ਸਾਹਿਤਕ ਸੱਥਚਲੰਤ ਮਾਮਲੇਵਿਸ਼ੇਸ਼ ਲੇਖ

ਜਨਮ ਦਿਨ ਤੇ ਵਿਸ਼ੇਸ਼ : ਸ਼ਿਵ ਕੁਮਾਰ ਬਟਾਲਵੀ

ਬ੍ਰਿਹੋ ਦੇ ਕਵੀ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਬੜਾ ਪਿੰਡ ਲੋਹਟੀਆਂ ਤਹਿਸੀਲ ਸ਼ਕਰਗੜ੍ਹ ਜਿਲ੍ਹਾ ਸਿਆਲਕੋਟ(ਪੱਛਮੀ ਪੰਜਾਬ) ਵਿਚ 23 ਜੁਲਾਈ 1936 ਨੂੰ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਦੇ ਘਰ ਮਾਤਾ ਸ਼ਾਂਤੀ ਦੇਵੀ ਦੀ ਕੁਖੋਂ ਹੋਇਆ। ਉਹਨਾਂ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਮਾਲ ਮਹਿਕਮੇ ਵਿਚ ਪਹਿਲਾਂ ਪਟਵਾਰੀ ਰਹੇ ਬਾਅਦ ਵਿਚ ਕੰਨਗੌ ਅਤੇ ਸੇਵਾ ਮੁਕਤੀ ਵੇਲੇ ਪਟਵਾਰ ਸਕੂਲ ਦੇ ਪ੍ਰਿੰਸੀਪਲ ਸਨ।
ਦੇਸ਼ ਦੀ ਵੰਡ ਤੋਂ ਬਾਅਦ 1947 ਵਿਚ ਇਹ ਪਰਿਵਾਰ ਬਟਾਲੇ ਜਿਲ੍ਹਾ ਗੁਰਦਾਸਪੁਰ ਆ ਵਸਿਆ। ਇੱਥੇ ਹੀ ਸ਼ਿਵ ਨੇ ਆਪਣੀ ਮੁਡਲੀ ਵਿਦਿਆ ਪ੍ਰਾਪਤ ਕੀਤੀ।
1953 ਵਿਚ ਇਸ ਨੇ ਸਾਲਵੇਸ਼ਨ ਆਰਮੀ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਪਹਿਲਾਂ ਸ਼ਿਵ ਕੁਮਾਰ ਨੇ ਕ੍ਰਿਸਚੀਅਨ ਕਾਲਜ ਬਟਾਲੇ ਦਾਖ਼ਲਾ ਲਿਆ ਫਿਰ ਕੁਝ ਸਮੇਂ ਲਈ ਨਾਭਾ ਵਿਖੇ ਸਰਕਾਰੀ ਰਿਪਦੂਮਨ ਕਾਲਿਜ ਵਿਚ ਦਾਖ਼ਲਾ ਲਿਆ ਫਿਰ ਸਿੱਖ ਨੈਸ਼ਨਲ ਕਾਦੀਆਂ ਵਿਖੇ ਦਾਖ਼ਲਾ ਲਿਆ। ਬੈਜਨਾਥ ਜਿਲ੍ਹਾ ਕਾਂਗੜਾ ਦੇ ਇਕ ਸਕੂਲ ਵਿਚ ਉਵਰਸੀਰੀ ਦੇ ਕੋਰਸ ਵਿਚ ਦਾਖਲਾ ਲਿਆ ਪਰ ਡਪਲੋਮਾ ਕਿਸੇ ਥਾਂ ਤੋਂ ਵੀ ਪ੍ਰਾਪਤ ਨਾ ਕੀਤਾ। ਉਸ ਦੇ ਪਿਤਾ ਨੇ ਸ਼ਿਵ ਕੁਮਾਰ ਨੂੰ ਪਟਵਾਰੀ ਲਵਾ ਦਿੱਤਾ। 1961 ਵਿਚ ਸ਼ਿਵ ਨੇ ਇਸ ਨੌਕਰੀ ਤੋਂ ਵੀ ਅਸਤੀਫ਼ਾ ਦੇ ਦਿੱਤਾ। 1966 ਤੱਕ ਕੋਈ ਕੰਮ ਨਾ ਕੀਤਾ। ਇਸ ਸਾਲ ਹੀ ਇਸ ਨੇ ਸਟੇਟ ਬੈਂਕ ਆਫ਼ ਇੰਡੀਆ ਦੀ ਬਟਾਲਾ ਸਾਖਾ ਵਿਚ ਕਲਰਕ ਦੀ ਨੌਕਰੀ ਕਰ ਲਈ।
