ਅਪਰਾਧਸਿਆਸਤਖਬਰਾਂ

ਗੁਜਰਾਤ ਦੀ ਬੰਦਰਗਾਹ ਤੋਂ ਮਿਲੀ ਦੋ ਹਜ਼ਾਰ ਕਰੋੜ ਦੀ ਹੈਰੋਇਨ

ਅਹਿਮਦਾਬਾਦ-ਨਸ਼ੇ ਖਿਲਾਫ ਗੁਜਰਾਤ ਏਟੀਐਸ ਤੇ ਡੀਆਰਆਈ ਦੀ ਟੀਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ, ਜਦ ਟੀਮ ਨੇ ਕਾਂਡਲਾ ਬੰਦਰਗਾਹ ਨੇੜੇ ਗੋਦਾਮ ‘ਚ ਸਾਂਝੀ ਕਾਰਵਾਈ ਕਰਦੇ ਹੋਏ 350 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੀ ਕੀਮਤ 2000 ਕਰੋੜ ਰੁਪਏ ਦੱਸੀ ਜਾਂਦੀ ਹੈ। ਨਸ਼ਿਆਂ ਦੀ ਇਹ ਖੇਪ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਫੜੀ ਗਈ। ਜਿਸ ਨਿੱਜੀ ਕੰਟੇਨਰ ਦੇ ਗੋਦਾਮ ‘ਤੇ ਇਹ ਕਾਰਵਾਈ ਕੀਤੀ ਗਈ ਹੈ, ਉਹ ਕਾਂਡਲਾ ਬੰਦਰਗਾਹ ਤੋਂ 16 ਕਿਲੋਮੀਟਰ ਦੂਰ ਦੱਸਿਆ ਜਾਂਦਾ ਹੈ। ਗੁਜਰਾਤ ਏਟੀਐਸ ਅਧਿਕਾਰੀਆਂ ਨੇ ਦੱਸਿਆ ਕਿ 17 ਕੰਟੇਨਰਾਂ ਤੋਂ 10,318 ਜਿਪਸਮ ਬੈਗ ਲਿਆਂਦੇ ਗਏ ਸਨ। ਇਨ੍ਹਾਂ ਬੋਰੀਆਂ ਦਾ ਵਜ਼ਨ 394400 ਕਿਲੋ ਦੱਸਿਆ ਜਾ ਰਿਹਾ ਹੈ। ਇਹ ਕੰਮ ਉੱਤਰਾਖੰਡ ਦੇ ਪੰਡਰੀ ਸਿਸੋਨਾ ਦੀ ਇੱਕ ਫਰਮ ਬਾਲਾਜੀ ਟਰੇਡਰਜ਼ ਵੱਲੋਂ ਕੀਤਾ ਗਿਆ। ਇਸ ਨੂੰ ਈਰਾਨ ਦੇ ਅੱਬਾਸ ਬੰਦਰਗਾਹ ਤੋਂ ਕੀਵਨ ਯੂਸਫੀ ਬੁਲੇਵਾਰਡ ਇਮਾਮ ਲੁਸਿੰਗ ਤਲਾਈਹ ਫਜ਼ ਤੋਂ ਆਯਾਤ ਕੀਤਾ ਗਿਆ ਸੀ।

ਬੋਰੀਆਂ ਛੇ ਮਹੀਨਿਆਂ ਤੋਂ ਪਈਆਂ ਸਨ ਲਾਵਾਰਸ-ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਜਿਸ ਖੇਪ ਤੋਂ ਹੈਰੋਇਨ ਜ਼ਬਤ ਕੀਤੀ ਗਈ ਸੀ, ਉਹ ਅਕਤੂਬਰ 2021 ‘ਚ ਲੋਡ ਕੀਤੀ ਗਈ ਸੀ। ਜਿਪਸਮ ਦੀਆਂ ਬੋਰੀਆਂ ਦੀ ਜਾਂਚ ਜਾਰੀ ਰਹਿਣ ਕਾਰਨ ਹੈਰੋਇਨ ਦੀ ਮਾਤਰਾ ਵਧਣ ਦੀ ਸੰਭਾਵਨਾ ਹੈ। ਦੱਸਿਆ ਗਿਆ ਹੈ ਕਿ ਜਿਪਸਮ ਦੀਆਂ ਇਹ ਬੋਰੀਆਂ ਛੇ ਮਹੀਨਿਆਂ ਤੋਂ ਲਾਵਾਰਸ ਪਈਆਂ ਸਨ। ਗੁਜਰਾਤ ਏਟੀਐਸ ਨੂੰ ਉਨ੍ਹਾਂ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੂੰ ਦਿੱਤੀ ਗਈ। ਫਿਰ ਏਟੀਐਸ ਤੇ ਡੀਆਰਆਈ ਨੇ ਸਾਂਝੀ ਕਾਰਵਾਈ ਕੀਤੀ।

