ਅਪਰਾਧਸਿਆਸਤਖਬਰਾਂਦੁਨੀਆ

ਚੀਨ ਦੀਆਂ ਵਿਵਾਦਤ ਹਰਕਤਾਂ

ਵਿਸ਼ੇਸ਼ ਰਿਪੋਰਟ- ਅਰੁਨਦੀਪ

ਭਾਰਤ ਦਾ ਚੀਨ ਨਾਲ ਸਰਹੱਦੀ ਵਿਵਾਦ ਜਾਰੀ ਹੈ। ਕੁਝ ਸਮੇਂ ਤੋਂ ਚੀਨ ਦੀਆਂ ਹਰਕਤਾਂ ਤੋਂ ਇਹੀ ਸਿੱਧ ਹੋ ਰਿਹਾ ਹੈ ਕਿ ਉਹ ਚੜ੍ਹੇ ਸਾਲ ਵੀ ਭਾਰਤ ਲਈ ਸਿਰਦਰਦੀ ਬਣਿਆ ਰਹੇਗਾ। ਪਹਿਲਾਂ ਉਸ ਨੇ ਅਰੁਣਾਚਲ ਪ੍ਰਦੇਸ਼ ਦੀਆਂ 15 ਥਾਵਾਂ ਦਾ ਚੀਨੀ ਤੇ ਤਿੱਬਤੀ ਭਾਸ਼ਾ ’ਚ ਨਾਮਕਰਨ ਕੀਤਾ, ਫਿਰ ਆਪਣੇ ਇਲਾਕੇ ਦੀਆਂ ਫ਼ੌਜੀ ਸਰਗਰਮੀਆਂ ਦਾ ਇਕ ਵੀਡੀਓ ਇਹ ਦੱਸਦੇ ਹੋਏ ਜਾਰੀ ਕੀਤਾ ਕਿ ਉਹ ਗਲਵਾਨ ਵਾਦੀ ਦਾ ਹੈ। ਇਹ ਤੈਅ ਹੈ ਕਿ ਉਹ ਭਵਿੱਖ ’ਚ ਵੀ ਭਾਰਤ ਨੂੰ ਉਕਸਾਉਣ ਵਾਲੀਆਂ ਹਰਕਤਾਂ ਕਰਦਾ ਰਹੇਗਾ। ਇਸ ਦਾ ਖ਼ਦਸ਼ਾ ਇਸ ਲਈ ਵੀ ਵਧ ਗਿਆ ਹੈ ਕਿਉਂਕਿ ਉਸ ਨੇ ਆਪਣੇ ਉਸ ਮਨਮਰਜ਼ੀ ਦੇ ਭੂਮੀ ਸਰਹੱਦੀ ਕਾਨੂੰਨ ’ਤੇ ਅਮਲ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਮਕਸਦ ਭਾਰਤ ਨਾਲ ਲੱਗਦੀ ਸਰਹੱਦ ’ਤੇ ਨਿਰਮਾਣ ਕਾਰਜਾਂ ਨੂੰ ਤੇਜ਼ ਕਰਨਾ ਅਤੇ ਵਿਵਾਦ ਵਾਲੇ ਇਲਾਕਿਆਂ ਵਿਚ ਆਪਣਾ ਦਾਅਵਾ ਪੇਸ਼ ਕਰਨਾ ਹੈ। ਕੁਝ ਦਿਨ ਪਹਿਲਾਂ ਨਵੀਂ ਦਿੱਲੀ ਸਥਿਤ ਚੀਨੀ ਦੂਤਘਰ ਨੇ ਭਾਰਤੀ ਸੰਸਦ ਮੈਂਬਰਾਂ ਦੇ ਤਿੱਬਤ ਨਾਲ ਜੁੜੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ’ਤੇ ਇਤਰਾਜ਼ ਪ੍ਰਗਟਾਇਆ ਸੀ। ਚੀਨ ਇਕ ਅਰਸੇ ਤੋਂ ਨਾ ਸਿਰਫ਼ ਤਿੱਬਤ ਨੂੰ ਆਪਣਾ ਅਟੁੱਟ ਅੰਗ ਦੱਸਦਾ ਆ ਰਿਹਾ ਹੈ ਬਲਕਿ ਅਰੁਣਾਚਲ ਪ੍ਰਦੇਸ਼ ’ਤੇ ਵੀ ਆਪਣਾ ਦਾਅਵਾ ਕਰ ਰਿਹਾ ਹੈ। ਇਹ ਠੀਕ ਹੈ ਕਿ ਭਾਰਤ ਨੇ ਹਮੇਸ਼ਾ ਦੀ ਤਰ੍ਹਾਂ ਅਰੁਣਾਚਲ ’ਤੇ ਚੀਨ ਦੇ ਫਰਜ਼ੀ ਦਾਅਵੇ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਉੱਥੋਂ ਦੇ ਇਲਾਕਿਆਂ ਦੇ ਆਪਣੇ ਹਿਸਾਬ ਨਾਲ ਨਾਂ ਰੱਖਣ ਨਾਲ ਇਹ ਤੱਥ ਨਹੀਂ ਬਦਲਣ ਵਾਲਾ ਕਿ ਇਹ ਪ੍ਰਦੇਸ਼ ਭਾਰਤ ਦਾ ਹਿੱਸਾ ਹੈ ਅਤੇ ਰਹੇਗਾ। ਬੇਸ਼ੱਕ ਤੱਥ ਭਾਰਤ ਦੇ ਪੱਖ ’ਚ ਹਨ ਪਰ ਇੱਥੇ ਸਿਰਫ਼ ਇੰਨਾ ਹੀ ਕਾਫ਼ੀ ਨਹੀਂ ਹੈ। ਹੋਰ ਵੀ ਕਦਮ ਚੁੱਕਣ ਦੀ ਲੋੜ ਮਹਿਸੂਸ ਹੋ ਰਹੀ ਹੈ। ਚੀਨ ਹੁਣ ਗੁੰਡਾਗਰਦੀ ਦੇ ਨਾਲ-ਨਾਲ ਕੂੜ ਪ੍ਰਚਾਰ ’ਤੇ ਵੀ ਉਤਰ ਆਇਆ ਹੈ। ਇਸ ਲਈ ਉਸ ਨੂੰ ਨਾ ਸਿਰਫ਼ ਉਸੇ ਦੀ ਭਾਸ਼ਾ ’ਚ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਬਲਕਿ ਤਿੱਬਤ, ਹਾਂਗਕਾਂਗ ਤੇ ਤਾਇਵਾਨ ਦੇ ਮਾਮਲੇ ਵਿਚ ਪੁਰਾਣੀਆਂ ਨੀਤੀਆਂ ’ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਇਸ ਗੱਲ ’ਤੇ ਵੀ ਧਿਆਨ ਦੇਣਾ ਹੋਵੇਗਾ ਕਿ ਆਖ਼ਰ ਇਕ ਚੀਨ ਦੀ ਨੀਤੀ ’ਤੇ ਪ੍ਰਤੀਬੱਧਤਾ ਜਾਰੀ ਰੱਖਣ ਦੀ ਕੀ ਤੁਕ-ਅਤੇ ਉਹ ਵੀ ਉਦੋਂ, ਜਦੋਂ ਚੀਨੀ ਲੀਡਰਸ਼ਿਪ ਭਾਰਤ ਦੀ ਪ੍ਰਭੂਸੱਤਾ ਦੀ ਅਣਦੇਖੀ ਕਰ ਰਹੀ ਹੈ? ਜੇ ਚੀਨ ਭਾਰਤ ਦੀ ਸੰਵੇਦਨਸ਼ੀਲਤਾ ਦਾ ਧਿਆਨ ਰੱਖਣ ਤੋਂ ਮੁਨਕਰ ਹੈ ਤਾਂ ਇਸ ਦਾ ਵੀ ਕੋਈ ਅਰਥ ਨਹੀਂ ਰਹਿ ਜਾਂਦਾ ਕਿ ਨਵੀਂ ਦਿੱਲੀ ਉਸ ਦੀਆਂ ਭੜਕਾਊ ਹਰਕਤਾਂ ’ਤੇ ਪ੍ਰਤੀਕਰਮ ਪ੍ਰਗਟਾਉਣ ਤੋਂ ਬਚੇ। ਕੀ ਇਹ ਵਾਜਿਬ ਨਹੀਂ ਹੁੰਦਾ ਕਿ ਗਲਵਾਨ ਵਾਦੀ ਦੇ ਉਸ ਦੇ ਭਰਮਾਉਣ ਵਾਲੇ ਵੀਡੀਓ ’ਤੇ ਤੁਰੰਤ ਪ੍ਰਤੀਕਰਮ ਪ੍ਰਗਟ ਕੀਤਾ ਜਾਂਦਾ? ਇਸ ਦੀ ਵੀ ਅਣਦੇਖੀ ਨਹੀਂ ਕੀਤੀ ਜਾਣੀ ਚਾਹੀਦੀ ਕਿ ਚੀਨ ਨੇ ਇੰਟਰਨੈੱਟ ਮੀਡੀਆ ਦੇ ਟਵਿੱਟਰ ਵਰਗੇ ਜਿਨ੍ਹਾਂ ਪਲੇਟਫਾਰਮਾਂ ’ਤੇ ਆਪਣੇ ਇੱਥੇ ਪਾਬੰਦੀ ਲਾ ਰੱਖੀ ਹੈ, ਉਨ੍ਹਾਂ ਰਾਹੀਂ ਹੀ ਭਾਰਤ ਖ਼ਿਲਾਫ਼ ਕੂੜ-ਪ੍ਰਚਾਰ ਵੀ ਕਰ ਰਿਹਾ ਹੈ। ਅਜਿਹੇ ਵਿਚ ਭਾਰਤ ਨੂੰ ਚੀਨ ਦੇ ਮਾਮਲੇ ਵਿਚ ਆਪਣੀ ਨੀਤੀ-ਰਣਨੀਤੀ ਬਦਲਣੀ ਹੋਵੇਗੀ।

Comment here