ਸਿਆਸਤਖਬਰਾਂਚਲੰਤ ਮਾਮਲੇ

ਕੀ ਬਾਦਲ ਦਲ ਫਿਰ ਭਾਜਪਾ ਨਾਲ ਗਠਜੋੜ ਕਰੇਗਾ?       

ਵਿਸ਼ੇਸ਼ ਰਿਪੋਰਟ-ਬਲਵਿੰਦਰ ਸਿੰਘ
  ਇੰਡੀਅਨ ਐਕਸਪ੍ਰੈਸ ਅਨੁਸਾਰ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਹਾਲ ਹੀ ਵਿੱਚ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ, ਜਿਸ ਤੋਂ ਇਹ ਅਟਕਲਾਂ ਸ਼ੁਰੂ ਹੋ ਗਈਆਂ ਸਨ ਕਿ ਸਿਆਸੀ ਹਾਰਾਂ ਤੋਂ ਨਿਰਾਸ਼ ਬਾਦਲ ਅਕਾਲੀ ਦਲ ਮੁੜ ਐਨਡੀਏ ਵਿੱਚ ਸ਼ਾਮਲ ਹੋ ਸਕਦੇ ਹਨ। ਭਾਜਪਾ ਦਾ ਮੰਨਣਾ ਹੈ ਕਿ ਜੇਕਰ ਅਕਾਲੀ ਭਾਜਪਾ ਅਤੇ ਅਮਰਿੰਦਰ ਸਿੰਘ ਨਾਲ ਮਿਲ ਜਾਂਦੇ ਹਨ ਤਾਂ ਇਹ ਕਾਂਗਰਸ ਦੀ ਥਾਂ ‘ਆਪ’ ਦੀ ਮੁੱਖ ਵਿਰੋਧੀ ਧਿਰ ਬਣ ਸਕਦੀ ਹੈ। ਕਾਂਗਰਸ ਵਿਧਾਨ ਸਭਾ ਹਾਰਨ ਤੋਂ ਬਾਅਦ ਅਮਲੀ ਤੌਰ ‘ਤੇ ਲੜਖੜਾ ਚੁਕੀ ਹੈ ।ਨਵਜੋਤ ਸਿੰਘ ਸਿੱਧੂ ਜੇਲ ‘ਵਿਚ ਹੈ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਗਰਮ ਨਹੀਂ ਹੈ। ਪ੍ਰਸਤਾਵਿਤ ਗਠਜੋੜ ਬਾਰੇ ਬਾਦਲ ਦੀ ਸੋਚ ਸੀ  ਕਿ ਅਮਰਿੰਦਰ ਨੂੰ ਪਹਿਲ ਨਾ ਦਿਤੀ ਜਾਵੇ। ਹਾਲਾਂਕਿ, ਭਾਜਪਾ ਦਾ ਵਿਚਾਰ ਇਹ ਹੈ ਕਿ 80 ਸਾਲ ਦੇ ਅਮਰਿੰਦਰ ਸਿੰਘ ਕੋਲ ਸਰਗਰਮ ਰਾਜਨੀਤੀ ਵਿੱਚ ਸੀਮਤ ਸਮਾਂ ਬਚਿਆ ਹੈ ਅਤੇ ਪੰਜਾਬ ਵਿੱਚ ਇੱਕ ਭਰੋਸੇਯੋਗ ਬਦਲ ਦੀ ਲੋੜ ਹੈ। ਭਾਜਪਾ ਨੂੰ ਲਗਦਾ ਸੁਖਬੀਰ ਬਾਦਲ ਦਾ ਅਕਾਲੀ ਦਲ ਵਧੀਆ ਬਦਲ ਬਣ ਸਕਦਾ ਹੈ।ਇਕ ਹੋਰ ਯੂ ਟਿਊਬ ਚੈਨਲ ਦੀ ਖਬਰ ਸੀ ਕਿ ਸੁਖਬੀਰ ਬਾਦਲ ਇਕ ਪਾਸੇ ਨੀਤਿਸ਼ ਕੁਮਾਰ ਨਾਲ ਹਥ ਮਿਲਾ ਰਿਹਾ ਦੂਜੇ ਪਾਸੇ ਭਾਜਪਾ ਨਾਲ। ਪਰ ਨਿਰਪਖ ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਭਾਜਪਾ ਬਾਦਲ ਦਲ ਨਾਲ ਮਿਲਾਕੇ ਕੁਛ ਨਹੀਂ ਖਟ ਸਕੇਗੀ।ਬਾਦਲ ਦਲ ਉਪਰ ਸਿਖਾਂ ਦਾ ਵਿਸ਼ਵਾਸ ਪੈਦਾ ਹੋਣਾ ਅਸੰਭਵ ਹੈ।ਸਿਖਾਂ ਦੀ ਦਿਕਤ ਹੈ ਜਿਸ ਲੀਡਰ ਨੂੰ ਉਹ ਤਿਆਗ ਦਿੰਦੇ ਹਨ ਉਹ ਲੀਡਰ ਮੁੜਕੇ ਇਤਿਹਾਸ ਦੇ ਘਟੇ ਵਿਚ ਰੁਲ ਜਾਂਦਾ ਹੈ।ਸੁਖਬੀਰ ਬਾਦਲ ਨੂੰ ਪੰਜਾਬ ਤੇ ਪੰਥਕ ਸਿਆਸਤ ਦੀ ਸਮਝ ਨਹੀਂ ਹੈ।ਇਸ ਲਈ ਉਹ ਹਰ ਮੁਦੇ ਉਪਰ ਪੰਥਕ ਸੋਚ ਵਿਰੁਧ ਭੁਗਤੇ ਹਨ। ਅਗੋਂ  ਸੁਖਬੀਰ ਬਾਦਲ ਕੀ ਜਾਦੂਗਰੀ ਦਿਖਾਉਂਦੇ ਹਨ ਆਉਣ ਵਾਲਾ ਸਮਾਂ ਦਸੇਗਾ।

ਨਕੋਦਰ ਬੇਅਦਬੀ ਕਾਂਡ ਬਾਰੇ ‘ਸਿਟ’  ਗੁਆਚੀ ਰਿਪੋਰਟ ਸਬੰਧੀ ਜਾਂਚ ਕਰੇਗੀ
ਨਕੋਦਰ ਵਿੱਚ 36 ਸਾਲ ਪਹਿਲਾਂ 1986 ਨੂੰ ਵਾਪਰੇ ਗੁਰੂ ਗਰੰਥ ਸਾਹਿਬ ਬੇਅਦਬੀ ਕਾਂਡ ਦੇ ਮੁੜ ਚਰਚਾ ਵਿੱਚ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਸਮੱਸਿਆਵਾਂ ਵਧ ਸਕਦੀਆਂ ਸਨ। ਹਾਲ ਹੀ ਵਿੱਚ ਹਾਈ ਕੋਰਟ ਨੇ ਨਕੋਦਰ ਬੇਅਦਬੀ ਕਾਂਡ ਦੀ ਜਾਂਚ ਦਾ ‘ਗੁੰਮ’ ਹੋਇਆ ਦੂਜਾ ਹਿੱਸਾ ਲੱਭਣ ਲਈ ‘ਸਿਟ’ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ, ਜਿਸ ਤਹਿਤ ਹਾਈ ਕੋਰਟ ਨੇ 1986 ਦੇ ਨਕੋਦਰ ਬੇਅਦਬੀ ਤੇ ਗੋਲੀ ਕਾਂਡ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਨਕੋਦਰ ਦੇ ਇੱਕ ਗੁਰਦੁਆਰੇ ਵਿੱਚ 2 ਫ਼ਰਵਰੀ 1986 ਨੂੰ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਅਗਨ ਭੇਟ ਕਰ ਦਿੱਤੇ ਗਏ ਸਨ। ਜਾਣਕਾਰੀ ਅਨੁਸਾਰ ਉਸ ਵੇਲੇ ਪੁਲੀਸ ਨੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾ ਰਹੇ ਲੋਕਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ, ਜਿਸ ਕਾਰਨ ਚਾਰ ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਝਿਲਮਣ ਸਿੰਘ ਗੋਰਸੀਆਂ ਤੇ ਭਾਈ ਹਰਮਿੰਦਰ ਸਿੰਘ ਚਲੂਪੁਰ ਸ਼ਹੀਦ ਹੋ ਗਏ ਸਨ। ਇਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਵੀ ਵਾਰਸਾਂ ਹਵਾਲੇ ਨਹੀਂ ਸੀ ਕੀਤੀਆਂ ਗਈਆਂ। ਇਸ ਗੋਲੀ ਕਾਂਡ ਦੀ ਜਾਂਚ ਉਸ ਵੇਲੇ ਅਕਾਲੀ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਦੇ ਕਮਿਸ਼ਨ ਤੋਂ ਕਰਵਾਈ ਸੀ। ਜਾਂਚ ਰਿਪੋਰਟ ਦੇ ਦੋ ਭਾਗ ਸਨ, ਪਰ ਹੁਣ ਤੱਕ ਇਸ ਦਾ ਸਿਰਫ਼ ਇੱਕ ਭਾਗ ਹੀ ਪੇਸ਼ ਕੀਤਾ ਗਿਆ ਹੈ। ਦੂਜੇ ਭਾਗ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਨਕੋਦਰ ਗੋਲੀ ਕਾਂਡ ਵਿੱਚ ਸ਼ਹੀਦ ਹੋਣ ਵਾਲੇ ਭਾਈ ਰਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਲਿੱਤਰਾਂ ਵੱਲੋਂ ਹਾਈ ਕੋਰਟ ’ਚ ਐਡਵੋਕੇਟ ਦਾਇਰ ਕੀਤੀ ਪਟੀਸ਼ਨ ’ਤੇ ਜਸਟਿਸ ਨਮਿਤ ਕੁਮਾਰ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ
 ਸੂਬੇ ਦੇ ਸਿਆਸੀ ਤੇ ਧਾਰਮਿਕ ਮੰਚ ਉੱਤੇ ਗੁਰਚਰਨ ਸਿੰਘ ਟੌਹੜਾ ਵਰਗੇ ਆਗੂ ਦੀ ਘਾਟ ਰੜਕੀ   
