ਅਪਰਾਧਸਿਆਸਤਖਬਰਾਂ

ਜੰਮੂ-ਕਸ਼ਮੀਰ ਚ ਅੱਤਵਾਦੀਆਂ ਖਿਲਾਫ ਕਾਰਵਾਈ, ਜੰਗ ਲੱਗਿਆ ਅਸਲਾ ਵੀ ਬਰਾਮਦ

ਚਾਰ ਅੱਤਵਾਦੀ ਮੁਕਾਬਲੇ ਚ ਢੇਰ

ਟਾਰਗੈਟ ਕਿਲਿੰਗ ਦੀ ਯੋਜਨਾ ਅਸਫਲ, ਕਈ ਕਾਬੂ

ਸ੍ਰੀਨਗਰ-ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਚਕਤਾਰਸ ਕੰਢੀ ਇਲਾਕੇ ’ਚ ਅੱਤਵਾਦੀਆਂ ਨਾਲ ਪੁਲਿਸ ਅਤੇ ਫ਼ੌਜ ਵਿਚਾਲੇ ਮੁਕਾਬਲੇ ਵਿਚ  ਲਸ਼ਕਰ-ਏ-ਤੋਇਬਾ ਦੇ ਚਾਰ ਅੱਤਵਾਦੀ, ਜਿਨ੍ਹਾਂ ’ਚ ਇਕ ਪਾਕਿਸਤਾਨੀ ਅੱਤਵਾਦੀ ਤੁਫੈਲ ਵੀ ਸ਼ਾਮਿਲ ਹੈ, ਮਾਰੇ ਗਏ ਹਨ।

