ਸਾਹਿਤਕ ਸੱਥਚਲੰਤ ਮਾਮਲੇਵਿਸ਼ੇਸ਼ ਲੇਖ

ਜਨਮ ਦਿਹਾੜਾ : ਸਾਹਿਬਜ਼ਾਦਾ ਜੁਝਾਰ ਸਿੰਘ

ਸਿੱਖ ਇਤਿਹਾਸ ਜਿਥੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਨੂੰ ਸੰਤ-ਸਿਪਾਹੀ ਦੇ ਲ਼ਕਬ ਨਾਲ ਨਿਵਾਜ਼ਦਾ ਉੱਥੇ ਪੁੱਤਰਾਂ ਦਾ ਦਾਨੀ ਕਹਿ ਕੇ ਵੀ ਅਥਾਹ ਮਾਣ-ਸਤਿਕਾਰ ਬਖ਼ਸ਼ਦਾ ਹੈ। ਉਨ੍ਹਾਂ ਦੇ ਇਸ (ਪੁੱਤਰ) ਦਾਨ ਦੀ ਗਵਾਹੀ ਸਿੱਖ ਇਤਿਹਾਸ ਦੇ ਦੋ ਖ਼ੂਨੀ ਸਾਕੇ, ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹਿੰਦ ਰਹਿੰਦੀ ਦੁਨੀਆਂ ਤੱਕ ਭਰਦੇ ਰਹਿਣਗੇ। ਇਨ੍ਹਾਂ ਸਾਕਿਆਂ ਵਿਚੋਂ ਸਾਕਾ ਚਮਕੌਰ ਸਾਹਿਬ ਇੱਕ ਅਜਿਹਾ ਵਿਲੱਖਣ ਸਾਕਾ ਹੈ ਜਿਸ ਵਿਚ ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਬੇਵਸਾਹੀ ਦਾ ਸ਼ਿਕਾਰ ਹੋਏ ਕਲਗੀਧਰ ਪਾਤਸ਼ਾਹ ਦੇ ਮੁੱਠੀ ਭਰ ਸਿੰਘਾਂ ਨੇ ਹਜ਼ਾਰਾਂ ਦੀ ਤਦਾਦ ਵਿਚਲੀਆਂ ਫੌਜਾਂ ਨੂੰ ‘ਲੋਹ ਦੇ ਚਨੇ’ ਚਬਾ ਕੇ ਸ਼ਾਹਦਤ ਦੇ ਜਾਮ ਪੀਤੇ ਸਨ। ਸ਼ਹਾਦਤ ਦੇ ਇਸ ਜਾਮ ਨੂੰ ਪੀਣ ਵਾਲੇ ਮਰਜੀਵੜਿਆਂ ਵਿਚ ਜਿਥੇ ਦਸਮ ਪਿਤਾ ਦੇ ਸਿਦਕੀ ਸਿੱਖਾਂ, ਤਿੰਨ ਪਿਆਰਿਆਂ ਅਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਨਾਮ ਵਰਨਣਯੋਗ ਹੈ, ਉੱਥੇ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਦਾ ਨਾਂਅ ਵੀ ਬੜੇ ਫਖ਼ਰ ਨਾਲ ਲਿਆ ਜਾਂਦਾ ਹੈ।
ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਬਿਕ੍ਰਮੀ 1747 (21 ਚੇਤ 1690) ਨੂੰ ਗੁਰੂ ਸਾਹਿਬ ਦੇ ਮਹਿਲ ਮਾਤਾ ਜੀਤੋ ਜੀ ਦੀ ਕੁੱਖੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ। ਗੁਰੂ ਸਾਹਿਬ ਨੇ ਆਪਣੇ ਦੂਸਰੇ ਸਪੁੱਤਰ ਜੁਝਾਰ ਸਿੰਘ ਦੀ ਪਾਲਣਾ-ਪੋਸ਼ਣਾ ਵੀ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਵਾਂਗ ਹੀ ਪੂਰੀ ਤਨਦੇਹੀ ਅਤੇ ਯੋਗ ਅਗਵਾਈ ਨਾਲ ਕੀਤੀ। ਵੱਡੇ ਵੀਰ ਅਜੀਤ ਸਿੰਘ ਦੀ ਤਰ੍ਹਾਂ ਹੀ ਜੁਝਾਰ ਸਿੰਘ ਨੂੰ ਵੀ ਜਿਸਮਾਨੀ ਕਰਤੱਬਾਂ, ਘੋੜ-ਸਵਾਰੀ, ਤੀਰਅੰਦਾਜ਼ੀ, ਨੇਜੇ-ਭਾਲੇ ਤੇ ਤਲਵਾਰਬਾਜ਼ੀ ਵਿਚ ਨਿਪੁੰਨ ਸੈਨਿਕ ਬਣਾਇਆ ਗਿਆ। ਗੁਰੂ ਪਿਤਾ ਵੱੱਲੋਂ ਆਪਣੇ ਇਸ ਪੁੱਤਰ ਨੂੰ ਫੌਜ਼ੀ ਮੁਹਿੰਮਾ ਦਾ ਹਿੱਸੇਦਾਰ ਬਣਨ ਲਈ ਵੀ ਅਕਸਰ ਹੀ ਭੇਜਿਆ ਜਾਂਦਾ ਸੀ। ਇਸ ਹਿੱਸੇਦਾਰੀ ਅਤੇ ਗੁਰੂ ਪਿਤਾ ਦੀ ਯੋਗ ਰਾਹਨੁਮਾਈ ਕਾਰਨ ਸਾਹਿਬਜ਼ਾਦਾ ਜੁੁਝਾਰ ਸਿੰਘ ਜੂਝਣ ਲਈ ਹਮੇਸ਼ਾਂ ਤਿਆਰ-ਬਰ-ਤਿਆਰ ਰਹਿੰਦੇ ਸਨ।
ਇਸ ਜੂਝਣ ਵਾਲੀ ਬਿਰਤੀ ਕਾਰਨ ਹੀ ਚਮਕੌਰ ਸਾਹਿਬ ਦੇ ਮੈਦਾਨ-ਏ-ਜੰਗ ਵਿਚ ਆਪਣੇ ਵੱਡੇ ਵੀਰ ਅਜੀਤ ਸਿੰਘ ਨੂੰ ਦੁਸ਼ਮਣ ਦਲ ਨਾਲ ਲੋਹਾ ਲੈਂਦਾ ਦੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਖ਼ੂਨ ਵੀ ਉਬਾਲੇ ਖਾਣ ਲੱਗ ਪਿਆ। ਰਣ ਵਿਚ ਵੈਰੀਆਂ ਦੇ ਆਹੂ ਲਾਹੁੰਦਿਆਂ ਜਦੋਂ (2) ਸਾਹਿਬਜ਼ਾਦਾ ਅਜੀਤ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਤਾਂ ਜੁਝਾਰ ਸਿੰਘ ਨੇ ਗੁਰੂ ਪਿਤਾ ਕੋਲ ਆ ਕੇ ਬੇਨਤੀ ਕੀਤੀ ਕਿ “ਪਿਤਾ ਜੀ! ਮੈਨੂੰ ਵੀ ਆਗਿਆ ਬਖ਼ਸ਼ੋ ਤਾਂ ਜੋ ਮੈਂ ਵੀ ਗੁਰਸਿੱਖਾਂ ਦੇ ਮੋਢੇ ਨਾਲ ਮੋਢੇ ਜੋੜ ਕੇ ਵੀਰ ਅਜੀਤ ਸਿੰਘ ਵਾਂਗ ਦੁਸ਼ਮਣ ਦੇ ਨਾਲ ਦੋ ਹੱਥ ਕਰ ਸਕਾਂ। ਮੇਰੀ ਉਮਰ ਭਾਵੇਂ ਛੋਟੀ ਹੈ ਪਰ ਦੇਖਿਉ ਮੈਂ ਦੁਸ਼ਮਣਾਂ ਦੇ ਦੰਦ ਕਿਵੇਂ ਖੱਟੇ ਕਰਦਾ ਹਾਂ। ਪਿਤਾ ਜੀ ! ਜਲਦੀ ਕਰੋ, ਮੈਂ ਵੀ ਆਪਣੇ ਵੱਡੇ ਵੀਰ ਕੋਲ ਜਾਣਾ ਹੈ।’’ ਸਾਹਿਬਜ਼ਾਦਾ ਜੁਝਾਰ ਸਿੰਘ ਵੱਲੋ ਦਿਖਾਏ ਇਸ ਜੋਸ਼ ਅਤੇ ਉਤਸ਼ਾਹ ਨੂੰ ਕਵੀ ਸੈਨਾਪਤਿ ਇੰਝ ਬਿਆਨ ਕਰਦਾ ਹੈ:-ਜਬ ਦੇਖਿਓ ਜੁਝਾਰ ਸਿੰਘ ਸਮਾਂ ਪਹੁਚਿਓ ਆਨ। ਦੌਰਿਓ ਦਲ ਮੈਂ ਧਾਇ ਕੈ ਕਰ ਮੈਂ ਗਹੀ ਕਮਾਨ।
ਸਾਹਿਬਜ਼ਾਦਾ ਜੁਝਾਰ ਸਿੰਘ ਦੇ ਯੁੱਧ-ਚਾਅ ਨੂੰ ਕਵੀ ਰਤਨ ਸਿੰਘ ਭੰਗੂ ਕੁੱਝ ਇਸ ਤਰ੍ਹਾਂ ਬਿਆਨ ਕਰਦਾ ਹੈ:-ਐਸੇ ਰੌਰੇ ਜਬ ਊਹਾਂ ਭਯੋ। ਸਾਹਬ ਜੁਝਾਰ ਸਿੰਘ ਮਨ ਮੈਂ ਠਯੋ। ਅਬ ਜੀਵਨ ਕੋ ਕੁਛ ਧ੍ਰਮ ਨਾਹੀਂ। ਪੁਤ੍ਰ ਜੀਵੈ ਲੜ ਪਿਤਾ ਮਰਾਹੀ।
ਪੁੱਤਰ ਦੇ ਜੰਗੀ-ਜੋਸ਼ ਨੂੰ ਦੇਖ ਕੇ ਹਜ਼ੂਰ ਨੇ ਜੁਝਾਰ ਸਿੰਘ ਦੇ ਨਾਲ ਭਾਈ ਹਿੰਮਤ ਸਿੰਘ,ਭਾਈ ਸਾਹਿਬ ਸਿੰਘ (ਦੋਵੇਂ ਪਿਆਰੇ) ਭਾਈ ਮੋਹਰ ਸਿੰਘ ਅਤੇ ਭਾਈ ਲਾਲ ਸਿੰਘ ਨੂੰ (ਜਥੇ ਦੇ ਰੂਪ ਵਿਚ) ਚਮਕੌਰ ਦੀ ਗੜ੍ਹੀ ਤੋਂ ਬਾਹਰ ਭੇਜ ਦਿੱਤਾ। ਜਿਉਂ ਹੀ ਇਹ ਪੰਜ ਸ਼ੇਰ ਗੜ੍ਹੀ ਵਿਚੋ ਬਾਹਰ ਨੂੰ ਆਏ ਤਾਂ ਇਨ੍ਹਾਂ ਨੇ ਵੈਰੀ ਦੀ ਫੌਜ ‘ਤੇ ਹੱਲਾ ਬੋਲ ਦਿੱਤਾ। ਇਧਰ ਜੂਝਾਰ ਸਿੰਘ ਆਪਣੇ ਸਾਥੀਆਂ ਸਮੇਤ ਜੂਝ ਰਿਹਾ ਸੀ ਉਧਰ ਗੁਰੂ ਗੋਬਿੰਦ ਸਿੰਘ ਜੀ ਗੜ੍ਹੀ ‘ਚੋਂ ਤੀਰਾਂ ਦੀ ਬੁਛਾੜ ਕਰ ਰਹੇ ਸਨ। ਉਮਰ ਪੱਖੋਂ ਨਿੱਕੇ ਪਰ ਯੁੱਧ ਕਲਾ ਪੱਖੋਂ ਤਿੱਖੇ ਇਸ ਸੂਰਮੇ ਦੀ ਸੂਰਮਤਾਈ ਨੂੰ ਦੇਖ ਕੇ ਵੈਰੀ ਵੀ ਦੰਗ ਰਹਿ ਗਏ ਸਨ। ਸਵਾ ਲੱਖ ਨਾਲ ਏਕ ਲੜਾਊਂ ਵਾਲੀ ਨੀਤੀ/ਮੇਹਰ ਸਦਕਾ ਸਾਹਿਬਜ਼ਾਦਾ ਜੁਝਾਰ ਸਿੰਘ ਆਪਣੇ ਸਾਥੀਆਂ ਸਮੇਤ ਕਈ-ਕਈ ਮੁਗਲ ਸਿਪਾਹੀਆਂ ‘ਤੇ ਭਾਰੀ ਪੈਂਦੇ ਹੋਏ ਅਖੀਰ 8 ਪੋਹ ਸੰਮਤ 1761 ਮੁਤਾਬਕ 22 ਦਸੰਬਰ 1704 ਈ. ਨੂੰ ਸ਼ਹੀਦੀਆਂ ਪਾ ਗਏ।

Comment here