5 ਫ਼ਰਵਰੀ 1967 ਨੂੰ ਸ਼ਿਵ ਕੁਮਾਰ ਦਾ ਵਿਆਹ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਕੀੜੀ ਮੰਗਿਆਲ ਦੀ ਅਰੂਣਾ ਨਾਲ ਹੋਇਆ। ਉਹਨਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਬਟਾਲਵੀ ਅਤੇ ਧੀ ਪੂਜਾ ਨੇ ਜਨਮ ਲਿਆ। 1968 ਵਿਚ ਸਟੇਟ ਬੈਂਕ ਆਫ਼ ਇੰਡੀਆ ਦੇ ਮੁਲਾਜਮ ਵਜੋਂ ਬਦਲ ਕੇ ਉਹ ਚੰਡੀਗੜ੍ਹ ਆ ਗਿਆ। ਚੰਡੀਗ੍ਹੜ ਆ ਕੇ ਸ਼ਿਵ ਨੇ ਨੌਕਰੀ ਵਿਚ ਕੋਈ ਦਿਲਚਸਪੀ ਨਹੀ ਵਿਖਾਈ। ਉਹ 21 ਸੈਕਟਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਹਫ਼ਤੇ ਵਿਚ ਇਕ ਜਾਂ ਦੋ ਦਿਨ ਹੀ ਕੰਮ ਤੇ ਜਾਂਦਾ।
ਸ਼ਿਵ ਕੁਮਾਰ ਨੇ ਇਕ ਕਾਵਿ ਰਚਨਾਂ ਲੂਣਾ 1965 ਵਿਚ ਲਿਖੀ। ਉਸ ਨੇ ਇਸ ਸਮਾਜ ਵਿਚ ਭੰਡੀ ਜਾਣ ਵਾਲੀ ਲੂਣਾ ਨੂੰ ਨਿਰਦੋਸ਼ ਸਾਬਤ ਕਰ ਦਿੱਤਾ।ਸ਼ਿਵ ਕੁਮਾਰ ਨੇ ਕਿਹਾ ਰਾਜੇ ਸਲਵਾਨ ਤੋਂ ਲੂਣਾ ਉਮਰ ਵਿਚ ਬਹੁਤ ਛੋਟੀ ਸੀ ਇਸ ਕਰਕੇ ਲੂਣਾ ਦਾ ਰਾਜੇ ਸਲਵਾਨ ਨਾਲ ਵਿਆਹ ਕਰਨ ਦੇ ਦੋਸ਼ੀ ਲੂਣਾ ਦੇ ਮਾਂ ਪਿਓੁ ਅਤੇ ਸਮਾਜ ਦੇ ਲੋਕ ਹਨ। ਇਸ ਕਿਤਾਬ ਵਿਚ ਲੂਣਾ ਕਹਿੰਦੀ ਹੈ- ਹਰ ਬਾਬਲ ਵਰ ਢੂੰਡਣ ਜਾਵੇ
ਹਰ ਅਗਨੀੇ ਮੇਚ
ਜੋ ਬਾਬਲ ਵਰ ਢੂੰਡ ਲਿਆਇਆ
ਸੋ ਨਾ ਆਇਆ ਮੇਚ
ਨੀਂ ਮੈ ਅੰਗ ਟੁਰੀ ਪਰਦੇਸ
ਖੋਹ ਲਓ ਮਹਿਲ ਚੁਬਾਰੇ
ਤੇ ਝਿੱਕਾ ਘਰ ਦੇਵੋ
ਜਿਸ ਕੰਧੀ ਦੀ ਇਟ ਮੈਂ