ਟਾਰਗੈਟ ਕਿਲਿੰਗ ਦੀ ਯੋਜਨਾ ਅਸਫਲ, ਕਈ ਕਾਬੂ

ਕਸ਼ਮੀਰ ‘ਚ ਟਾਰਗੈਟ ਕਿਲਿੰਗ ਦੀ ਸਾਜ਼ਿਸ਼ ਨੂੰ ਨਾਕਾਮ ਬਣਾਉਣ ਤੇ ਅਮਰਨਾਥ ਯਾਤਰਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣ ਲਈ ਪੁਲਿਸ ਨੇ ਪਿਛਲੇ 72 ਘੰਟਿਆਂ ਦੌਰਾਨ ਜੰਮੂ-ਕਸ਼ਮੀਰ ‘ਚ ਕਰੀਬ 18 ਅੱਤਵਾਦੀਆਂ ਤੇ ਉਨ੍ਹਾਂ ਦੇ ਮਦਦਗਾਰਾਂ (ਓਵਰ ਗਰਾਊਂਡ ਵਰਕਰ) ਨੂੰ ਗਿ੍ਫ਼ਤਾਰ ਕੀਤਾ ਹੈ। ਇਹ ਗਿ੍ਫ਼ਤਾਰੀਆਂ ਜੰਮੂ ਤੋਂ ਲੈ ਕੇ ਕਸ਼ਮੀਰ ‘ਚ ਕੰਟਰੋਲ ਲਾਈਨ (ਐੱਲਓਸੀ) ਨਾਲ ਲੱਗਟੇ ਜ਼ਿਲ੍ਹਾ ਕੁਪਵਾੜਾ ‘ਚ ਚਲਾਈ ਜਾ ਰਹੀਆਂ ਮੁਹਿੰਮਾਂ ਤਹਿਤ ਹੋਈਆਂ ਹਨ। ਇਨ੍ਹਾਂ ‘ਚ ਪਿਛਲੇ ਦਿਨੀਂ ਸ਼ੋਪੀਆਂ ‘ਚ ਫ਼ੌਜ ਦੇ ਵਾਹਨ ‘ਚ ਆਈਈਡੀ ਧਮਾਕਾ ਕਰਨ ਵਾਲੇ ਦੋ ਅੱਤਵਾਦੀ ਤੇ ਦੋ ਓਵਰਗਰਾਊਂਡ ਵਰਕਰ ਵੀ ਸ਼ਾਮਿਲ ਹਨ। ਫੜੇ ਗਏ ਸਾਰੇ ਅੱਤਵਾਦੀ ਤੇ ਉਨ੍ਹਾਂ ਦੇ ਮਦਦਗਾਰ ਮਕਬੂਜ਼ਾ ਕਸ਼ਮੀਰ ‘ਚ ਬੈਠੇ ਅੱਤਵਾਦੀ ਕਮਾਂਡਰਾਂ ਨਾਲ ਲਗਾਤਾਰ ਸੰਪਰਕ ‘ਚ ਸਨ। ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ‘ਚ ਬੀਤੇ ਹਫ਼ਤੇ ਦਿੱਲੀ ‘ਚ ਹੋਈ ਸੁਰੱਖਿਆ ਬੈਠਕ ‘ਚ ਜੰਮੂ-ਕਸ਼ਮੀਰ ‘ਚ ਟਾਰਗੈਟ ਕਿਲਿੰਗ ਨੂੰ ਰੋਕਣ ਤੇ ਅਮਰਨਾਥ ਯਾਤਰਾ ਨੂੰ ਸੁਰੱਖਿਅਤ ਬਣਾਉਣ ਦੀ ਇਕ ਰਣਨੀਤੀ ਤਿਆਰ ਕੀਤੀ ਗਈ ਸੀ। ਇਸ ਰਣਨੀਤੀ ਤਹਿਤ ਸੂਬੇ ‘ਚ ਅੱਤਵਾਦੀਆਂ, ਉਨ੍ਹਾਂ ਦੇ ਸਮਰਥਕਾਂ ਤੇ ਮਦਦਗਾਰਾਂ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਤਬਾਹ ਕੀਤਾ ਜਾ ਰਿਹਾ ਹੈ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟਾਰਗੈਟ ਕਿਲਿੰਗ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਪਾਕਿਸਤਾਨ ‘ਚ ਬੈਠੇ ਅੱਤਵਾਦੀ ਸਰਗਰਨਾ ਇਨ੍ਹਾਂ ਵਾਰਦਾਤਾਂ ਲਈ ਨਵੇਂ ਅੱਤਵਾਦੀਆਂ ਨੂੰ ਇਸਤੇਮਾਲ ਕਰ ਰਹੇ ਹਨ। ਪੁਲਿਸ ਨੇ ਇਸ ‘ਤੇ ਕੰਮ ਸ਼ੁਰੂ ਕਰ ਦਿੱਤਾ ਤੇ ਬੀਤੇ 72 ਘੰਟਿਆਂ ਦੌਰਾਨ ਪੂਰੇ ਸੂਬੇ ‘ਚ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰ ਕੇ ਕਰੀਬ 18 ਅੱਤਵਾਦੀਆਂ ਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਹ ਗਿ੍ਫ਼ਤਾਰੀਆਂ ਸ੍ਰੀਨਗਰ, ਬਾਰਾਮੂਲਾ, ਕੁਲਗਾਮ, ਸ਼ੋਪੀਆਂ, ਅਨੰਤਨਾਗ, ਜੰਮੂ, ਰਾਮਬਨ, ਊਧਪੁਰ ਤੇ ਕਠੂਆ ‘ਚ ਹੋਈਆਂ ਹਨ। ਇਹ ਸਾਰੇ ਲੋਕ ਪਾਕਿਸਤਾਨ ‘ਚ ਬੈਠੇ ਅੱਤਵਾਦੀ ਸੱਜਾਦ ਗੁਲ, ਆਸ਼ਿਕ ਨੇਂਗਰੂ ਤੇ ਅਰਜਮੰਦ ਗੁਲਜ਼ਾਰ ਤੋਂ ਇਲਾਵਾ ਕੁਝ ਹੋਰ ਅੱਤਵਾਦੀਆਂ ਨਾਲ ਇੰਟਰਨੈੱਟ ਮੀਡੀਆ ਤੇ ਹੋਰ ਮਾਧਿਅਮਾਂ ਰਾਹੀਂ ਸੰਪਰਕ ‘ਚ ਸਨ। ਇਹ ਪਾਕਿਸਤਾਨ ‘ਚ ਬੈਠੇ ਅੱਤਵਾਦੀਆਂ ਦੇ ਇਸ਼ਾਰੇ ‘ਤੇ ਸੂਬੇ ‘ਚ ਕਈ ਥਾਂ ਮੁੰਡਿਆਂ ਨੂੰ ਮਜ਼ਹਬ ਦੇ ਨਾਂ ‘ਤੇ ਅੱਤਵਾਦੀ ਸਰਗਰਮੀਆਂ ਲਈ ਉਕਸਾਅ ਕੇ ਉਨ੍ਹਾਂ ਨੂੰ ਅੱਤਵਾਦੀ ਧੜਿਆਂ ‘ਚ ਭਰਤੀ ਕਰਨ ਤੋਂ ਇਲਾਵਾ ਵੱਖ-ਵੱਖ ਤਬਾਹਕਾਰੀ ਸਰਗਰਮੀਆਂ ਨੂੰ ਵੀ ਅੰਜਾਮ ਦੇ ਰਹੇ ਸਨ।

