* ਹੁਣ ਤੱਕ 11 ਲੋਕਾਂ ਦੀ ਮੌਤ, 12 ਹਸਪਤਾਲ ਦਾਖਲ
* ਕੇਂਦਰ ਤੇ ਸੂਬਾ ਸਰਕਾਰ ਵੱਲੋਂ ਮਿ੍ਰਤਕ ਪਰਿਵਾਰਾਂ ਨੂੰ 2 ਲੱਖ ਤੇ ਜ਼ੇਰੇ ਇਲਾਜ ਨੂੰ 50 ਹਜ਼ਾਰ ਦੇਣ ਦਾ ਐਲਾਨ
ਜਲੰਧਰ ਤੋਂ ਜੇ. ਸਿੰਘ ‘ਭਡਿਆਰ’
ਲੁਧਿਆਣਾ ਦੇ ਗਿਆਸਪੁਰਾ ਇਲਾਕੇ ’ਚ ਐਤਵਾਰ ਸਵੇਰੇ ਜ਼ਹਿਰੀਲੀ ਗੈਸ ਚੜ੍ਹਨ ਨਾਲ ਦੋ ਬੱਚਿਆਂ ਸਣੇ 11 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਕਈ ਲੋਕ ਬਿਮਾਰ ਹੋ ਗਏ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਜਿਨ੍ਹਾਂ 11 ਲੋਕਾਂ ਦੀ ਜਾਨ ਗਈ ਤਾ 12 ਲੋਕ ਬੀਮਾਰ ਹੋ ਗਏ। ਜਿਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ’ਚ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ’ਚ 5 ਔਰਤਾਂ ਅਤੇ 4 ਪੁਰਸ਼ਾਂ ਸਮੇਤ 2 ਬੱਚੇ ਸ਼ਾਮਲ ਹਨ। ਬੱਚਿਆਂ ਦੀ ਉਮਰ 10 ਅਤੇ 13 ਸਾਲ ਹੈ। ਗੈਸ ਦਾ ਅਸਰ ਇੰਨਾ ਜ਼ਬਰਦਸਤ ਸੀ ਕਿ ਇਲਾਕੇ ਦੇ ਲੋਕ ਛੇ ਘੰਟੇ ਤੱਕ ਦਹਿਸ਼ਤ ਵਿੱਚ ਰਹੇ। ਗਿਆਸਪੁਰਾ ਦੀ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲਾ ਮਜ਼ਦੂਰ ਸਭ ਤੋਂ ਪਹਿਲਾਂ ਮੌਕੇ ’ਤੇ ਪਹੁੰਚਿਆ। ਉਸ ਨੇ ਦੱਸਿਆ ਕਿ ਉਹ ਐਂਬੂਲੈਂਸ ਦਾ ਇੰਤਜ਼ਾਰ ਕਰਨ ਦੀ ਬਜਾਏ ਪੀੜਤਾਂ ਨੂੰ ਆਟੋ ਰਿਕਸ਼ਾ ਵਿੱਚ ਹਸਪਤਾਲ ਲੈ ਕੇ ਗਿਆ। ਸੂਚਨਾ ਮਿਲਣ ਮਗਰੋਂ ਪੁਲਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ’ਤੇ ਪਹੁੰਚ ਗਈਆਂ ਸਨ। ਫਾਇਰ ਬ੍ਰਿਗੇਡ ਵਿਭਾਗ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਐਂਬੂਲੈਂਸ ਜ਼ਰੀਏ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਮੈਨੂੰ ਡਾਕਟਰ ਹੋਣ ਦੇ ਨਾਤੇ ਬਹੁਤ ਹੈਰਾਨੀ ਹੋ ਰਹੀ ਹੈ ਕਿ ਇੰਨੀਆਂ ਮੌਤਾਂ ਅਚਾਨਕ ਕਿਵੇਂ ਹੋਈਆਂ ਹਨ। ਜਾਂਚ ਕੀਤੀ ਜਾ ਰਹੀ ਹੈ ਕਿ ਕਿਹੜੀ ਗੈਸ ਨਾਲ ਇਹ ਘਟਨਾ ਵਾਪਰੀ ਹੈ। ਇੰਝ ਜਾਪ ਰਿਹਾ ਹੈ ਕਿ ਇਹ ਬਹੁਤ ਖ਼ਤਰਨਾਕ ਗੈਸ ਹੈ, ਜਿਸ ਅਚਾਨਕ ਇੰਨੀਆਂ ਮੌਤਾਂ ਹੋ ਗਈਆਂ। ਉਨ੍ਹਾਂ ਕਿਹਾ ਕਿ ਬਚਾਅ ਅਮਲਾ ਮੌਕੇ ’ਤੇ ਪਹੁੰਚਿਆ ਹੈ ਅਤੇ ਪੰਜਾਬ ਸਰਕਾਰ ਵਲੋਂ ਮਦਦ ਕਾਰਜ ਕੀਤੇ ਜਾ ਰਹੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ ਲੱਖ ਰੁਪਏ ਅਤੇ ਜ਼ੇਰੇ ਇਲਾਜ ਲੋਕਾਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਡੀ. ਜੀ. ਪੀ. ਸ਼ੁਕਲਾ ਨੇ ਸਥਿਤੀ ਦਾ ਲਿਆ ਜਾਇਜ਼ਾ
ਲੁਧਿਆਣਾ ’ਚ ਗਿਆਸਪੁਰਾ ਗੈਸ ਲੀਕ ਘਟਨਾ ਦਾ ਨੋਟਿਸ ਲੈਂਦਿਆਂ ਵਿਸ਼ੇਸ਼ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਇਲਾਕੇ ਦਾ ਦੌਰਾ ਕੀਤਾ। ਵਿਸ਼ੇਸ਼ ਡੀ. ਜੀ. ਪੀ. ਅਰਪਿਤ ਸ਼ੁਕਲਾ, ਜਿਨ੍ਹਾਂ ਨਾਲ ਡਿਪਟੀ ਕਮਿਸ਼ਨਰ (ਡੀ. ਸੀ.) ਲੁਧਿਆਣਾ ਸੁਰਭੀ ਮਲਿਕ, ਪੁਲਸ ਕਮਿਸ਼ਨਰ (ਸੀ. ਪੀ.) ਲੁਧਿਆਣਾ ਮਨਦੀਪ ਸਿੰਘ ਸਿੱਧੂ ਅਤੇ ਨਗਰ ਨਿਗਮ ਕਮਿਸ਼ਨਰ ਸ਼ੀਨਾ ਅਗਰਵਾਲ ਵੀ ਮੌਜੂਦ ਸਨ, ਨੇ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਘਟਨਾ ਨੂੰ ਦਿਲ ਦਹਿਲਾ ਦੇਣ ਵਾਲੀ ਅਤੇ ਮੰਦਭਾਗੀ ਦੱਸਦਿਆਂ ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ ਅਤੇ ਦੋਸ਼ੀ ਦੀ ਭਾਲ ਲਈ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਸ਼ਹਿਰ ’ਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹਰ ਕੀਮਤ ’ਤੇ ਬਰਕਰਾਰ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਲਈ ਮੈਜਿਸਟਰੇਟੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਦੇ ਮੁੱਖ ਇੰਜੀਨੀਅਰ ਵੱਲੋਂ ਪਹਿਲਾਂ ਹੀ ਮੌਕੇ ਤੋਂ ਨਮੂਨੇ ਲੈ ਲਏ ਗਏ ਹਨ। ਉਨ੍ਹਾਂ ਕਿਹਾ ਕਿ ਐੱਨ. ਡੀ. ਆਰ. ਐੱਫ. ਦੀ ਟੀਮ ਨੂੰ ਬੁਲਾਇਆ ਗਿਆ ਹੈ ਅਤੇ ਨਿਯਮਿਤ ਅੰਤਰਾਲਾਂ ’ਤੇ ਗੈਸ ਦੇ ਪੱਧਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਸਬੰਧੀ ਥਾਣਾ ਸਾਹਨੇਵਾਲ ਵਿਖੇ ਭਾਰਤੀ ਦੰਡਾਵਲੀ (ਆਈ. ਪੀ. ਸੀ.) ਦੀ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਾਮਲੇ ਦੀ ਜਾਂਚ ਲਈ ਪੀਪੀਸੀਬੀ ਦੀਆਂਟੀਮਾਂ ਤਾਇਨਾਤ
ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਗੈਸ ਲੀਕ ਮਾਮਲੇ ਦੀ ਜਾਂਚ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 10 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੁਲਿਸ ਵੱਲੋਂ ਵੱਖਰੀ ਪੰਜ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਂਚ ਕਰਵਾਈ ਜਾਵੇਗੀ। ਇਸ ਤਹਿਤ ਪੀਪੀਸੀਬੀ ਦੀਆਂ 10 ਟੀਮਾਂ ਜਾਂਚ ਲਈ ਤਾਇਨਾਤ ਕੀਤੀਆਂ ਗਈਆਂ ਹਨ, ਜੋ ਇੱਥੇ ਸੈਂਪਲ ਲੈਣਗੀਆਂ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਾਦਸੇ ਵਾਲੀ ਥਾਂ ਦਾ ਘੇਰਾ 250 ਮੀਟਰ ਤੋਂ ਘਟਾ ਕੇ 50 ਮੀਟਰ ਕਰ ਦਿੱਤਾ ਗਿਆ ਹੈ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਵੱਖਰੀ 5 ਮੈਂਬਰੀ ਐਸਆਈਟੀ ਬਣਾਈ ਗਈ ਹੈ, ਜਿਸ ਵਿੱਚ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਉਮੀਦ ਹੈ ਕਿ ਇਸ ਦਾ ਸਿੱਟਾ ਜਲਦੀ ਹੀ ਸਾਹਮਣੇ ਆ ਜਾਵੇਗਾ। ਪੁਲਿਸ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਭਵਿੱਖ ਵਿੱਚ ਕਿਸੇ ਕਿਸਮ ਦਾ ਨੁਕਸਾਨ ਹੋਵੇ, ਇਸ ਲਈ ਲਾਪਰਵਾਹੀ ਨਹੀਂ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ, ਜਿਸਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।
ਗੈਸ ਲੀਕ ਦੀ ਘਟਨਾ ਬੇਹੱਦ ਦੁੱਖਦਾਇਕ-ਭਗਵੰਤ ਮਾਨ
ਇਸ ਹਾਦਸੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਲੁਧਿਆਣਾ ਦੇ ਗਿਆਸਪੁਰ ਇਲਾਕੇ ਵਿਚ ਗੈਸ ਲੀਕ ਦੀ ਘਟਨਾ ਬਹੱਦ ਦੁੱਖਦਾਇਕ ਹੈ। ਮਾਨ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਅਤੇ ਐੱਨ. ਡੀ. ਆਰ. ਐੱਫ਼ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ ਅਤੇ ਉਨ੍ਹਾਂ ਵੱਲੋਂ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ।
ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਲਈ ਕੀਤਾ ਮੁਆਵਜ਼ੇ ਦਾ ਐਲਾਨ
ਇਸ ਦੁਖ਼ਦ ਘਟਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਰੇਕ ਮ੍ਰਿਤਕ ਦੇ ਵਾਰਸਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਜ਼ਰੀਏ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਹਰੇਕ ਜ਼ਖ਼ਮੀ ਵਿਅਕਤੀ ਨੂੰ 50,000 ਰੁਪਏ ਦਿੱਤੇ ਜਾਣਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਟਵੀਟ ਕਰ ਕੇ ਦਿੱਤੀ ਗਈ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪ੍ਰਗਟਾਇਆ ਦੁੱਖ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਟਵੀਟ ਕਰਦਿਆਂ ਲਿਖਿਆ ਕਿ ਲੁਧਿਆਣਾ ਵਿਖੇ ਵਾਪਰੇ ਹਾਦਸੇ ’ਚ ਬੱਚਿਆਂ ਅਤੇ ਔਰਤਾਂ ਸਮੇਤ ਕਈ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਮੈਂ ਸਾਰੇ ਦੁਖ਼ੀ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹਾਂ ਅਤੇ ਸਾਰੇ ਪ੍ਰਭਾਵਿਤ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੀ ਹਾਂ।
ਗੈਸ ਲੀਕ ਦੀ ਘਟਨਾ ਬੇਹੱਦ ਦੁਖਦ-ਅਮਿਤ ਸ਼ਾਹ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਲੁਧਿਆਣਾ ’ਚ ਗੈਸ ਲੀਕ ਦੀ ਘਟਨਾ ਦੁਖਦ ਹੈ। ਐਨ.ਡੀ.ਆਰ.ਐਫ. ਦੀ ਟੀਮ ਮੌਕੇ ’ਤੇ ਰਾਹਤ ਅਤੇ ਬਚਾਅ ਕੰਮ ’ਚ ਜੁੱਟੀ ਹੋਈ ਹੈ। ਇਸ ਹਾਦਸੇ ’ਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ। ਪਰਮਾਤਮਾ ਉਨ੍ਹਾਂ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਦੇਵੇ। ਜ਼ਖ਼ਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।