ਉਥੇ ਹੀ ਜੜ ਦੇਵੋ
ਮੈਨੂੰ ਭਿਟ- ਅੰਗੀ ਨੂੰ
ਭਿਟ ਅੰਗਾ ਵਰ ਦੇਵੋ
ਰਾਜੇ ਸਲਵਾਨ ਨੇ ਰਾਣੀ ਇੱਛਰਾਂ ਨੂੰ ਧੋਖਾ ਦੇ ਕੇ ਲੂਣਾ ਨਾਲ ਵਿਆਹ ਕਰਵਾ ਲਿਆ ਜਦ ਰਾਣੀ ਇੱਛਰਾਂ ਨੂੰ ਪਤਾ ਲੱਗਿਆ ਉਹ ਮਰਦ ਜਾਤ ਨੂੰ ਦੁਰਕਾਰ ਦੀ ਹੋਈ ਰਾਜੇ ਸਲਵਾਨ ਨੂੰ ਕਹਿੰਦੀ ਹੈ- ਮੱਚੇ ਕਾਲਜਾ ਜੀਭੇ ਕੁੜੱਲ ਪੈਂਦੇ
ਕਰਨੋ ਗੱਲ ਕੁਚੱਜੀ ਪਈ ਸੰਗਦੀ ਹਾਂ
ਮੇਰੇ ਸੰਗ ਚੋ ਮੇਰਾ ਨਾ ਸਾਹ ਲੰਘੇ
ਕਾਲੇ ਪੰਧ ਨਮੋਸ਼ੀ ਦੇ ਅੰਗਦੀ ਹਾਂ
ਰਾਜੇ ਹੋਏ, ਚਮਾਰੀ ਪਰਨਾਏ ਆਂਦੀ
ਫੜ ਕਾਲਜਾ ਪੀੜ ਪਈ ਧੰਮਦੀ ਹਾਂ
ਨੀ ਮੈਂ ਗਿਰਗਟਾਂ ਦੇ ਰੰਗ ਸਮਝਦੀ ਹਾਂ
ਪਰ ਇਹ ਮਰਦਾਂ ਦੇ ਰੰਗ ਨਾ ਸਮਝ ਸਕੀ
ਡੰਗ ਸਮਝਾਂ ਮੈਂ ਕਾਲੇ ਖੜੱਪਿਆਂ ਦੇ
ਪਰ ਇਹ ਮਰਦਾਂ ਦੇ ਡੰਗ ਨਾ ਸਮਝ ਸਕੀ
ਇਸ ਲੂਣਾ ਕਿਤਾਬ ਬਦਲੇ ਸ਼ਿਵ ਨੂੰ 1967 ਵਿਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸ਼ਿਵ ਕੁਮਾਰ ਆਪਣੀਆਂ ਜਿੰਦਗੀ ਦੀਆਂ ਦਰਦ ਭਰੀਆਂ ਯਾਂਦਾ ਨੂੰ ਗੀਤਾਂ ਵਿਚ ਦੇਸੀ ਮਹੀਨਿਆਂ ਅਤੇ ਖੇਤਾਂ ਵਿਚ ਉਗੀਆਂ ਫਸਲਾਂ ਦੇ ਹਿਸਾਬ ਨਾਲ ਯਾਦ ਕਰਦਾ ਲਿਖਦਾ ਹੈ-
ਜਦ ਪੈਣ ਕਪਾਹੀ ਫੁੱਲ
ਵੇ ਧਰਮੀ ਬਾਬਲਾ
ਸਾਨੂੰ ਉਹ ਰੁੱਤ ਲੈ ਦਈ
ਮੁੱਲ ਵੇ ਧਰਮੀ ਬਾਬਲਾ
ਇਸ ਰੁੱਤੇ ਮੇਰਾ ਗੀਤ ਗੁਆਚਾ
ਜਿਦ੍ਹੇ ਗੱਲ ਬਿਰਹੋਂ ਦੀ ਗਾਨੀ
ਮੁੱਖ ਤੇ ਕਿੱਲ ਗਮਾਂ ਦੇ
ਨੈਣੀ ਉੱਜੜੇ ਖੂਹ ਦਾ ਪਾਣੀ
ਨੈਣੀ ਉਹਦੇ ਚੇਤ ਦੀ ਆਥਣ
ਅਤੇ ਜ਼ੁਲਫੀਂ ਸਾਵਣ ਛਾਇਆ
ਹੋਠਾਂ ਦੇ ਵਿਚ ਕੱਤੇਂ ਦਾ
ਕੋਈ ਦਿਹੁੰ ਚੜ੍ਹਨੇ ਤੇ ਆਇਆ
ਨੀ ਮੈਂ ਵਾਰੀ ਜਾਂ
ਉਸ ਦੀਆਂ ਰਚਨਾਵਾਂ ਪੀੜਾਂ ਦਾ ਪਰਾਗਾ (1960), ਲਾਜਵੰਤੀ (1961), ਆਟੇ ਦੀਆਂ ਚਿੜੀਆਂ(1962), ਮੈਨੂੰ ਵਿਦਾ ਕਰੋ(1963), ਦਰਦਮੰਦਾਂ ਦੇ ਆਹੀ (1964), ਲੂਣਾ (1965), ਮੈਂ ਤੇ ਮੈਂ(1970), ਆਰਤੀ (1971)ਵਿਚ ਛਪੀਆਂ। 1960 ਦੇ ਛਪੇ ਪਲੇਠੇ ਕਾਵਿ ਸੰਗ੍ਰਹਿ ਨੇ ਸ਼ਿਵ ਨੂੰ ਪ੍ਰਸਿੱਧੀ ਵੱਲ ਲੈ ਆਂਦਾ। ਇਸ ਵਿਚ ਔਰਤ ਦੇ ਮਨ ਦੀਆਂ ਰੀਝਾਂ, ਸਧਰਾਂ, ਦੁੱਖ ਦਰਦ ਅਤੇ ਘੋਰ ਨਿਰਾਸ਼ਾ ਨੂੰ ਆਪਣੀ ਕਵਿਤਾ ਵਿਚ ਪੇਸ਼ ਕੀਤਾ ਹੈ-
ਲਾ ਲਾ ਲੂਣ ਖੁਆਏ ਦਿਲ ਦੇ
ਡੱਕਰੇ ਕਰ ਕਰ ਪੀੜਾਂ ਨੂੰ
ਪਰ ਇਕ ਪੀੜ ਵਸਲ ਦੀ ਤਾਂ ਵੀ
ਭੁੱਖੀ ਮਰਦੀ ਜਾਏ ਨੀ
ਹੰਝੂਆਂ ਦੀ ਅੱਗ ਸੇਕ ਸੇਕ ਕੇ
ਸੜ ਚੱਲੀਆਂ ਜੇ ਪਲਕਾਂ ਨੀ
ਪਰ ਪੀੜਾਂ ਦੇ ਪੋਹ ਦਾ ਅੜੀਓ
ਘਟਿਆ ਸੀਤ ਨਾ ਮਾਸਾ ਨੀ
ਸਿਵ ਕੁਮਾਰ ਦੀਆਂ ਰਚਨਾਵਾਂ ਸਰਿੰਦਰ ਕੌਰ, ਨੁਸਰਤ ਫਤਿਹ ਅਲੀ ਖਾਨ, ਜਗਜੀਤ ਸਿੰਘ, ਦੀਦਾਰ ਸਿੰਘ ਪ੍ਰਦੇਸੀ, ਬੱਬੂ ਮਾਨ, ਆਸਾ ਸਿੰਘ ਮਸਤਾਨਾ, ਕੇ ਦੀਪ, ਮਹਿੰਦਰ ਕਪੂਰ ਆਦਿ ਕਈ ਗਾਇਕਾਂ ਨੇ ਗਾਈਆਂ। ਮਈ 1972 ਵਿਚ ਸ਼ਿਵ ਨੇ ਡਾ. ਗੋਪਾਲ ਪੁਰੀ ਅਤੇ ਸ੍ਰੀ ਮਤੀ ਕੈਲਾਸ਼ ਪੁਰੀ ਦੇ ਸੱਦੇ ਤੇ ਇੰਗਲੈਡ ਦਾ ਦੌਰਾ ਕੀਤਾ। ਇੰਗਲੈਂਡ ਦੇ ਪੰਜਾਬੀ ਭਾਈਚਾਰੇ ਵਿਚ ਸ਼ਿਵ ਕੁਮਾਰ ਦੀ ਪ੍ਰਸਿੱਧੀ ਪਹਿਲਾਂ ਹੀ ਬਹੁਤ ਸੀ। ਉਸ ਦਾ ਸਥਾਨਕ ਅਖ਼ਬਾਰਾਂ ਵਿਚ ਸੁਰਖੀਆਂ ਤਸਵੀਰਾਂ ਨਾਲ ਉਸ ਦੇ ਆਉਣ ਦਾ ਐਲਾਨ ਕੀਤਾ ਗਿਆ। ਉਸ ਦੇ ਸਨਮਾਨ ਲਈ ਕਈ ਜਨਤਕ ਸਮਾਗਮਾਂ ਅਤੇ ਨਿੱਜੀ ਪਾਰਟੀਆਂ ਦਾ ਪ੍ਰਬੰਧ ਕੀਤਾ ਗਿਆ। ਸ਼ਿਵ ਨੇ ਰਾਤ ਨੂੰ ਪਾਰਟੀਆਂ ਤੋਂ ਲੇਟ ਆਉਣਾ ਸਵੇਰੇ ਸਵੱਖਤੇ ਉਠਣਾ ਉਸ ਦੀ ਸਿਹਤ ਘੱਟਣੀ ਸ਼ੁਰੂ ਹੋ ਗਈ।
