-1960 ਦੀਆਂ ਓਲੰਪਿਕ ਖੇਡਾਂ ਲਈ ਬਲਬੀਰ ਸਿੰਘ ਸੀਨੀਅਰ ਨੂੰ ਟੀਮ ਵਿਚ ਖਿਡਾਉਣ ਦੀ ਥਾਂ ਟੀਮ ਦਾ ਚੋਣਕਾਰ ਬਣਾ ਲਿਆ ਗਿਆ ਸੀ। ਉਦੋਂ ਊਧਮ ਸਿੰਘ ਨੇ ਕਿਹਾ ਸੀ, “ਜੇ ਗੋਲਡ ਮੈਡਲ ਜਿੱਤਣਾ ਤਾਂ ਬਲਬੀਰ ਨੂੰ ਟੀਮ ਵਿੱਚ ਪਾ ਲਓ, ਮੈਨੂੰ ਭਾਵੇਂ ਰਹਿਣ ਦਿਓ!” ਪਰ ਉਸ ਦੀ ਗੱਲ ਨਾ ਮੰਨੀ ਗਈ ਤੇ ਰੋਮ ਵਿੱਚ ਭਾਰਤੀ ਟੀਮ ਪਾਕਿਸਤਾਨ ਦੀ ਟੀਮ ਹੱਥੋਂ ਹਾਰ ਗਈ। 1961 ਵਿੱਚ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਟੂਰ ਸਮੇਂ ਅਤੇ 1963 ਵਿਚ ਲਿਓਨ ਦੇ ਇੰਟਰਨੈਸ਼ਨਲ ਟੂਰਨਾਮੈਂਟ ਮੌਕੇ ਉਹ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ। 1967 ਦੇ ਪ੍ਰੀ ਓਲੰਪਿਕ ਟੂਰਨਾਮੈਂਟ, 1970 ਦੀਆਂ ਏਸ਼ਿਆਈ ਖੇਡਾਂ ਤੇ 1971 ਦੇ ਸਿੰਗਾਪੁਰ ਫੈਸਟੀਵਲ ਸਮੇਂ ਉਹ ਭਾਰਤੀ ਹਾਕੀ ਟੀਮਾਂ ਦਾ ਕੋਚ ਸੀ।
ਏਡੇ ਵੱਡੇ ਖਿਡਾਰੀ ਬਾਰੇ ਲਿਖਣ ਨੂੰ ਤਾਂ ਬਹੁਤ ਕੁਝ ਹੈ, ਪਰ ਕੁਦਰਤ ਨੇ ਜਿਸ ਪੱਖੋਂ ਉਹਦੇ ਨਾਲ ਜੱਗੋਂ ਤੇਰ੍ਹਵੀਂ ਕੀਤੀ ਉਸ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਵਿਦਾ ਹੋਣ ਤੋਂ ਪਹਿਲਾਂ ਮੈਂ ਉਸ ਨੂੰ ਪੁੱਛਿਆ ਸੀ, “ਕੋਈ ਦੁੱਖ ਸੁੱਖ ਦੀ ਗੱਲ ਵੀ ਦੱਸੋ, ਇਹ ਤਾਂ ਹਰ ਇੱਕ ’ਤੇ ਬੀਤਦੀ ਹੈ।” ਉਸ ਨੇ ਡੂੰਘਾ ਸਾਹ ਭਰ ਕੇ ਕਿਹਾ ਸੀ, “ਪਹਿਲਾ ਵੱਡਾ ਦੁੱਖ ਮਾਂ ਦੀ ਮੌਤ ਦਾ ਹੋਇਆ ਸੀ। ਫੇਰ ਡੈਡ ਵੀ ਲੰਮੀ ਉਮਰ ਨਾ ਜਿਉਂ ਸਕੇ। ਮੇਰੇ ਤਿੰਨ ਪੁੱਤਰ ਹੋਏ ਤੇ ਇੱਕ ਧੀ। ਉਹ ਸਾਰੇ ਹੀ ਵਾਰੋ ਵਾਰੀ ਪਰਮਾਤਮਾ ਨੂੰ ਪਿਆਰੇ ਹੁੰਦੇ ਗਏ। ਬਥੇਰਾ ਇਲਾਜ ਕਰਾਇਆ, ਪਰ ਜੋ ਉਸ ਨੂੰ ਮਨਜ਼ੂਰ…।” ਉਹਦੀਆਂ ਅੱਖਾਂ ਭਰ ਆਈਆਂ।