ਫ਼ੌਜ ਦੇ ਵਾਹਨ ‘ਚ ਧਮਾਕਾ ਕਰਨ ਵਾਲੇ ਕਾਬੂ

ਪੁਲਿਸ ਸੁੂਤਰਾਂ ਮੁਤਾਬਕ ਸ਼ੋਪੀਆਂ ਦੇ ਸੀਡੂ ‘ਚ ਇਸੇ ਮਹੀਨੇ ਦੋ ਜੂਨ ਨੂੰ ਫ਼ੌਜ ਦੇ ਵਾਹਨ ‘ਚ ਆਈਈਡੀ ਧਮਾਕਾ ਕਰਨ ਦੀ ਸਾਜ਼ਿਸ਼ ਲਸ਼ਕਰ ਕਮਾਂਡਰ ਆਬਿਦ ਰਮਜ਼ਾਨ ਸ਼ੇਖ ਨੇ ਰਚੀ ਸੀ। ਇਸ ਧਮਾਕੇ ‘ਚ ਇਕ ਫ਼ੌਜੀ ਸ਼ਹੀਦ ਤੇ ਦੋ ਹੋਰ ਜ਼ਖ਼ਮੀ ਹੋਏ ਸਨ। ਅੱਤਵਾਦੀ ਆਬਿਦ ਰਮਜ਼ਾਨ ਸ਼ੇਖ ਨੇ ਧਮਾਕੇ ਲਈ ਦੋ ਅੱਤਵਾਦੀਆਂ ਦੇ ਓਵਰਗਰਾਊਂਡ ਵਰਕਰਾਂ ਨੂੰ ਧਮਾਕਾਖੇਜ਼ ਸਮੱਗਰੀ ਤੇ ਹੋਰ ਸਾਜੋ ਸਾਮਾਨ ਦਿੱਤਾ ਸੀ। ਧਮਾਕੇ ‘ਚ ਰਿਮੋਟ ਆਈਈਡੀ ਦਾ ਇਸਤੇਮਾਲ ਕੀਤਾ ਗਿਆ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਹਮਲੇ ‘ਚ ਸ਼ਾਮਿਲ ਅੱਤਵਾਦੀ ਸ਼ੌਕਤ ਅਹਿਮਦ ਸੇਖ ਤੇ ਪਰਵੇਜ਼ ਅਹਿਮਦ ਲੋਨ ਨੂੰ ਦਬੋਚ ਲਿਆ। ਇਹ ਦੋਵੇਂ ਪੇਸ਼ੇ ਤੋਂ ਵਾਹਨ ਚਾਲਕ ਹਨ ਤੇ ਸ਼ੋਪੀਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਦੋਵਾਂ ਨੂੰ ਅੱਤਵਾਦੀ ਬਣਾਉਣ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਲਸ਼ਕਰ ਕਮਾਂਡਰ ਆਬਿਦ ਰਮਜ਼ਾਨ ਨਾਲ ਮਿਲਵਾਉਣ ਵਾਲੇ ਇਨ੍ਹਾਂ ਦੇ ਦੋ ਓਵਰ ਗਰਾਊਂਡ ਵਰਕਰਾਂ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਸਾਰੇ ਪੁਲਿਸ ਅਧਿਕਾਰੀਆਂ ਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਸਾਫ ਨਿਰਦੇਸ਼ ਹੈ ਕਿ ਪਾਕਿਸਤਾਨ ਜਾਂ ਹੋਰ ਦੇਸ਼ਾਂ ‘ਚ ਬੈਠੇ ਕਿਸੇ ਵੀ ਅੱਤਵਾਦੀ ਕਮਾਂਡਰ ਜਾਂ ਕਿਸੇ ਹੋਰ ਰਾਸ਼ਟਰ ਵਿਰੋਧੀ ਤੱਤ ਨਾਲ ਸੰਪਰਕ ਰੱਖਣ ਵਾਲਿਆਂ ਖ਼ਿਲਾਫ਼ ਕਾਨੂੰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇ।

ਜੰਗ ਲੱਗੇ ਹਥਿਆਰ ਬਰਾਮਦ

ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ‘ਚ ਇਕ ਪਿੰਡ ‘ਚ ਜੰਗ ਲੱਗੇ ਹਥਿਆਰ ਅਤੇ ਗੋਲਾ ਬਾਰੂਦ ਮਿਲਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਚਕ ਮੰਗਾ ਪਿੰਡ ਦੇ ਲੋਕਾਂ ਨੂੰ ਇਕ ਖੂਹ ਦੀ ਖੋਦਾਈ ਦੌਰਾਨ ਹਥਿਆਰ ਅਤੇ ਗੋਲਾ ਬਾਰੂਦ ਮਿਲਿਆ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਉੱਥੋਂ ਜੰਗ ਲੱਗੀ ਇਕ ਕਾਰਬਾਈਨ, 2 ਮੈਗਜ਼ੀਨ, ਮੋਰਟਾਰ ਆਦਿ ਬਰਾਮਦ ਕੀਤਾ। ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਆਲੇ ਦੁਆਲੇ ਵੀ ਤਲਾਸ਼ੀ ਮੁਹਿੰਮ ਜਾਰੀ ਹੈ।

Comment here