ਸ੍ਰੋਮਣੀ ਅਕਾਲੀ ਦਲ ਦੀ ਹਾਰ ਬਾਅਦ ,ਸ੍ਰੋਮਣੀ ਕਮੇਟੀ ਕਮਜ਼ੋਰ ਪੈਣ ਤੋਂ ਬਾਅਦ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਨਾਇਕ ਆਗੂ ਦੀ ਘਾਟ ਰੜਕ ਰਹੀ ਹੈ।ਅਕਾਲੀ ਦਲ ਕੋਲ ਸੁਖਬੀਰ ਬਾਦਲ ਤੋਂ ਬਾਅਦ ਕੋਈ ਆਗੂ ਨਹੀਂ ਬਚਿਆ ਜੋ ਪੰਥ ਤੇ ਪੰਜਾਬ ਦੀ ਅਗਵਾਈ ਕਰ ਸਕੇ।ਸੁਖਬੀਰ ਬਾਦਲ ਲਗਾਤਾਰ ਸਿਆਸੀ ਹਾਰਾਂ ਤੋਂ ਬਾਅਦ ਕਮਜੋਰ ਪੈ ਚੁਕੇ ਹਨ।ਪੰਥ ਤੇ ਪੰਜਾਬ ਨੂੰ ਕੋਈ ਦਿਸ਼ਾ ਨਹੀਂ ਦੇ ਸਕੇ।ਉਹਨਾਂ ਕੋਲ ਆਪਣੇ ਪਿਤਾ  ਪ੍ਰਕਾਸ਼ ਸਿੰਘ ਬਾਦਲ ਵਰਗੀ ਵਿਸ਼ਾਲ ਤੇ ਪਾਏਦਾਰ ਸਿਆਸਤ ਨਹੀਂ ਹੈ। ਪਰ ਪੰਥਕ ਹਲਕਿਆਂ ਨੂੰ ਅੱਜ ਗੁਰਚਰਨ ਸਿੰਘ ਟੌਹੜਾ ਵਰਗੇ ਚਾਣਕਿਆ ਨੀਤੀ ਵਾਲੇ ਵਿਸ਼ਾਲ ਵਿਚਾਰਧਾਰਾ ਨਾਲ ਲੈਸ ਆਗੂ ਜਥੇਦਾਰ ਟੌਹੜਾ ਦੀ ਯਾਦ ਆ ਰਹੀ ਹੈ ਜਦੋਂ ਕਿ ਪੰਥ ਵਿਸ਼ਾਲ ਸਮਸਿਆਵਾਂ ਤੇ ਦੁਸ਼ਮਣਾਂ ਨਾਲ ਘਿਰਿਆ ਹੋਇਆ ਹੈ। ਯਾਦ ਰਹੇ ਕਿ ਗੁਰਚਰਨ ਸਿੰਘ ਟੌਹੜਾ ਨੇ ਸ਼ਕਤੀਸ਼ਾਲੀ ਅਦਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕੀਤੀ, ਜਿਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ।ਸਾਲ 1972 ਤੋਂ ਹੋਈ ਸ਼ੁਰੂਆਤ ਤੋਂ ਲੈ ਕੇ ਇੱਕ ਸਦੀ ਦੇ ਕਰੀਬ ਚੌਥਾਈ ਸਮੇਂ ਤੋਂ ਵੱਧ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਜਦੋਂ ਉਨ੍ਹਾਂ ਦਾ ਨਿੱਜੀ ਖਾਤਾ ਦੇਖਿਆ ਗਿਆਂ ਤਾਂ ਉਹ ਬਿਲਕੁੱਲ ਖਾਲੀ ਨਿਕਲਿਆ।ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪੈਂਦੇ ਟੌਹੜਾ ਪਿੰਡ ਵਿੱਚ ਉਨ੍ਹਾਂ ਦਾ ਜੱਦੀ ਘਰ ਪੁਰਾਤਨ ਸ਼ੈਲੀ ਵਾਲਾ ਅਤੇ ਲੱਕੜ ਦੇ ਬਾਲਿਆਂ ਵਾਲਾ ਸੀ। ਉਹ ਇੱਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਸਨ, ਉਹ ਆਪਣੀ ਲਗਭਗ ਦੋ ਹੈਕਟੇਅਰ ਜ਼ਮੀਨ ‘ਤੇ ਮਿਹਨਤ ਮਜ਼ਦੂਰੀ ਕਰਦੇ ਸਨ, ਜਿਸ ਵਿੱਚ ਉਨ੍ਹਾਂ ਨੇ ਆਪਣੀ ਮੌਤ ਤੱਕ ਇੱਕ ਇੰਚ ਵੀ ਹੋਰ ਨਹੀਂ ਜੋੜਿਆ ਸੀ।