ਗੁਜਰਾਤ ਏਟੀਐਸ ਦੀ ਟੀਮ ਉਤਰਾਖੰਡ ਲਈ ਰਵਾਨਾ-ਗੁਜਰਾਤ ਏਟੀਐਸ ਤੇ ਡੀਆਰਆਈ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿਛਲੇ ਦਿਨੀਂ ਮੁੰਦਰਾ ਬੰਦਰਗਾਹ ਤੋਂ ਜ਼ਬਤ ਕੀਤੀ ਗਈ ਵੱਡੀ ਖੇਪ ਦੀ ਜਾਂਚ ਦੇ ਨਾਲ ਇਸ ਦੀ ਜਾਂਚ ਵੀ ਐਨਆਈਏ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ। ਈਰਾਨ ਤੋਂ ਖੇਪ ਦਰਾਮਦ ਕਰਨ ਵਾਲੀ ਫਰਮ ਦਾ ਪਤਾ ਲਗਾਉਣ ਲਈ ਗੁਜਰਾਤ ਤੋਂ ਇੱਕ ਟੀਮ ਪਹਿਲਾਂ ਹੀ ਉੱਤਰਾਖੰਡ ਲਈ ਰਵਾਨਾ ਹੋ ਚੁੱਕੀ ਹੈ।

ਇਹ ਖੇਪ ਪਹੁੰਚਾਈ ਜਾਣੀ ਸੀ ਪੰਜਾਬ ਤੇ ਦਿੱਲੀ-ਏਟੀਐਸ ਅਧਿਕਾਰੀਆਂ ਮੁਤਾਬਕ ਸ਼ੱਕ ਹੈ ਕਿ ਹੈਰੋਇਨ ਦੀ ਇਹ ਖੇਪ ਇਰਾਨ ਤੋਂ ਪਾਕਿਸਤਾਨ ਦੇ ਰਸਤੇ ਅਫ਼ਗਾਨਿਸਤਾਨ ਦੇ ਕੰਧਾਰ ਰਾਹੀਂ ਭਾਰਤ ਲਿਆਂਦੀ ਗਈ ਸੀ। ਹੈਰੋਇਨ ਗੁਜਰਾਤ ਤੋਂ ਪੰਜਾਬ ਤੇ ਦਿੱਲੀ ਪਹੁੰਚਾਈ ਜਾਣੀ ਸੀ।

ਪਿਛਲੇ ਸਾਲ ਮੁੰਦਰਾ ਬੰਦਰਗਾਹ ਤੋਂ ਵੀ ਹੈਰੋਇਨ ਫੜੀ ਸੀ-ਇਸ ਤੋਂ ਪਹਿਲਾਂ ਪਿਛਲੇ ਸਾਲ 13 ਸਤੰਬਰ ਨੂੰ ਗੁਜਰਾਤ ਦੇ ਮੁੰਦਰਾ ਬੰਦਰਗਾਹ ਤੋਂ 21 ਹਜ਼ਾਰ ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਗਈ ਸੀ। ਇਹ ਮਾਮਲਾ ਬਹੁਤ ਮਸ਼ਹੂਰ ਹੋਇਆ ਸੀ। ਇਸ ਨੂੰ ਟੈਲਕਮ ਪਾਊਡਰ ਦੇ ਨਾਂ ਹੇਠ ਦਰਾਮਦ ਕੀਤਾ ਜਾਂਦਾ ਸੀ। ਕੇਂਦਰ ਨੇ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਹੈ। ਨਸ਼ੀਲੇ ਪਦਾਰਥਾਂ ਦੀ ਇਹ ਖੇਪ ਈਰਾਨ ਦੇ ਅੱਬਾਸ ਬੰਦਰਗਾਹ ਤੋਂ ਮੁੰਦਰਾ ਬੰਦਰਗਾਹ ਤਕ ਵੀ ਪਹੁੰਚੀ ਸੀ।

Comment here