ਸਿਆਸਤਗੁਸਤਾਖੀਆਂਚਲੰਤ ਮਾਮਲੇਵਿਸ਼ੇਸ਼ ਲੇਖ

ਆਓ ! ਆਪੋ-ਆਪਣਾ ਸਵੈਮਾਣ ਜਗਾਈਏ !

ਸਮਾਂ ਬਹੁਤ ਬਲਵਾਨ ਹੈ। ਸਮਾਂ ਕਿਸੇ ਦਾ ਮਿੱਤ ਨਹੀਂ ਹੁੰਦਾ । ਸਮੇਂ ਨਾਲ ਤੁਰਨਾ ਤੇ ਜੁੜਨਾ ਜਿਹਨਾਂ ਦੇ ਹਿੱਸੇ ਆਇਆ ਹੈ , ਉਨ੍ਹਾਂ ਨੇ ਲੋਕਾਂ ਦੀ ਤਕਦੀਰਾਂ ਬਦਲ ਦਿੱਤੀਆਂ ਹਨ । ਤਕਦੀਰਾਂ ਬਦਲਣ ਲਈ ਜਦ ਤੱਕ ਅਸੀਂ ਕਿਸੇ ਦੀ ਉਡੀਕ ਕਰਦੇ ਹਾਂ ਤਾਂ ਅਸੀਂ ਗੁਲਾਮੀ ਵੱਲ ਵੱਧਦੇ ਹਾਂ । ਅੱਜ ਬਹੁਗਿਣਤੀ ਇਸੇ ਉਡੀਕ ਵਿੱਚ ਹੈ ਤੇ ਗੁਲਾਮ ਬਣੀ ਬੈਠੀ ਹੈ । ਸਟੇਟ ਨਾਲ ਲੜਾਈ ਤਾਂ ਨਜ਼ਰ ਆ ਰਹੀ ਹੈ ਪਰ ਬੁੱਕਲ ਦੇ ਖੜੱਪੇ ਸੱਪ ਦਿਖਦੇ ਵੀ ਨਹੀਂ । ਪਰ ਨਾਲ ਨਾਲ ਤੁਰ ਫਿਰ ਰਹੇ ਹਨ। ਸਿਆਣੇ ਆਖਦੇ ਹਨ ਕਿ ਰਾਵਣ ਕਦੇ ਵੀ ਨਾ ਮਰਦਾ ਜੇ ਉਸਦਾ ਭਰਾ ਭਵੀਸ਼ਣ ਰਾਮ ਦੇ ਨਾਲ ਨਾ ਰਲਦਾ ਤੇ ਰਾਮ ਤਾਂ ਜਿੱਤਿਆ ਕਿ ਉਸਦਾ ਭਰਾ ਉਸਦੇ ਨਾਲ ਸੀ । ਅੱਜ ਵੀ ਸਾਡੇ ਵਿੱਚ ਬਹੁਗਿਣਤੀ ਭਵੀਸ਼ਣ ਤੁਰੇ ਫਿਰਦੇ ਹਨ । ‘ਘਰ ਦਾ ਭੇਤੀ ਲੰਕਾ ਢਾਹੇ ‘ ਵਰਗੀ ਹਾਲਤ ਹੈ ।
ਅਸੀਂ ਕਦੇ ਵੀ ਨਾ ਇਤਿਹਾਸ ਤੋਂ ਨਾ ਮਿਥਿਹਾਸ ਤੋਂ ਕੁੱਝ ਸਿੱਖਿਆ ਹੈ , ਸਗੋਂ ਦੋਹਾਂ ਵੱਲ ਪਿੱਠ ਕਰਕੇ ਖੜੇ ਹਾਂ ਤੇ ਮਰੇ ਹਾਂ । ਸਾਨੂੰ ਮਰਨ ਦਾ ਚਾਅ ਚੜ੍ਹਦਾ ਹੈ । ਹੁਣ ਮਰ ਕੇ ਨਹੀਂ ਸਗੋਂ ਜਿਉਂਦੇ ਰਹਿ ਕੇ ਲੜਨ ਦੀ ਲੋੜ ਵਧੇਰੇ ਹੋ ਗਈ ਹੈ । ਜਦ ਅਸੀਂ ਵਿਰਸੇ ਤੇ ਵਿਰਾਸਤ ਨੂੰ ਭੁੱਲਦੇ ਹਾਂ ਤੇ ਇਸੇ ਕਰਕੇ ਅਸੀਂ ਹਰ ਜੰਗ ਜਿੱਤ ਕੇ ਵੀ ਹਾਰਦੇ ਰਹੇ ਹਾਂ ।ਇਹ ਸੱਚ ਹੈ ਕਿ ਸਾਡੇ ਖੂਨ ਦੇ ਵਿੱਚ ਅਬਦਾਲੀ, ਅਫਗਾਨੀ, ਤੁਰਕ, ਮੰਗੋਲ, ਪਠਾਣ , ਮੁਗਲ ਤੇ ਹੋਰ ਕਈ ਦਰਜਨ ਨਸਲਾਂ ਦਾ ਖੂਨ ਆ ਗਿਆ ਹੈ। ਹੁਣ ਸਾਡੇ ਵਿੱਚ ਨੇਪਾਲੀ ਤੇ ਗੜਵਾਲੀ ਵੀ ਸ਼ਾਮਲ ਹੋ ਗਏ ਹਨ ਜੇ ਕੁੱਝ ਸਾਡੇ ਵਿੱਚ ਗੁਰੂਆਂ , ਬੰਦਾ ਸਿੰਘ ਬਹਾਦਰ, ਗਦਰੀ ਬਾਬਿਆਂ , ਬੱਬਰਾਂ ਦਾ ਖੂਨ ਹੈ ਤਾਂ ਬਹੁਗਿਣਤੀ ਕਿਰਪਾਲ ਸਿੰਘ ਵਰਗਿਆਂ ਦਾ ਵੀ ਹੈ ।
