ਅਪਰਾਧਖਬਰਾਂਚਲੰਤ ਮਾਮਲੇ

ਡੇਰਾ ਸੰਤਗੜ੍ਹ ਹਰਖੋਵਾਲ ’ਤੇ ਹਥਿਆਰਬੰਦ ਗੁੰਡਿਆਂ ਵੱਲੋਂ ਹਮਲਾ

ਚੱਬੇਵਾਲ-ਡੇਰਾ ਸੰਤਗੜ੍ਹ ਹਰਖੋਵਾਲ ’ਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਮੰਗਲਵਾਰ ਸਵੇਰੇ ਕਰੀਬ 2 ਵਜੇ ਦੇ ਕਰੀਬ ਕਥਿਤ ਤੌਰ ’ਤੇ ਕਬਜ਼ੇ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਾਰ ਕਥਿਤ ਤੌਰ ’ਤੇ ਸੋਨਾ, ਵਿਦੇਸ਼ੀ ਤੇ ਭਾਰਤੀ ਕਰੰਸੀ ਲੁੱਟ ਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਮੇਹਟੀਆਣਾ ਪੁਲਿਸ ਵੱਲੋਂ 5 ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ ਦਰਜ਼ਨਾਂ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਥਾਣਾ ਮੇਹਟੀਆਣਾ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਹਰਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਖੜੌਦੀ ਨੇ ਦੱਸਿਆ ਕਿ ਉਹ ਡੇਰੇ ਦੇ ਮੌਜੂਦਾ ਮੁਖੀ ਸੰਤ ਅਮਰਜੀਤ ਸਿੰਘ ਦਾ ਨਿੱਜੀ ਸੇਵਾਦਾਰ ਹੈ ਅਤੇ ਇਸ ਤੋਂ ਪਹਿਲਾਂ ਉਸ ਨੇ ਪਹਿਲੇ ਡੇਰਾ ਮੁਖੀ ਸੰਤ ਮਨਜੀਤ ਸਿੰਘ ਨਾਲ 4 ਸਾਲ ਤੱਕ ਸੇਵਾ ਕੀਤੀ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਤੜਕਸਾਰ ਅਚਾਨਕ ਡੇਰੇ ਵਿਚ ਰੌਲ਼ਾ ਪਿਆ ਤਾਂ ਉਸ ਨੇ ਦੇਖਿਆ ਕਿ ਕਰੀਬ 40-50 ਵਿਅਕਤੀ ਮਾਰੂ ਹਥਿਆਰਾਂ ਨਾਲ ਲੈੱਸ ਸਨ, ਜਿਨ੍ਹਾਂ ’ਵਿਚੋਂ ਕੁੱਝ ਵਿਅਕਤੀ ਮੇਨ ਕੈਬਿਨ ਦਾ ਦਰਵਾਜ਼ਾ ਤੋੜ ਰਹੇ ਸਨ ਅਤੇ ਫਿਰ ਉਹ ਸੰਤ ਅਮਰਜੀਤ ਸਿੰਘ ਦੇ ਕਮਰੇ ਦਾ ਦਰਵਾਜ਼ਾ ਤੋੜਨ ਲੱਗੇ। ਇਸ ਤੋਂ ਬਾਅਦ ਇਕ ਨਾਮਲੂਮ ਵਿਅਕਤੀ ਨੇ ਉਸ ’ਤੇ ਪਿਸਤੌਲ ਤਾਣ ਦਿੱਤੀ ਅਤੇ ਉਸ ਦੇ ਹੱਥ ਪਿੱਛੇ ਬੰਨ੍ਹ ਦਿੱਤੇ।
