ਸਿਆਸਤਖਬਰਾਂਚਲੰਤ ਮਾਮਲੇ

ਚੰਡੀਗੜ੍ਹ ਮੇਅਰ ਦੀ ਕੁਰਸੀ ‘ਤੇ ਭਾਜਪਾ ਦਾ ਕਬਜ਼ਾ

ਚੰਡੀਗੜ੍ਹ-ਨਗਰ ਨਿਗਮ ਮੇਅਰ ਦੀ ਹੋਈ ਚੋਣ ਵਿੱਚ ਭਾਜਪਾ ਨੇ ਬਾਜ਼ੀ ਮਾਰ ਲਈ ਹੈ। ਭਾਜਪਾ ਆਗੂ ਅਨੂਪ ਗੁਪਤਾ ਮੇਅਰ ਦੀ ਚੋਣ ਜਿੱਤ ਗਏ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਲਾਡੀ ਨੂੰ ਹਰਾ ਕੇ ਚੋਣ ਜਿੱਤੀ। ਚੰਡੀਗੜ੍ਹ ਨਿਗਮ ਦੀ ਸਾਰੀ ਚੋਣ ਪ੍ਰਕਿਰਿਆ ਸਵੇਰੇ 11: 30 ਵਜੇ ਸ਼ੁਰੂ ਹੋਈ ਸੀ ਅਤੇ ਡੇਢ ਘੰਟੇ ਵਿੱਚ ਪੂਰਨ ਹੋ ਗਈ।
ਦੱਸ ਦੇਈਏ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਵੱਲੋਂ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ ਗਿਆ, ਜਿਸ ਕਾਰਨ ਇਹ ਮੁਕਬਲਾ ਆਮ ਆਦਮੀ ਪਾਰਟੀ ਅਤੇ ਭਾਜਪਾ ਵਿੱਚ ਸੀ, ਜਿਸ ਵਿੱਚ ਭਾਜਪਾ ਉਮੀਦਵਾਰ ਅਨੂਪ ਗੁਪਤਾ ਨੇ ਇੱਕ ਵੋਟ ਦੇ ਫ਼ਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਡੀ ਨੂੰ ਪਛਾੜ ਕੇ ਚੋਣ ਜਿੱਤੀ।
ਚੰਡੀਗੜ੍ਹ ਨਿਗਮ ਵਿੱਚ ਭਾਜਪਾ ਦੇ 14 ਕੌਂਸਲਰ ਅਤੇ ਇੱਕ ਮੈਂਬਰ ਪਾਰਲੀਮੈਂਟ ਕਿਰਨ ਖੇਰ ਹੈ, ਜਦਕਿ ਆਮ ਆਦਮੀ ਪਾਰਟੀ ਦੇ 14 ਕੌਂਸਲਰ ਹਨ। ਇਸੇ ਤਰ੍ਹਾਂ ਅਕਾਲੀ ਦਲ ਦਾ 1 ਕੌਂਸਲਰ ਅਤੇ ਕਾਂਗਰਸ ਦੇ 6 ਕੌਂਸਲਰ ਹਨ, ਜੋ ਇਨ੍ਹਾਂ ਦੋਵਾਂ ਪਾਰਟੀਆਂ ਦੇ ਮੈਂਬਰ ਗੈਰਹਾਜ਼ਰ ਰਹੇ।
ਮੇਅਰ ਚੁਣੇ ਜਾਣ ਤੋਂ ਬਾਅਦ ਹੁਣ ਡੀ.ਸੀ. ਨਵੇਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਵਾਉਣਗੇ। ਭਾਜਪਾ ਨੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕੰਵਰਜੀਤ ਰਾਣਾ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਹਰਜੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ, ਜਦਕਿ ‘ਆਪ’ ਨੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਤਰੁਣਾ ਮਹਿਤਾ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਸੁਮਨ ਸਿੰਘ ਨੂੰ ਨਾਮਜ਼ਦ ਕੀਤਾ ਹੈ।

Comment here