ਨੌਕਰੀ ਤੋਂ ਰਿਟਾਇਰ ਹੋਣ ਪਿੱਛੋਂ ਉਹ ਆਪਣੇ ਜੱਦੀ ਘਰ ਵਿਚ ਰਹਿਣ ਲੱਗ ਪਿਆ ਸੀ ਤੇ ਹਾਕੀ ਅਕੈਡਮੀ ਬਣਾ ਕੇ ਛੋਟੇ ਬੱਚਿਆਂ ਨੂੰ ਹਾਕੀ ਖੇਡਣੀ ਸਿਖਾਇਆ ਕਰਦਾ ਸੀ। ਸੰਸਾਰਪੁਰ ਦੇ ਉਦੋਂ ਤੱਕ 14 ਓਲੰਪੀਅਨ ਬਣ ਚੁੱਕੇ ਸਨ ਜੋ ਸਾਰੇ ਹੀ ਕੁਲਾਰ ਗੋਤੀ ਸਨ। ਗੁਰਮੀਤ ਸਿੰਘ, ਊਧਮ ਸਿੰਘ, ਗੁਰਦੇਵ ਸਿੰਘ, ਹਰਦੇਵ ਸਿੰਘ ਕੀਨੀਆ, ਦਰਸ਼ਨ ਸਿੰਘ, ਬਲਬੀਰ ਸਿੰਘ, ਜਗਜੀਤ ਸਿੰਘ, ਬਲਬੀਰ ਸਿੰਘ ਬੀਰ੍ਹੀ, ਤਰਸੇਮ ਸਿੰਘ, ਅਜੀਤਪਾਲ ਸਿੰਘ, ਜਗਜੀਤ ਸਿੰਘ ਕੀਨੀਆ, ਹਰਵਿੰਦਰ ਸਿੰਘ ਕੀਨੀਆ, ਬਿੰਦੀ ਸਿੰਘ ਕੈਨੇਡਾ ਤੇ ਹਰਦਿਆਲ ਸਿੰਘ ਕੀਨੀਆ। ਇੱਕੋ ਬੀਹੀ ਦੇ ਜੰਮਪਲ ਬਾਰਾਂ ਓਲੰਪੀਅਨ!
ਊਧਮ ਸਿੰਘ ਨੇ ਆਖ਼ਰੀ ਉਮਰੇ ਦੁਬਾਰਾ ਵਿਆਹ ਕਰਾ ਲਿਆ ਸੀ ਤਾਂ ਜੋ ਔਲਾਦ ਦਾ ਮੂੰਹ ਵੇਖ ਸਕੇ ਜੋ ਉਸ ਦੇ ਕਰਮਾਂ ਵਿਚ ਨਹੀਂ ਸੀ। 18 ਮਾਰਚ 2000 ਨੂੰ ਉਹ ਸਕੂਟਰ ’ਤੇ ਦੂਰਦਰਸ਼ਨ ਜਲੰਧਰ ਨੂੰ ਇੰਟਰਵਿਊ ਦੇਣ ਗਿਆ। ਰਾਹ ’ਚੋਂ ਸਕੂਟਰ ਮੋੜ ਲਿਆ ਤਾਂ ਕਿ ਆਪਣੇ ਹਾਕੀ ਗਰਾਊਂਡ ਤੇ ਦਫ਼ਤਰ ਦੇ ਦਰਸ਼ਨ ਕਰ ਲਵਾਂ ਜਿੱਥੇ ਲੰਮੀ ਉਮਰ ਬਿਤਾਈ ਸੀ। ਉਦੋਂ ਕੀ ਪਤਾ ਸੀ ਇਹ ਜਾਂਦੀ ਵਾਰ ਦੇ ਦਰਸ਼ਨ ਸਨ! 20 ਮਾਰਚ ਨੂੰ ਦਿਲ ਦਾ ਦੌਰਾ ਪਿਆ। ਤੁਰੰਤ ਹਸਪਤਾਲ ਜਾਣਾ ਪਿਆ। 23 ਮਾਰਚ ਨੂੰ ਠੀਕ ਹੋ ਕੇ ਘਰ ਆ ਗਿਆ। ਜਾਣ ਸਾਰ ਗਰਾਊਂਡ ’ਚ ਖੇਡਦੇ ਬੱਚਿਆਂ ਨੂੰ ਲੱਡੂ ਵੰਡੇ ਗਏ। ਪਰ ਉਸੇ ਰਾਤ ਇੱਕ ਦੌਰਾ ਹੋਰ ਪਿਆ ਜੋ 72 ਸਾਲਾਂ ਦੇ ਸਿਰੜੀ ਖਿਡਾਰੀ ਨੂੰ ਨਾਲ ਹੀ ਲੈ ਗਿਆ। 27 ਮਾਰਚ ਨੂੰ ਸੰਸਾਰਪੁਰ ’ਚ ਉਹਦੇ ਨਮਿੱਤ ਪਾਠ ਦਾ ਭੋਗ ਪਾਇਆ ਗਿਆ ਤੇ ਆਤਮਾ ਦੀ ਸ਼ਾਂਤੀ ਲਈ ਅੰਤਮ ਅਰਦਾਸ ਕੀਤੀ ਗਈ। ਹੁਣ ਪਤਾ ਨਹੀਂ ਉਸ ਨੂੰ ਕੋਈ ਯਾਦ ਕਰਦਾ ਹੈ ਜਾਂ ਨਹੀਂ?
-ਪ੍ਰਿੰ. ਸਰਵਣ ਸਿੰਘ

Comment here