ਜਦੋਂ ਸੰਤ ਅਮਰਜੀਤ ਸਿੰਘ ਉਨ੍ਹਾਂ ਨੂੰ ਨਹੀਂ ਮਿਲੇ ਤਾਂ ਉਕਤ ਵਿਅਕਤੀਆਂ ਨੇ ਸੰਤਾਂ ਦੇ ਕਮਰੇ ਵਿਚ ਪਈਆਂ ਅਲਮਾਰੀਆਂ ਦੀ ਭੰਨ-ਤੋੜ ਕੀਤੀ ਅਤੇ ਸੰਗਤ ਵਲੋਂ ਚੜ੍ਹਾਇਆ ਕਰੀਬ ਇਕ ਡੇਢ ਕਿੱਲੋ ਸੋਨਾ, 20 ਲੱਖ ਰੁਪਏ, ਵਿਦੇਸ਼ੀ ਕਰੰਸੀ, ਕੀਮਤੀ ਘੜੀਆਂ, 1 ਲੈਪਟਾਪ, 1 ਐਪਲ ਘੜੀ, 2 ਐਪਲ ਮੋਬਾਈਲ ਅਤੇ ਸੇਵਾਦਾਰਾਂ ਕੋਲੋਂ 12-15 ਮੋਬਾਈਲ ਖੋਹ ਲਏ।
ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਇਕ ਨਿਹੰਗ ਸਿੰਘ ਦੇ ਬਾਣੇ ਵਾਲੇ ਵਿਅਕਤੀ ਨੇ ਕਿਸੇ ਨੂੰ ਫ਼ੋਨ ’ਤੇ ਕਿਹਾ ਕਿ ਉਹ ਡੇਰਾ ਹਰਖੋਵਾਲ ਵਿਚ ਹਨ ਅਤੇ ਉਨ੍ਹਾਂ ਕਾਫ਼ੀ ਕੀਮਤੀ ਸਾਮਾਨ ਲੈ ਲਿਆ ਹੈ ਅਤੇ ਬਾਬਾ ਭਗਵਾਨ ਸਿੰਘ ਡੇਰਾ ਸੰਤਗੜ੍ਹ ਕਪੂਰਥਲਾ ਰੋਡ ਜਲੰਧਰ ਨੂੰ ਦੱਸ ਦਿਓ ਕਿ ਅਸੀਂ ਬਾਬਾ ਅਮਰਜੀਤ ਸਿੰਘ ਨੂੰ ਲੱਭ ਕੇ ਸਾਰਾ ਕੰਮ ਫ਼ਤਹਿ ਕਰ ਕੇ ਆਵਾਂਗੇ ਅਤੇ ਤੁਸੀ ਸੰਤ ਭਗਵਾਨ ਸਿੰਘ ਨੂੰ ਨਾਲ ਲੈ ਕੇ ਡੇਰੇ ਦਾ ਕੰਮ ਸਾਂਭ ਲਓ। ਇਸ ਦੌਰਾਨ ਉਨ੍ਹਾਂ ਦਫ਼ਤਰ ’ਚੋਂ ਡੀਵੀਆਰ, ਡੇਰੇ ਦੀਆਂ ਗੱਡੀਆਂ ਦੀਆਂ ਚਾਬੀਆਂ ਅਤੇ ਹੋਰ ਕੀਮਤੀ ਸਾਮਾਨ ਲੈ ਲਿਆ, ਪ੍ਰੰਤੂ ਪੁਲਿਸ ਅਤੇ ਸੰਗਤ ਨੂੰ ਆਉਂਦਿਆਂ ਦੇਖ ਕੇ ਆਪਣੀਆਂ ਗੱਡੀਆਂ ’ਚ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਕੁਝ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ।
ਉਸ ਨੇ ਦੱਸਿਆ ਕਿ ਇਸ ਸਾਰੀ ਘਟਨਾ ਪਿੱਛੇ ਬਾਬਾ ਭਗਵਾਨ ਸਿੰਘ ਜਲੰਧਰ, ਈਸ਼ਵਰ ਸਿੰਘ, ਦੀਦਾਰ ਸਿੰਘ ਦਾ ਹੱਥ ਹੈ। ਥਾਣਾ ਮੇਹਟੀਆਣਾ ਦੀ ਇੰਚਾਰਜ ਇੰਸਪੈਕਟਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਤਰਸੇਮ ਸਿੰਘ ਢਿੱਲੋਂ ਵਾਸੀ ਭੀਰਾ ਖੇੜੀ ਉੱਤਰ ਪ੍ਰਦੇਸ਼, ਸਤਵੀਰ ਸਿੰਘ ਵਾਸੀ ਯੂਪੀ, ਬਾਬਾ ਭਗਵਾਨ ਸਿੰਘ ਡੇਰਾ ਸੰਤਗੜ੍ਹ ਜਲੰਧਰ, ਈਸ਼ਵਰ ਸਿੰਘ ਡੇਰਾ ਸੰਤਗੜ੍ਹ ਜਲੰਧਰ, ਦੀਦਾਰ ਸਿੰਘ ਡੇਰਾ ਸੰਤਗੜ੍ਹ ਜਲੰਧਰ ਅਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਬਣਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Comment here