ਸਤੰਬਰ 1972 ਨੂੰ ਸ਼ਿਵ ਕੁਮਾਰ ਇੰਗਲੈਂਡ ਤੋਂ ਵਾਪਿਸ ਪਰਤਿਆ ਤਾਂ ਉਸ ਦੀ ਸਿਹਤ ਵਿਚ ਕਾਫ਼ੀ ਗਿਰਾਵਟ ਆ ਚੁੱਕੀ ਸੀ। ਸ਼ਿਵ ਕੁਮਾਰ ਮਹਿਸੂਸ ਕਰ ਰਿਹਾ ਸੀ ਲੋੜ ਵੇਲੇ ਉਸ ਦੇ ਬਹੁਤ ਸਾਰੇ ਦੋਸਤਾਂ ਨੇ ਉਸ ਦਾ ਸਾਥ ਛੱਡ ਦਿੱਤਾ ਸੀ। ਉਸ ਦੇ ਜਿਗਰ ਵਿਚ ਨੁਕਸ ਪੈ ਚੁੱਕਾ ਸੀ ਉਸ ਨੂੰ ਉਸ ਦੀ ਪਤਨੀ ਨੇ ਚੰਡੀਗ੍ਹੜ 16 ਸੈਕਟਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿੱਥੇ ਕੁਝ ਦਿਨ ਇਲਾਜ ਚੱਲਿਆ।
ਕੁਝ ਮਹੀਨਿਆਂ ਬਾਅਦ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪਰ ਸ਼ਿਵ ਕੁਮਾਰ ਡਾਕਟਰਾਂ ਦੀ ਮਰਜ਼ੀ ਤੋਂ ਬਿੰਨਾਂ ਹੀ ਛੁੱਟੀ ਲੈ ਗਿਆ ਉਹ ਹਸਪਤਾਲ ਵਿਚ ਮਰਨਾ ਨਹੀਂ ਚਹੁੰਦਾ ਸੀ। ਉਹ ਬਟਾਲੇ ਆਪਣੇ ਪਰਿਵਾਰ ਕੋਲ ਚਲਿਆ ਗਿਆ। ਬਾਅਦ ਵਿਚ ਉਸ ਨੂੰ ਉਸ ਦੇ ਸੁਹਰੇ ਪਿੰਡ ਕੀੜੀ ਮੰਗਿਆਲ ਪਾਕਿਸਤਾਨ ਦੀ ਸਰਹੰਦ ਦੇ ਨੇੜੇ ਇਕ ਛੋਟੇ ਜਿਹੇ ਪਿੰਡ ਵਿਚ ਲਿਜਾਇਆ ਗਿਆ। 6 ਮਈ 1973 ਨੂੰ 37ਵੇਂ ਸਾਲ ਭਰ ਜਵਾਨੀ ਵਿਚ ਉੱਥੇ ਹੀ ਉਸ ਦੀ ਮੌਤ ਹੋ ਗਈ।
ਅਸਾਂ ਤਾਂ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪ੍ਰਕਰਮਾਂ
ਅਸਾਂ ਤਾਂ ਜੋਬਨ ਰੁੱਤੇ ਮਰਨਾ !
ਸ਼ਿਵ ਕੁਮਾਰ ਦੇ ਮਰਨ ਉਪਰੰਤ ਬਿਰਹੜਾ(1974), ਅਲਵਿਦਾ(1974), ਅਸਾਂ ਤਾਂ ਜੋਬਨ ਰੁੱਤੇ ਮਰਨਾਂ(1976), ਸਾਗਰ ਤੇ ਕਣੀਆਂ(1982), ਸ਼ਿਵ ਕੁਮਾਰ ਪੂਰਨ ਕਾਵਿ ਸੰਗ੍ਰਹਿ(1983) ਵਿਚ ਛਪਿਆ।

-ਸੁਖਵਿੰਦਰ ਸਿੰਘ

Comment here