ਗੁਰਚਰਨ ਸਿੰਘ ਟੌਹੜਾ ਦਾ ਜਨਮ 24 ਸਤੰਬਰ 1924 ਨੂੰ ਹੋਇਆ ।ਟੌਹੜਾ ਲੰਮਾ ਸਮਾਂ ਐੱਸਜੀਪੀਸੀ ਦੇ ਪ੍ਰਧਾਨ ਰਹੇ।ਟੌਹੜਾ ਨੇ ਕਦੇ ਵੀ ਵਿਧਾਨ ਸਭਾ ਚੋਣ ਨਹੀਂ ਲੜੀ।ਉਹ 1945 ਤੋਂ 95 ਤੱਕ ਉਹ ਲਗਭਗ ਹਰ ਅਕਾਲੀ ਸੰਘਰਸ਼ ਵਿੱਚ ਜੇਲ੍ਹਾਂ ਕੱਟਣ ਦੀ ਵਿਲੱਖਣ ਵਿਸ਼ੇਸ਼ਤਾ ਵਾਲੇ ਆਗੂ ਸਨ।ਜੂਨ 1984 ਵਿੱਚ ਫੌਜੀ ਹਮਲੇ  ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।ਉਸ ਤੋਂ ਬਾਅਦ ਟੌਹੜਾ ਨੂੰ ਅਪ੍ਰੈਲ 1985 ਵਿੱਚ ਰਿਹਾਅ ਕਰ ਦਿੱਤਾ ਗਿਆ ਸੀ। ਉਹ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ।ਵਿਚਾਰਧਾਰਕ ਪੱਧਰ ਸਮੇਤ ਧਾਰਮਿਕ-ਸਿਆਸੀ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਸੀ।
ਸਿੱਖ ਧਾਰਮਿਕ ਤੇ ਸਿਆਸੀ ਖੇਤਰ ਵਿੱਚ ਟੌਹੜਾ ਦੀ ਜ਼ਿੰਦਗੀ ਦਾ ਆਖ਼ਰੀ ਅਹਿਮ ਪੰਥਕ ਘਟਨਾਕ੍ਰਮ, ਜਿਸ ਨਾਲ ਉਹ ਜੁੜੇ ਹੋਏ ਸਨ ਅਤੇ ਪ੍ਰਕਾਸ਼ ਸਿੰਘ ਬਾਦਲ ਇਸ ਤੋਂ ਬਾਹਰ ਸੀ, ਉਹ ਸੀ 1994 ਵਿੱਚ ਅਕਾਲੀ ਦਲ ਵਲੋਂ ਕੀਤਾ ਗਿਆ ਅੰਮ੍ਰਿਤਸਰ ਐਲਾਨਨਾਮਾ।ਇਹ ਉਹ ਸਮਾਂ ਸੀ ਜਦੋਂ ਖਾੜਕੂ ਵਿਚਾਰਧਾਰਾ ਵਾਲਾ ਸਿਆਸੀ ਬਿਰਤਾਂਤ ਪੜਾਅਵਾਰ ਖ਼ਤਮ ਹੋ ਰਿਹਾ ਸੀ। ਅੰਮ੍ਰਿਤਸਰ ਐਲਾਨਨਾਮਾ ਸ੍ਰੀ ਅਕਾਲ ਤਖ਼ਤ ਦੀ ਅਗਵਾਈ ਵਿੱਚ ਪਾਸ ਕੀਤਾ ਗਿਆ ਸੀ।
