ਸਿਆਸਤਖਬਰਾਂਚਲੰਤ ਮਾਮਲੇ

ਜਰਮਨ ਚਾਂਸਲਰ ਓਲਾਫ ਸ਼ੋਲਜ਼ ਭਾਰਤ ਦੌਰੇ ‘ਤੇ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਦੇ ਭਾਰਤ ਪਹੁੰਚਣ ਤੇ ਉਨ੍ਹਾਂ ਦਾ ਸੁਆਗਤ ਕੀਤਾ। ਜਰਮਨ ਚਾਂਸਲਰ ਸ਼ੋਲਜ਼ ਨੇ ਰਾਸ਼ਟਰਪਤੀ ਭਵਨ ਵਿਖੇ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਆਪਣੇ ਟਵੀਟ ‘ਚ ਕਿਹਾ ਕਿ ਚਾਂਸਲਰ ਸ਼ੋਲਜ਼ ਦਾ ਦੌਰਾ ਬਹੁ-ਪੱਖੀ ਭਾਰਤ-ਜਰਮਨ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਇਸ ਤੋਂ ਪਹਿਲਾਂ ਹੈਦਰਾਬਾਦ ਹਾਊਸ ‘ਚ ਦੋਹਾਂ ਨੇਤਾਵਾਂ ਨੇ ਤਕਨਾਲੋਜੀ, ਸਵੱਛ ਊਰਜਾ, ਵਪਾਰ ਅਤੇ ਨਿਵੇਸ਼ ਸਮੇਤ ਪ੍ਰਮੁੱਖ ਖੇਤਰਾਂ ਵਿਚ ਸਮੁੱਚੇ ਦੁਵੱਲੇ ਸਬੰਧਾਂ ਨੂੰ ਹੋਰ ਵਧਾਉਣ ਦੀ ਉਮੀਦ ਜਤਾਈ ਹੈ। ਦਸੰਬਰ 2021 ‘ਚ ਜਰਮਨੀ ਦੇ ਚਾਂਸਲਰ ਬਣਨ ਤੋਂ ਬਾਅਦ ਐਂਜੇਲਾ ਮਾਰਕੇਲ ਦੇ ਚੋਟੀ ਦੇ ਅਹੁਦੇ ‘ਤੇ 16 ਸਾਲਾਂ ਦੇ ਇਤਿਹਾਸਕ ਕਾਰਜਕਾਲ ਤੋਂ ਬਾਅਦ ਸ਼ੋਲਜ਼ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਪ੍ਰਧਾਨ ਮੰਤਰੀ ਮੋਦੀ-ਸ਼ੋਲਜ਼ ਵਾਰਤਾ ਦੇ ਵਿਆਪਕ ਏਜੰਡੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਰੂਸ-ਯੂਕਰੇਨ ਯੁੱਧ ਦਾ ਨਤੀਜਾ ਗੱਲਬਾਤ ਵਿਚ ਪ੍ਰਮੁੱਖਤਾ ਨਾਲ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਫੋਕਸ ਵਪਾਰ, ਰੱਖਿਆ, ਸਵੱਛ ਊਰਜਾ, ਜਲਵਾਯੂ ਤਬਦੀਲੀ ਅਤੇ ਨਵੀਂ ਤਕਨਾਲੋਜੀ ਦੇ ਖੇਤਰਾਂ ਵਿਚ ਸਹਿਯੋਗ ਨੂੰ ਉਤਸ਼ਾਹਿਤ ਕਰਨ ‘ਤੇ ਰਿਹਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਅਤੇ ਸ਼ੋਲਜ਼ ਵਿਚਕਾਰ ਦੋ-ਪੱਖੀ ਵਾਰਤਾ ਪਿਛਲੇ ਸਾਲ 16 ਨਵੰਬਰ ਨੂੰ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿਚ ਹੋਈ ਸੀ, ਜਦੋਂ ਕਿ ਦੋਵਾਂ ਨੇਤਾਵਾਂ ਵਿਚਕਾਰ ਪਹਿਲੀ ਮੁਲਾਕਾਤ ਪਿਛਲੇ ਸਾਲ 2 ਮਈ ਨੂੰ ਹੋਈ ਸੀ।

Comment here