* ਕਾਂਗਰਸ 136, ਭਾਜਪਾ 65 ਤੇ ਜੇ.ਡੀ. (ਐਸ.) ਨੂੰ 19 ਸੀਟਾਂ ਮਿਲੀਆਂ
ਵਿਸ਼ੇਸ਼ ਰਿਪੋਰਟ
ਕਰਨਾਟਕ ’ਚ ਕਾਂਗਰਸ ਨੇ ਭਾਜਪਾ ਨੂੰ ਵੱਡੇ ਫਰਕ ਨਾਲ ਪਛਾੜ ਦਿੱਤਾ ਹੈ। ਚੋਣ ਕਮਿਸ਼ਨ ਨੇ 224 ਵਿੱਚੋਂ 223 ਸੀਟਾਂ ਦੇ ਰੁਝਾਨ ਜਾਰੀ ਕੀਤੇ ਹਨ। ਕਰਨਾਟਕ ਚੋਣਾਂ ਦੇ ਆ ਰਹੇ ਨਤੀਜਿਆਂ ਤਹਿਤ ਹੁਣ ਤੱਕ ਦੀ ਚੋਣ ਗਿਣਤੀ ਅਨੁਸਾਰ ਕਾਂਗਰਸ 136, ਭਾਜਪਾ 65 ਤੇ ਜੇ.ਡੀ. (ਐਸ.) ਨੂੰ 19 ਸੀਟਾਂ ਮਿਲੀਆਂ ਹਨ। ਕਾਂਗਰਸ ਦੇ ਸੀਨੀਅਰ ਨੇਤਾ ਸਿੱਧਰਮਈਆ ਨੇ ਸ਼ਨੀਵਾਰ ਨੂੰ ਕਿਹਾ ਕਿ ਕਰਨਾਟਕ ਵਿਧਾਨ ਸਭਾ ਚੋਣ ਨਤੀਜਾ 2024 ਦੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਜਿੱਤ ਲਈ ਮਹੱਤਵਪੂਰਨ ਸਾਬਤ ਹੋਵੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ। ਸਿੱਧਰਮਈਆ ਨੇ ਕਿਹਾ ਕਿ ਕਰਨਾਟਕ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ‘ਜਨਾਦੇਸ਼’ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਰਾਹੁਲ ਗਾਂਧੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਇੱਥੇ ਦੱਸ ਦੇਈਆ ਕਿ ਜਨਤਾ ਦਲ (ਯੂਨਾਈਟਿਡ) ਦੇ ਰਾਸ਼ਟਰੀ ਪ੍ਰਧਾਨ ਰਾਜੀਵ ਰੰਜਨ ਉਰਫ ਲਲਨ ਸਿੰਘ ਨੇ ਨਤੀਜਿਆਂ ਤੋਂ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਭਾਜਪਾ ‘ਵੱਡੇ ਫਰਕ ਨਾਲ ਚੋਣ ਹਾਰੇਗੀ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਹਾਰ ਜਾਵੇਗੀ।
ਸਾਬਕਾ ਮੰਤਰੀ ਡੀਕੇ ਸ਼ਿਵਕੁਮਾਰ ਨੇ ਲੋਕਾਂ ਦਾ ਕੀਤਾ ਧੰਨਵਾਦ
ਸਾਬਕਾ ਮੰਤਰੀ ਡੀਕੇ ਸ਼ਿਵਕੁਮਾਰ ਨੇ ਜਿੱਤ ਲਈ ਪਾਰਟੀ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਪਾਰਟੀ ਹਾਈਕਮਾਂਡ ਨੂੰ ਕਿਹਾ ਹੈ ਕਿ ਉਹ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੇ। ਸ਼ਿਵਕੁਮਾਰ ਨੇ ਦੱਬੀ ਆਵਾਜ਼ ’ਚ ਕਿਹਾ ਕਿ ਮੈਂ ਪਾਰਟੀ ਵਰਕਰਾਂ ਅਤੇ ਪਾਰਟੀ ਦੀ ਜਿੱਤ ਦਾ ਸਿਹਰਾ ਸਾਰੇ ਨੇਤਾਵਾਂ ਨੂੰ ਦਿੰਦਾ ਹਾਂ। ਲੋਕਾਂ ਨੇ ਸਾਡੇ ਵਿੱਚ ਵਿਸ਼ਵਾਸ ਜਤਾਇਆ ਹੈ ਅਤੇ ਨੇਤਾਵਾਂ ਨੇ ਸਾਡਾ ਸਮਰਥਨ ਕੀਤਾ ਹੈ। ਇਹ ਇੱਕ ਸਮੂਹਿਕ ਅਗਵਾਈ ਹੈ ਅਤੇ ਅਸੀਂ ਮਿਲ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਸੋਨੀਆ ਗਾਂਧੀ, ਰਾਹੁਲ ਗਾਂਧੀ, ਪਿ੍ਰਅੰਕਾ ਗਾਂਧੀ ਅਤੇ ਏ.