ਅਜਿਹੀਆਂ ਫੈਕਟਰੀਆਂ ’ਤੇ ਬੁਲਡੋਜ਼ਰ ਚਲਾ ਦੇਣੇ ਚਾਹੀਦਾ-ਬਿੱਟੂ
ਗਿਆਸਪੁਰਾ ਗੈਸ ਲੀਕ ਮਾਮਲੇ ’ਤੇ ਰਵਨੀਤ ਬਿੱਟੂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਕੋ ਪਰਿਵਾਰ ਦੇ 5 ਮੈਂਬਰਾਂ ਸਮੇਤ ਹੋਰ 11 ਹੋਈਆਂ ਮੌਤਾਂ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਇਹ ਹਾਦਸਾ ਨਹੀਂ, ਸਗੋਂ ਕਤਲ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਫੈਕਟਰੀਆਂ ’ਤੇ ਬੁਲਡੋਜ਼ਰ ਚਲਾ ਦੇਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਕਰਕੇ ਇੰਨੀਆਂ ਜਾਨਾਂ ਚਲੇ ਗਈਆਂ। ਸੀਵਰੇਜ ਬੋਰਡ ਜਾਂ ਪ੍ਰਦੂਸ਼ਣ ਬੋਰਡ ’ਤੇ ਵੀ ਜਿੰਨੀ ਕਾਰਵਾਈ ਹੋਵੇ, ਥੋੜ੍ਹੀ ਹੈ। ਇਹ ਬੋਰਡ ਵੀ ਇਨ੍ਹਾਂ ਹੋਈਆਂ ਮੌਤਾਂ ਦੇ ਜ਼ਿੰਮੇਵਾਰ ਹਨ।
ਚਸ਼ਮਦੀਦਾਂ ਨੇ ਬਿਆਨ ਕੀਤਾ ਦਿਲ ਦਹਿਲਾ ਦੇਣ ਵਾਲਾ ਮੰਜ਼ਰ
ਗਿਆਸਪੁਰਾ ਇਲਾਕੇ ਦੀ ਸੂਆ ਰੋਡ ’ਤੇ ਹੋਏ ਹਾਦਸੇ ਦੇ 2 ਚਸ਼ਮਦੀਦ ਸਾਹਮਣੇ ਆਏ ਹਨ, ਜਿਨ੍ਹਾਂ ਨੇ ਦਿਲ ਦਹਿਲਾ ਦੇਣ ਵਾਲਾ ਮੰਜਰ ਆਪਣੀ ਜ਼ੁਬਾਨ ਨਾਲ ਬਿਆਨ ਕੀਤਾ। ਚਸ਼ਮਦੀਦ ਸ਼ਿਵਮ ਅਤੇ ਅਰਵਿੰਦ ਨੇ ਦੱਸਿਆ ਕਿ ਉਹ ਐਤਵਾਰ ਦੀ ਸਵੇਰ ਘਟਨਾ ਸਥਾਨ ਦੀ ਗੋਇਲ ਕਰਿਆਨਾ ਸਟੋਰ ਤੋਂ ਕੁੱਝ ਹੀ ਦੂਰੀ ’ਤੇ ਸਨ। ਜਦ ਉਨ੍ਹਾਂ ਨੇ ਦੇਖਿਆ ਕਿ ਸਟੋਰ ਦੇ ਬਾਹਰ ਕੁੱਝ ਲੋਕ ਡਿੱਗੇ ਪਏ ਹਨ ਅਤੇ ਤੜਫਦੇ ਹੋਏ ਮਦਦ ਦੀ ਮੰਗ ਕਰ ਰਹੇ ਹਨ। ਜਦ ਉਨ੍ਹਾਂ ਨੂੰ ਬਚਾਉਣ ਲਈ ਕੁੱਝ ਕੋਲ ਪੁੱਜੇ ਤਾਂ ਉਨ੍ਹਾਂ ਨੂੰ ਵੀ ਸਾਹ ਲੈਣ ’ਚ ਤਕਲੀਫ਼ ਹੋਣ ਲੱਗੀ। ਇਕਦਮ ਨਾਲ ਉਨ੍ਹਾਂ ਦੀਆਂ ਅੱਖਾਂ ਅੱਗੇ ਹਨ੍ਹੇਰਾ ਛਾਉਣ ਲੱਗਾ ਅਤੇ ਦਿਮਾਗ ਸੁੰਨ ਜਿਹਾ ਹੋ ਗਿਆ। ਉਨ੍ਹਾਂ ਨੇ ਕਿਸੇ ਤਰ੍ਹਾਂ ਜੇਬ ’ਚੋਂ ਰੁਮਾਲ ਕੱਢਿਆ ਫਿਰ ਨੱਕ ਅਤੇ ਮੂੰਹ ’ਤੇ ਰੁਮਾਲ ਬੰਨ੍ਹ ਲਿਆ। ਇਸ ਤੋਂ ਬਾਅਦ ਉਹ ਖ਼ੁਦ ਹੀ ਪਿੱਛੇ ਹਟ ਕੇ ਦੂਰ ਚਲੇ ਗਏ। ਤਦ ਜਾ ਕੇ ਉਨ੍ਹਾਂ ਨੂੰ ਕੁੱਝ ਠੀਕ ਮਹਿਸੂਸ ਹੋਇਆ ਪਰ ਉਨ੍ਹਾਂ ਦੇ ਦੇਖਦੇ ਹੀ ਦੇਖਦੇ ਕਰਿਆਨਾ ਸਟੋਰ ਦੇ ਬਾਹਰ ਤੇ ਨੇੜੇ 11 ਲੋਕ ਤੜਫ-ਤੜਫ ਕੇ ਮਰ ਗਏ। ਉਹ ਉਨ੍ਹਾਂ ਨੂੰ ਬਚਾ ਨਹੀਂ ਸਕੇ।
ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਉਹ ਕਿਸੇ ਤਰ੍ਹਾਂ ਦੀ ਹਿੰਮਤ ਕਰ ਕੇ ਚਲੇ ਵੀ ਜਾਂਦੇ ਤਾਂ ਉਹ ਵੀ ਬਾਕੀ ਲੋਕਾਂ ਦੀ ਤਰ੍ਹਾਂ ਅੱਜ ਮਰੇ ਪਏ ਹੁੰਦੇ। ਅਰਵਿੰਦ ਦਾ ਕਹਿਣਾ ਹੈ ਕਿ ਜਿੱਥੇ ਘਟਨਾ ਹੋਈ, ਉੱਥੋਂ ਉਸ ਦਾ ਘਰ ਸਿਰਫ 150 ਮੀਟਰ ਦੂਰ ਹੈ। ਉਹ ਸਵੇਰੇ ਕ੍ਰਿਕਟ ਖੇਡਣ ਲਈ ਜਾ ਰਿਹਾ ਸੀ। ਜਦ ਇਹ ਹਾਦਸਾ ਹੋਇਆ। ਪਹਿਲਾਂ ਉਸ ਨੇ ਸੋਚਿਆ ਕਿ ਕੋਈ ਐਕਸੀਡੈਂਟ ਹੋਇਆ ਹੈ ਪਰ ਜਦ ਮੈਨੂ ਵੀ ਗੈਸ ਚੜ੍ਹਨੀ ਸ਼ੁਰੂ ਹੋਈ ਤਾਂ ਤੁਰੰਤ ਮੌਕੇ ਤੋਂ ਦੂਰ ਚਲਾ ਗਿਆ ਪਰ ਲੋਕ ਮਦਦ ਦੇ ਲਈ ਰੌਲਾ ਪਾ ਰਹੇ ਸਨ। ਇਸ ਤੋਂ ਬਾਅਦ ਉਸ ਨੇ ਆਪਣੀ ਗਲੀ ’ਚ ਜਾ ਕੇ ਲੋਕਾਂ ਨੂੰ ਘਟਨਾ ਬਾਰੇ ਦੱਸਿਆ ਸੀ। ਫਿਰ ਉਨ੍ਹਾਂ ਨੇ ਪੁਲਸ ਨੂੰ ਕਾਲ ਕਰ ਕੇ ਸੂਚਨਾ ਦਿੱਤੀ। ਕੁੱਝ ਮਿੰਟ ਬਾਅਦ ਹੀ ਪੁਲਸ ਮੌਕੇ ’ਤੇ ਪੁੱਜੀ ਪਰ ਜਦ ਪੁਲਸ ਵਾਲੇ ਘਟਨਾ ਸਥਾਨ ’ਤੇ ਪੁੱਜੇ ਤਾਂ ਉਨ੍ਹਾਂ ਨੂੰ ਵੀ ਚੱਕਰ ਆਉਣ ਲੱਗ ਗਏ। ਇਸ ਲਈ ਉਨ੍ਹਾਂ ਨੂੰ ਵੀ ਦੂਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਸੜਕ ’ਤੇ ਪਏ ਲੋਕਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਉੱਥੇ ਸ਼ਿਵਮ ਦਾ ਕਹਿਣਾ ਹੈ ਕਿ ਉਸ ਦਾ ਘਰ ਲਗਭਗ 300 ਮੀਟਰ ਦੂਰ ਹੈ। ਐਤਵਾਰ ਸਵੇਰੇ ਹੀ ਹਵਾ ’ਚ ਤੇਜ਼ ਬਦਬੂ ਆ ਰਹੀ ਸੀ। ਅਕਸਰ ਇੰਡਸਟਰੀ ਵਾਲੇ ਸੀਵਰੇਜ ’ਚ ਤੇਜ਼ਾਬੀ ਪਾਣੀ ਪਾਉਂਦੇ ਰਹਿੰਦੇ ਹਨ, ਇਸ ਲਈ ਸ਼ੁਰੂ ਵਿਚ ਤਾਂ ਉਸ ਨੂੰ ਲੱਗਾ ਕਿ ਸ਼ਾਇਦ ਇਹ ਬਦਬੂ ਉਸੇ ਤੋਂ ਆ ਰਹੀ ਹੈ ਪਰ ਜਦ ਉਹ ਨੇੜੇ ਗਿਆ ਤਾਂ ਉਸ ਨੂੰ ਵੀ ਬੇਹੋਸ਼ੀ ਆਉਣ ਲੱਗੀ। ਇਸ ਤੋਂ ਪਹਿਲਾਂ ਕੋਈ ਵੀ ਹਾਦਸਾ ਉਸ ਦੇ ਨਾਲ ਹੁੰਦਾ, ਉਹ ਵੀ ਭੱਜ ਕੇ ਦੂਰ ਚਲਾ ਗਿਆ।

Comment here