ਗੁਰਚਰਨ ਸਿੰਘ ਟੌਹੜਾ ਇਸ ਸਿੱਖ ਸਿਆਸੀ ਦਸਤਾਵੇਜ਼ ਦਾ ਖਰੜਾ ਤਿਆਰ ਕਰਨ ਵਿੱਚ ਸ਼ਾਮਲ ਸਨ।ਟੌਹੜਾ ਇੱਕ ਅਜਿਹੇ ਅਕਾਲੀ ਆਗੂ ਸਨ ਜੋ ਸਿੱਖ ਸਿੱਖਿਆ ਸ਼ਾਸਤਰੀਆਂ ਅਤੇ ਵਿਦਵਾਨਾਂ ਨਾਲ ਲੰਬੀਆਂ ਗੋਸ਼ਟੀਆਂ ਕਰਨਾ ਪਸੰਦ ਕਰਦੇ ਸਨ ਅਤੇ ਉਨ੍ਹਾਂ ਨਾਲ ਲੰਬੀ ਵਿਚਾਰ-ਚਰਚਾ ਕਰਦੇ ਸਨ।
ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਜਿਹੇ ਹੀ ਇੱਕ ਗਰੁੱਪ ਨਾਲ ਨਵੇਂ ਸਿਆਸੀ ਦਸਤਾਵੇਜ਼ ਦਾ ਖਰੜਾ ਤਿਆਰ ਕਰਨ ਬਾਰੇ ਚਰਚਾ ਕੀਤੀ। ਇਨ੍ਹਾਂ ਵਿਦਵਾਨਾਂ ਵਿੱਚੋਂ ਇੱਕ ਸਿੱਖ ਵਿਵਦਾਨ ਡਾ. ਗੁਰਭਗਤ ਸਿੰਘ ਸਨ।
ਉਨ੍ਹਾਂ ਨੇ ਸੁਝਾਅ ਦਿੱਤਾ ਸੀ ਕਿ ਨਵਾਂ ਦਸਤਾਵੇਜ਼ ਅਨੰਦਪੁਰ ਸਾਹਿਬ ਦੇ ਮਤੇ ਤੋਂ ਇੱਕ ਕਦਮ ਅੱਗੇ ਦੀ ਗੱਲ ਕਰਦਾ ਹੋਵੇ, ਪਰ ਖੇਤਰੀ ਤੌਰ ‘ਤੇ ਪ੍ਰਭੂਸੱਤਾ ਸਪੰਨ ਸਿੱਖ ਰਾਜ ਖਾਲਿਸਤਾਨ ਤੋਂ ਰਤਾ ਘੱਟ ਹੋਵੇ। ਇਸੇ ਵਿਚਾਰ ਦੀ ਬੁਨਿਆਦ ਉੱਤੇ ਅੰਮ੍ਰਿਤਸਰ ਐਲਾਨਨਾਮਾ ਵਿਕਸਿਤ ਹੋਇਆ ਸੀ।ਵਿਸ਼ਵ ਸਿੱਖ ਯੂਨੀਵਰਸਿਟੀ ਦੀ ਸਥਾਪਨਾ ਦਾ ਪ੍ਰਸਤਾਵ ਵੀ ਇਸ ਏਜੰਡੇ ਦਾ ਹਿੱਸਾ ਸੀ, ਪਰ ਇਹ ਵਿਚਾਰ ਜਥੇਦਾਰ ਟੌਹੜਾ ਤੋਂ ਬਾਅਦ ਖਤਮ ਹੋ  ਗਿਆ ਅਤੇ ਫਤਿਹਗੜ੍ਹ ਵਿਖੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ ਸਰੂਪ ਉਸ ਪਧਰ ਦਾ ਨਹੀਂ ਹੈ ਜਿਹੋ ਜਿਹਾ ਟੌਹੜੇ ਨੇ ਸੋਚਿਆ ਸੀ।ਟੌਹੜੇ ਦੇ ਏਜੰਡੇ ਦਾ ਪਹਿਲਾ ਨੁਕਤਾ ਸੀ ,ਸਿੱਖ ਧਰਮ ਦੀ ਮੂਲ ਪਵਿੱਤਰਤਾ ਦੀ ਸੰਭਾਲ ਅਤੇ ਸਿੱਖ ਧਰਮ ਦੇ ਮੂਲ ਸਿਧਾਂਤਾਂ, ਵਿਸ਼ਵਾਸਾਂ ਅਤੇ ਆਦਰਸ਼ਾਂ ਨੂੰ ਪੇਸ਼ ਕਰਕੇ ਇਸ ਦਾ ਪ੍ਰਚਾਰ ਕਰਨਾ।
