ਅਪਰਾਧਖਬਰਾਂ

ਗੁਰਦੁਆਰੇ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਪੁਲਸ ਦੇ ਅੜਿੱਕੇ

ਅਹਿਮਦਾਬਾਦ- ਗੁਜਰਾਤ ਸੂਬੇ ’ਚ ਅਹਿਮਦਾਬਾਦ ਦੇ ਇਕ ਵਿਅਕਤੀ ਨੇ ਇੱਕ ਟੀਵੀ ਚੈਨਲ ਨੂੰ ਈਮੇਲ ਕਰਕੇ ਧਮਕੀ ਦਿੱਤੀ ਸੀ ਕਿ ਮੁੰਬਈ ਦੇ ਇੱਕ ਗੁਰਦੁਆਰਾ ਸਾਹਿਬ ਚ ਬੰਬ ਧਮਾਕਾ ਹੋਵੇਗਾ। ਇਸ ਮਾਮਲੇ ਚ ਪੜਤਾਲ ਮਗਰੋਂ ਅਪਰਾਧ ਸ਼ਾਖਾ ਨੇ ਉਸ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੇਲ ਵਿਚ ਦਿੱਤੀ ਗਈ ਬੰਬ ਧਮਾਕੇ ਦੀ ਧਮਕੀ ਫਰਜ਼ੀ ਨਿਕਲੀ। ਪੁਲਸ ਨੇ ਡਿਪਟੀ ਕਮਿਸ਼ਨਰ ਅਪਰਾਧ ਚੈਤੰਨਿਆ ਮਾਂਡਲਿਕ ਨੇ ਦੱਸਿਆ ਕਿ 32 ਸਾਲਾ ਮੁਲਜ਼ਮ ਨੀਲੇਸ਼ ਪਰਮਾਰ ਨੇ ਇਕ ਪ੍ਰਸਤਾਵਿਤ ਟੀ.ਵੀ. ਸੀਰੀਅਲ ਯੋਜਨਾ ਲਈ ਢੁਕਵਾਂ ਜਵਾਬ ਨਾ ਮਿਲਣ ਪਿੱਛੋਂ ਮਨੋਰੰਜਨ ਟੀ.ਵੀ. ਚੈਨਲ ਦੇ ਇਕ ਅਧਿਕਾਰੀ ਨੂੰ ਈ-ਮੇਲ ਭੇਜਣ ਦੀ ਗੱਲ ਮੰਨੀ। ਉਸ ਵਿਚ ਗੁਰਦੁਆਰਾ ਸਾਹਿਬ ’ਚ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਸੀ। ਟੀ.ਵੀ. ਚੈਨਲ ਦੇ ਕਾਨੂੰਨੀ ਅਧਿਕਾਰੀ ਨੇ ਮੁੰਬਈ ਦੇ ਇਕ ਪੁਲਸ ਥਾਣੇ ਨੂੰ ਸੂਚਿਤ ਕੀਤਾ ਕਿ ਇਕ ਅਣਪਛਾਤੇ ਵਿਅਕਤੀ ਨੇ ਇਕ ਈ-ਮੇਲ ਭੇਜੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਅਹਿਮਦਾਬਾਦ ਦੇ ਇਕ ਗੁਰਦੁਆਰਾ ਸਾਹਿਬ ’ਚ ਧਮਾਕਾ ਹੋਵੇਗਾ। ਬੰਬ ਧਮਾਕੇ ਲਈ ਰਾਫ਼ੇਲ ਲੜਾਕੂ ਹਵਾਈ ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ। ਕੰਮ ਪੂਰਾ ਕਰਨ ਲਈ ਭੁਗਤਾਨ ਅਹਿਮਦਾਬਾਦ ਤੋਂ ਪਹਿਲਾਂ ਹੀ ਕੀਤਾ ਜਾ ਚੁਕਿਆ ਹੈ। ਮੁੰਬਈ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਅਹਿਮਦਾਬਾਦ ਪੁਲਸ ਨਾਲ ਸੰਪਰਕ ਕੀਤਾ ਅਤੇ ਉੱਥੇ ਦੀ ਪੁਲਸ ਨੇ ਸ਼ਹਿਰ ਦੇ ਚਾਂਦਖੇੜਾ ਇਲਾਕੇ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਖ਼ੁਦ ਵੀ ਅਹਿਮਦਾਬਾਦ ਦੇ ਇਕ ਟੈਲੀਵਿਜ਼ਨ ਪ੍ਰੋਡਕਸ਼ਨ ਹਾਊਸ ਲਈ ਕੰਮ ਕਰਦਾ ਸੀ।

Comment here