ਆਈ.ਸੀ.ਸੀ. ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਕਿਹਾ ਸੀ ਕਿ ਅਸੀਂ ਕਰਨਾਟਕ ਨੂੰ ਬਚਾਵਾਂਗੇ। ਮੈਂ ਨਹੀਂ ਭੁੱਲ ਸਕਦਾ ਕਿ ਸੋਨੀਆ ਗਾਂਧੀ ਮੈਨੂੰ ਮਿਲਣ ਆਈ ਸੀ ਜਦੋਂ ‘ਭਾਜਪਾ ਵਾਲਿਆਂ’ ਨੇ ਮੈਨੂੰ ਜੇਲ੍ਹ ’ਚ ਬੰਦ ਕੀਤਾ ਸੀ। ਗਾਂਧੀ ਪਰਿਵਾਰ, ਕਾਂਗਰਸ ਅਤੇ ਪੂਰੇ ਦੇਸ਼ ਨੇ ਮੇਰੇ ਵਿੱਚ ਇਹ ਵਿਸ਼ਵਾਸ ਜਤਾਇਆ ਹੈ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ, ਵਿਧਾਇਕਾਂ ਅਤੇ ਪਾਰਟੀ ਦੇ ਸਾਰੇ ਅਹੁਦੇਦਾਰਾਂ ਸਮੇਤ ਸੂਬੇ ਦੇ ਨੇਤਾਵਾਂ ਦਾ ਵੀ ਧੰਨਵਾਦ ਕੀਤਾ।
ਮੁੱਖ ਮੰਤਰੀ ਬਸਵਰਾਜ ਬੋਮਈ ਨੇ ਹਾਰ ਸਵੀਕਾਰੀ
ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਰ ਨੂੰ ਸਵੀਕਾਰ ਕਰ ਲਿਆ ਹੈ। ਦੁਪਹਿਰ ਤੱਕ ਆਏ ਚੋਣ ਨਤੀਜਿਆਂ ਵਿੱਚ ਕਾਂਗਰਸ ਦੀ ਲੀਡ 120 ਤੋਂ ਪਾਰ ਹੋ ਗਈ ਹੈ। ਵੀਰਵਾਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਸ਼ੁਰੂ ਹੋਈ ਤਾਂ ਕਾਂਗਰਸ ਪਾਰਟੀ ਨੇ 10 ਵਜੇ ਤੱਕ ਬਹੁਮਤ ਦਾ ਅੰਕੜਾ 113 ਨੂੰ ਪਾਰ ਕਰ ਲਿਆ ਸੀ। ਇਸ ਤੋਂ ਬਾਅਦ ਬੋਮਈ ਨੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਵਰਕਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਟੀਚਾ ਹਾਸਲ ਨਹੀਂ ਕਰ ਸਕੇ। ਇੱਕ ਵਾਰ ਪੂਰਾ ਨਤੀਜਾ ਨਿਕਲਣ ਤੋਂ ਬਾਅਦ, ਅਸੀਂ ਇੱਕ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕਰਾਂਗੇ। ਬਸਵਰਾਜ ਬੋਮਈ ਨੇ ਕਿਹਾ ਕਿ ‘ਅਸੀਂ ਇਸ ਨਤੀਜੇ ਨੂੰ ਲੋਕ ਸਭਾ ਚੋਣਾਂ ਵਿੱਚ ਵਾਪਸੀ ਦੀ ਸਾਡੀ ਕੋਸ਼ਿਸ਼ ਵਜੋਂ ਲੈ ਰਹੇ ਹਾਂ।’ ਬੋਮਈ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਭਾਜਪਾ ਦੀ ਜਿੱਤ ਦਾ ਪੂਰਾ ਭਰੋਸਾ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਕਾਂਗਰਸ ਹੋਰ ਪਾਰਟੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਸ ਨੂੰ ਆਪਣੇ ਵਿਧਾਇਕਾਂ ’ਤੇ ਭਰੋਸਾ ਨਹੀਂ ਹੈ। ਬੋਮਈ ਨੇ ਇਹ ਵੀ ਕਿਹਾ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਨਾਲ ਵਾਪਸੀ ਕਰੇਗੀ। ਬੋਮਈ ਨੇ ਕਿਹਾ ਕਿ ਨਤੀਜੇ ਆਉਣ ਤੋਂ ਬਾਅਦ ਵੱਖ-ਵੱਖ ਪੱਧਰਾਂ ’ਤੇ ਗਲਤੀਆਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾਵੇਗੀ। ਦੁਪਹਿਰ ਤੱਕ ਕਾਂਗਰਸ 124 ਸੀਟਾਂ ’ਤੇ ਅੱਗੇ ਸੀ, ਜਦਕਿ ਭਾਜਪਾ 69 ਸੀਟਾਂ ’ਤੇ ਅਤੇ ਜਨਤਾ ਦਲ (ਐੱਸ) 24 ਸੀਟਾਂ ’ਤੇ ਅੱਗੇ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਮੈਂ ਕਾਂਗਰਸ ਪਾਰਟੀ ਨੂੰ ਵਧਾਈ ਦਿੰਦਾ ਹਾਂ। ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਮੇਰੀਆਂ ਸ਼ੁਭਕਾਮਨਾਵਾਂ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਰਨਾਟਕ ਚੋਣਾਂ ਵਿੱਚ ਸਾਡਾ ਸਮਰਥਨ ਕੀਤਾ। ਮੈਂ ਭਾਜਪਾ ਵਰਕਰਾਂ ਦੀ ਮਿਹਨਤ ਦੀ ਸ਼ਲਾਘਾ ਕਰਦਾ ਹਾਂ। ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਉਤਸ਼ਾਹ ਨਾਲ ਕਰਨਾਟਕ ਦੀ ਸੇਵਾ ਕਰਾਂਗੇ।
ਭਾਰੀ ਜਨਾਦੇਸ਼ ਦੇਣ ਲਈ ਕਰਨਾਟਕ ਦੇ ਲੋਕਾਂ ਦਾ ਧੰਨਵਾਦ-ਖੜਗੇ
ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਮੈਂ ਕਾਂਗਰਸ ਨੂੰ ਭਾਰੀ ਜਨਾਦੇਸ਼ ਦੇਣ ਲਈ ਕਰਨਾਟਕ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਅਸੀਂ ਉਨ੍ਹਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਾਂਗੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਚੋਣ ਮਨੋਰਥ ਪੱਤਰ ਵਿਚ ਐਲਾਨੀਆਂ ਸਾਰੀਆਂ ਭਲਾਈ ਸਕੀਮਾਂ ਨੂੰ ਲਾਗੂ ਕਰਾਂਗੇ। ਮੈਂ ਰਾਹੁਲ ਗਾਂਧੀ, ਪਿ੍ਰਯੰਕਾ ਗਾਂਧੀ ਅਤੇ ਸੋਨੀਆ ਗਾਂਧੀ ,ਜਿਨ੍ਹਾਂ ਦੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਚੋਣ ਪ੍ਰਚਾਰ ਕੀਤਾ, ਦਾ ਧੰਨਵਾਦ ਕਰਦਾ ਹਾਂ।