ਗੁਰਸਿੱਖ ਜੀਵਨ ਜਾਚ (ਰਹਿਤ ਮਰਯਾਦਾ) ਨੂੰ ਉਭਾਰਨ ‘ਤੇ ਜ਼ੋਰ ਦੇਣਾ । ਗੁਰਬਾਣੀ ਦੀ ਆੜ ਵਿੱਚ ਚੱਲ ਰਹੇ ਅਤੇ ਵਿਨਾਸ਼ਕਾਰੀ ਭੂਮਿਕਾ ਨਿਭਾਉਣ ਵਾਲੇ ਪਾਖੰਡੀ ਡੇਰਿਆਂ ਦੇ ਪ੍ਰਭਾਵ ਦਾ ਡਟ ਕੇ ਮੁਕਾਬਲਾ  ਕਰਨਾ।ਸਿੱਖ ਸਾਹਿਤ, ਇਤਿਹਾਸ, ਸੱਭਿਆਚਾਰ ਅਤੇ ਰਾਜਨੀਤੀ ਦੀ ਵਿਆਖਿਆ ਲਈ ਸਮਕਾਲੀ ਲੋੜਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਖੋਜ ਦੇ ਪ੍ਰਾਜੈਕਟਾਂ ਲਈ ਕਾਰਜ  ਕਰਨਾ ।ਸਿੱਖ ਧਾਰਮਿਕ ਸਾਹਿਤ, ਖਾਸ ਕਰਕੇ ਪਵਿੱਤਰ ਗ੍ਰੰਥਾਂ ਦੇ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕਰਵਾਉਣਾ ।ਸਿੱਖ ਸਾਹਿਤ ਨੂੰ ਘੱਟ ਕੀਮਤ ‘ਤੇ ਪ੍ਰਕਾਸ਼ਿਤ ਕਰਾਉਣਾ , ਪਬਲੀਕੇਸ਼ਨ ਬਿਊਰੋ ਦੀ ਸਥਾਪਨਾ ਕਰਨਾ। ਸਿੱਖ ਸਾਹਿਤ ਦੀਆਂ ਲਾਇਬ੍ਰੇਰੀਆਂ ਦਾ ਜਾਲ ਫੈਲਾਉਣਾ। ਅੰਤਰਰਾਸ਼ਟਰੀ ਸਿੱਖ ਅਧਿਐਨ ਕੇਂਦਰ ਨੂੰ ਵਿਸ਼ਵ ਸਿੱਖ ਯੂਨੀਵਰਸਿਟੀ ਵਜੋਂ ਵਿਕਸਤ ਕਰਨ ਲਈ ਯਤਨ ਕਰਨਾ। ਸਿੱਖ ਅਜਾਇਬ ਘਰ ਅਤੇ ਲਾਇਬ੍ਰੇਰੀ ਨੂੰ ਨਵੀਂ ਸਮੱਗਰੀ ਅਤੇ ਰੂਪ ਦੇਣਾ।
ਸਾਲ 1979 ਦੇ ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮ ਤੋਂ ਇੱਕ ਸਾਲ ਪਹਿਲਾਂ, ਲੁਧਿਆਣਾ ਵਿੱਚ 1978 ਦੇ ਅਕਾਲੀ ਦਲ ਦੇ ਸੰਮੇਲਨ ਵਿੱਚ ਟੌਹੜਾ ਨੇ ਸੰਘਵਾਦ ‘ਤੇ ਜੋ ਕਿਹਾ ਸੀ, ਉਹ ਸ਼ਾਇਦ ਘੱਟ-ਗਿਣਤੀ ਵਜੋਂ ਸਿੱਖਾਂ ਦੇ ਸੰਦਰਭ ਵਿੱਚ ਇਸ ਮੁੱਦੇ ਉੱਤੇ ਸਭ ਤੋਂ ਵਧੀਆ ਬਿਆਨ ਹੈ।ਇਹ ਟੌਹੜਾ ਹੀ ਸਨ, ਜਿਨ੍ਹਾਂ ਦਾ ਨਾਮ ਇਤਿਹਾਸ ਸਿਰਜਣ ਅਤੇ ਸਿੱਖ ਧਾਰਮਿਕ-ਸਿਆਸੀ ਬਿਰਤਾਂਤ ਨੂੰ ਫੈਸਲਾਕੁੰਨ ਮੋੜ ਦੇਣ ਨਾਲ ਜੁੜਿਆ ਹੋਇਆ ਹੈ।

Comment here