ਅਪਰਾਧਸਿਆਸਤਖਬਰਾਂਦੁਨੀਆ

ਟੀ.ਐੱਲ.ਪੀ. ਨੂੰ ਪਾਬੰਦੀਸ਼ੁਦਾ ਸੰਗਠਨਾਂ ਤੋਂ ਹਟਾਉਣ ਲਈ ਪਾਕਿ ਵਲੋਂ ਨੋਟੀਫਿਕੇਸ਼ਨ

ਇਸਲਾਮਾਬਾਦ-ਹਾਲ ਹੀ ਵਿਚ ਟੀ.ਐੱਲ.ਪੀ. ਨਾਲ ਇਕ ਗੁਪਤ ਸਮਝੌਤਾ ਕਰਨ ਵਾਲੀ ਸਰਕਾਰ ਨੇ ਇਕ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ ਅਤੇ ਟੀ.ਐੱਲ.ਪੀ. ਨੂੰ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ ਤੋਂ ਹਟਾ ਦਿੱਤਾ। ਅੱਤਵਾਦੀ ਸੰਗਠਨ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.) ਵੱਲੋਂ ਹਾਲ ਹੀ ਵਿਚ ਸ਼ੁਰੂ ਕੀਤੇ ਗਏ ਪ੍ਰਦਰਸ਼ਨਾਂ ਨੂੰ ਵਾਪਸ ਲੈਣ ਦੇ ਬਦਲੇ ਪਾਕਿਸਤਾਨ ਸਰਕਾਰ ਨੇ ਟੀ.ਐੱਲ.ਪੀ. ’ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਸਰਕਾਰ ਦੇ ਖ਼ਿਲਾਫ਼ ਉਕਤ ਪ੍ਰਦਰਸ਼ਨ ’ਚ 20 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ, ਜਿਨ੍ਹਾਂ ਵਿਚ ਅੱਧੇ ਪੁਲਸ ਵਾਲੇ ਸਨ। ਫਰਾਂਸ ਵਿਚ ਪ੍ਰਕਾਸ਼ਿਤ ਹੋਏ ਈਸ਼ਨਿੰਦਾ ਨਾਲ ਸਬੰਧਤ ਕਾਰਟੂਨ ਦੇ ਮੁੱਦੇ ’ਤੇ ਟੀ.ਐਲ.ਪੀ. ਨੇ ਫਰਾਂਸ ਦੇ ਰਾਜਦੂਤ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਸੀ ਅਤੇ ਹਿੰਸਕ ਵਿਰੋਧ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਇਸ ਸਾਲ ਅਪ੍ਰੈਲ ਵਿਚ ਸੰਗਠਨ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸੰਗਠਨ ਵੱਲੋਂ ਭਵਿੱਖ ਵਿਚ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੰਮ ਕਰਨ ਦੀ ਵਚਨਬੱਧਤਾ ਪ੍ਰਗਟਾਏ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਟੀ.ਐੱਲ.ਪੀ. ਨੇ 18 ਅਕਤੂਬਰ ਨੂੰ ਲਾਹੌਰ ਤੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ ਅਤੇ ਇਸਲਾਮਾਬਾਦ ਤੱਕ ਜਲੂਸ ਕੱਢਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਹਿੰਸਕ ਝੜਪ ’ਚ 10 ਪੁਲਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਸੀ। ਟੀ.ਐਲ.ਪੀ. ਨੇ ਫਰਾਂਸ ਦੇ ਰਾਜਦੂਤ ਦੀ ਵਾਪਸੀ ਅਤੇ ਟੀ.ਐਲ.ਪੀ. ਮੁਖੀ ਸਾਦ ਰਿਜ਼ਵੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ।

Comment here