‘ਨਫ਼ਰਤ ਦਾ ਬਜ਼ਾਰ ਹੋਇਆ ਬੰਦ’-ਰਾਹੁਲ ਗਾਂਧੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਆਪਣੀ ਪਾਰਟੀ ਦੀ ਜਿੱਤ ’ਤੇ ਜਨਤਾ, ਪਾਰਟੀ ਵਰਕਰਾਂ ਅਤੇ ਨੇਤਾਵਾਂ ਨੂੰ ਵਧਾਈ ਦਿੰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਇਸ ਜਿੱਤ ਨੇ ਰਾਜ ’ਚ ਨਫ਼ਰਤ ਦਾ ਬਜ਼ਾਰ ਬੰਦ ਕਰ ਕੇ ਮੁਹੱਬਤ ਦਾ ਮਾਹੌਲ ਬਣਾਇਆ ਹੈ। ਰਾਹੁਲ ਨੇ ਪੱਤਰਕਾਰਾਂ ਨਾਲ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਆਪਣੀ ਸ਼ੁਰੂਆਤੀ ਟਿੱਪਣੀ ’ਚ ਕਿਹਾ, ‘‘ਕਰਨਾਟਕ ’ਚ ਨਫ਼ਰਤ ਦਾ ਬਜ਼ਾਰ ਬੰਦ ਹੋਇਆ ਅਤੇ ਮੁਹੱਬਤ ਦੀ ਦੁਕਾਨ ਖੁੱਲ੍ਹੀ ਹੈ।’’
ਪਿ੍ਰਅੰਕਾ ਗਾਂਧੀ ਨੇ ਕਰਨਾਟਕ ਦੇ ਲੋਕਾਂ ਦਾ ਕੀਤਾ ਧੰਨਵਾਦ
ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਨੇ ਕਰਨਾਟਕ ਵਿੱਚ ਕਾਂਗਰਸ ਦੀ ਵੱਡੀ ਜਿੱਤ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, ‘ਕਾਂਗਰਸ ਪਾਰਟੀ ਨੂੰ ਇਤਿਹਾਸਕ ਜਨਾਦੇਸ਼ ਦੇਣ ਲਈ ਕਰਨਾਟਕ ਦੇ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਇਹ ਤੁਹਾਡੇ ਮੁੱਦਿਆਂ ਦੀ ਜਿੱਤ ਹੈ। ਇਹ ਤਰੱਕੀ ਦੇ ਵਿਚਾਰ ਨੂੰ ਤਰਜੀਹ ਦੇਣ ਲਈ ਕਰਨਾਟਕ ਦੀ ਜਿੱਤ ਹੈ। ਇਹ ਰਾਜਨੀਤੀ ਦੀ ਜਿੱਤ ਹੈ ਜੋ ਦੇਸ਼ ਨੂੰ ਇਕਜੁੱਟ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, ‘ਕਰਨਾਟਕ ਕਾਂਗਰਸ ਦੇ ਸਾਰੇ ਮਿਹਨਤੀ ਵਰਕਰਾਂ ਅਤੇ ਨੇਤਾਵਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਤੁਹਾਡੀ ਸਾਰੀ ਮਿਹਨਤ ਰੰਗ ਲਿਆਈ। ਕਾਂਗਰਸ ਪਾਰਟੀ ਕਰਨਾਟਕ ਦੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਨੂੰ ਲਾਗੂ ਕਰਨ ਲਈ ਤਨਦੇਹੀ ਨਾਲ ਕੰਮ ਕਰੇਗੀ। ਜੈ ਕਰਨਾਟਕ, ਜੈ ਕਾਂਗਰਸ।’
ਭਾਜਪਾ ਦੀ ਹਾਰ ਨੂੰ ਕੱਲ੍ਹ ਲਈ ਸਬਕ ਮਮਤਾ ਬੈਨਰਜੀ
ਤਿ੍ਰਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਰਨਾਟਕ ਵਿਧਾਨ ਸਭਾ ਵਿੱਚ ਸੱਤਾਧਾਰੀ ਭਾਜਪਾ ਦੀ ਹਾਰ ਨੂੰ ਕੱਲ੍ਹ ਲਈ ਸਬਕ ਕਰਾਰ ਦਿੱਤਾ ਹੈ। ਮਮਤਾ ਬੈਨਰਜੀ ਨੇ ਟਵੀਟ ਕੀਤਾ, ‘ਪਰਿਵਰਤਨ ਦੇ ਪੱਖ ’ਚ ਫੈਸਲਾਕੁੰਨ ਫਤਵਾ ਦੇਣ ਲਈ ਕਰਨਾਟਕ ਦੇ ਲੋਕਾਂ ਨੂੰ ਮੇਰਾ ਸਲਾਮ!! ਵਹਿਸ਼ੀ ਤਾਨਾਸ਼ਾਹੀ ਅਤੇ ਬਹੁਗਿਣਤੀਵਾਦੀ ਰਾਜਨੀਤੀ ਨੂੰ ਹਰਾਇਆ !! ਜਦੋਂ ਲੋਕ ਬਹੁਲਵਾਦ ਅਤੇ ਜਮਹੂਰੀ ਤਾਕਤਾਂ ’ਤੇ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਹਨ, ਤਾਂ ਹਾਵੀ ਹੋਣ ਦਾ ਕੋਈ ਵੀ ਕੇਂਦਰੀ ਡਿਜ਼ਾਇਨ ਉਨ੍ਹਾਂ ਦੀ ਇੱਛਾ ਨੂੰ ਦਬਾ ਨਹੀਂ ਸਕਦਾ: ਇਹ ਕਹਾਣੀ ਦਾ ਸਬਕ ਹੈ, ਕੱਲ੍ਹ ਲਈ ਸਬਕ…’
ਜਨਤਾ ’ਚ ਭਾਜਪਾ ਖਿਲਾਫ ਸੀ ਗੁੱਸਾ-ਅਸ਼ੋਕ ਚਵਾਨ
ਕਰਨਾਟਕ ’ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਮਹਾਰਾਸ਼ਟਰ ਕਾਂਗਰਸ ਨੇਤਾ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਕਿਹਾ, ‘ਜਨਤਾ ’ਚ ਭਾਜਪਾ ਖਿਲਾਫ ਗੁੱਸਾ ਸੀ। ਇਹ ਕਾਂਗਰਸ ਦੀ ਵੱਡੀ ਜਿੱਤ ਹੈ। ਇੱਥੇ ਪਾਰਟੀ ਦੀ ਵੋਟ ਸ਼ੇਅਰ ਵੀ ਵਧੀ ਹੈ।’
ਦਲਿਤ ਮੁੱਖ ਮੰਤਰੀ ਚਾਹੁਣ ’ਤੇ ਹਾਈਕਮਾਂਡ ਨਹੀਂ ਕਰੇਗੀ ਵਿਰੋਧ-ਮੋਇਲੀ
ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਵੀਰੱਪਾ ਮੋਇਲੀ ਨੇ ਕਿਹਾ ਕਿ ਜੇਕਰ ਬਹੁਗਿਣਤੀ ਵਿਧਾਇਕ ਦਲਿਤ ਮੁੱਖ ਮੰਤਰੀ ਚਾਹੁੰਦੇ ਹਨ ਤਾਂ ਹਾਈਕਮਾਂਡ ਇਸ ਦਾ ਵਿਰੋਧ ਨਹੀਂ ਕਰੇਗੀ ਅਤੇ ਹਾਈਕਮਾਂਡ ਮੁੱਖ ਮੰਤਰੀ ਉਮੀਦਵਾਰ ਦੀ ਨਿਯੁਕਤੀ ਨਹੀਂ ਕਰ ਸਕਦੀ। ਉਨ੍ਹਾਂ ਅੱਗੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਡੀਕੇ ਸ਼ਿਵਕੁਮਾਰ ਨੇ ਪਿਛਲੇ ਤਿੰਨ ਸਾਲਾਂ ਤੋਂ ਅਣਥੱਕ ਮਿਹਨਤ ਕੀਤੀ ਹੈ।
ਭਾਜਪਾ ਲਈ ਜਿੱਤ-ਹਾਰ ਕੋਈ ਨਵੀਂ ਗੱਲ ਨਹੀਂ-ਬੀਐੱਸ ਯੇਦੀਯੁਰੱਪਾ
ਕਰਨਾਟਕ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਹਾਰ ’ਤੇ ਭਾਜਪਾ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਕਿਹਾ ਕਿ ਭਾਜਪਾ ਲਈ ਜਿੱਤ-ਹਾਰ ਕੋਈ ਨਵੀਂ ਗੱਲ ਨਹੀਂ ਹੈ। ਪਾਰਟੀ ਵਰਕਰਾਂ ਨੂੰ ਇਨ੍ਹਾਂ ਨਤੀਜਿਆਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਅਸੀਂ ਇਸ ਹਾਰ ਬਾਰੇ ਆਤਮ-ਪੜਚੋਲ ਕਰਾਂਗੇ। ਮੈਂ ਸੂਬੇ ਦੇ ਲੋਕਾਂ ਦੇ ਇਸ ਫੈਸਲੇ ਨੂੰ ਸਤਿਕਾਰ ਨਾਲ ਸਵੀਕਾਰ ਕਰਦਾ ਹਾਂ।
ਕਰਨਾਟਕ ’ਚ ਕਾਂਗਰਸ ਭਾਰੀ ਬਹੁਮਤ ਨਾਲ ਜਿੱਤੀ

Comment here