ਅੱਜ ਸਾਡੇ ਵਿੱਚ ਸਵੈਮਾਣ ਨਾਲ ਜਿਉਣ ਤੇ ਲੜਨ ਵਾਲੇ ਕੁੱਝ ਗਿਣਤੀ ਦੇ ਲੋਕ ਰਹਿ ਗਏ ਹਨ । ਪੰਜਾਬ ਨੂੰ ਜਿਸ ਤਰ੍ਹਾਂ ਨਾਗਵਲ ਪਾਇਆ ਜਾ ਰਿਹਾ ਹੈ, ਇਸ ਦੇ ਵਿੱਚ ਦੁਸ਼ਮਣ ਨਾਲੋਂ ਆਪਣੇ ਵਧੇਰੇ ਹਨ । ਪੰਜਾਬ ਨੂੰ ਲੀਹ ਉਤੇ ਲੈ ਕੇ ਆਉਣ ਲਈ ਪਿੰਡ ਪਿੰਡ ਡਾਕਟਰ ਸਵੈਮਾਣ ਵਰਗੇ ਹੋਣੇ ਚਾਹੀਦੇ ਹਨ । ਮੈਨੂੰ ਯਾਦ ਆ ਰਿਹਾ ਟਿੱਕਰੀ ਬਾਰਡਰ ਦਾ ਉਹ ਸਮਾਂ ਜਦ ਉਹ ਆਪਣੇ ਸਾਰੇ ਹੀ ਸੁੱਖ ਅਰਾਮ ਛੱਡਕੇ ਲੋਕਾਂ ਦੇ ਵਿੱਚ ਇਕ ਆਮ ਮਨੁੱਖ ਵਾਂਗੂੰ ਰਹਿੰਦਾ ਸੀ । ਕਦੇ ਉਹ ਡਾਕਟਰ ਬਣ ਲੋਕਾਂ ਦੇ ਦੁੱਖ ਕੱਟਦਾ ਦਵਾਈਆਂ ਦੇਦਾ ਤੇ ਕਦੇ ਝਾੜੂ ਚੱਕ ਕੇ ਸਫਾਈ ਕਰਦਾ । ਇਕ ਦਿਨ ਤਾਂ ਬੰਦ ਹੋਏ ਗਟਰ ਦੇ ਵਿੱਚ ਕਹੀ ਲੈ ਕੇ ਗਾਰ ਕੱਢਣ ਲੱਗਿਆ ਜਦ ਦੇਖਿਆ , ਬਹੁਤ ਲੋਕਾਂ ਦੇ ਅੱਖਾਂ ਵਿੱਚ ਮੁਹੱਬਤ ਦੇ ਹੰਝੂ ਸਨ । ਉਥੇ ਬੈਠੇ ਮਾਪਿਆਂ ਵਰਗੇ ਪੰਜਾਬੀਆਂ ਦਾ ਉਹ ਅੱਖਾਂ ਦਾ ਤਾਰਾ ਸੀ । ਵੱਡੇ ਪੁਰਖੇ ਉਸਨੂੰ ਗਲੇ ਲਗਾਉਦੇ ਸਿਰ ਪਲੋਸ ਦੇ ਅਸੀਸਾਂ ਦੇਦੇ ਸਨ । ਨਿੱਕੇ ਹਾਣੀ ਉਸ ਨਾਲ ਬਹਿ ਕੇ ਮਾਣ ਮਹਿਸੂਸ ਕਰਦੇ ਸਨ । ਅੱਜ ਉਹ ਫੇਰ ਪੰਜਾਬ ਦੇ ਲਈ ਚਿੰਤੁਤ ਹੋਇਆ ਖੱਖੜੀਆਂ ਕਰੇਲੇ ਹੋਇਆ ਨੂੰ ਇਕੱਠੇ ਕਰਨ ਲਈ ਦਿਨ ਰਾਤ ਬੇਚੈਨ ਹੈ ।
ਭਲਾ ਉਸਨੇ ਕੀ ਲੈਣਾ ਹੈ ? ਅਮਰੀਕਾ ਦਾ ਵਾਸੀ ਹੈ ਹਰ ਸੁੱਖ ਸਹੂਲਤ ਦਾ ਮਾਲਕ ਹੈ । ਕਰੋੜਾਂ ਦਾ ਦਾਨ ਤੇ ਨੁਕਸਾਨ ਕਰ ਚੁੱਕਿਆ ਹੈ।
ਪਰ ਦੁੱਖ ਦੀ ਗੱਲ ਹੈ ਕਿ ਜਿਹੜੇ ਦਿੱਲੀ ਇਕ ਮਾਲਾ ਵਿੱਚ ਪਰੋਏ ਬੈਠੇ ਸਨ, ਉਹ ਹੁਣ ਸਭ ਮਣਕਾ ਮਣਕਾ ਹੋ ਗਏ ਹਨ । ਉਨ੍ਹਾਂ ਨੂੰ ਕੌਣ ਮਣਕਾ ਮਣਕਾ ਕਰ ਗਿਆ ਤੇ ਕਰ ਰਿਹਾ ਹੈ ? ਕੋਈ ਬਾਹਰੀ ਨਹੀਂ ਸਾਡੇ ਹੀ ਹਨ ਪਰ ਦਿਖਦੇ ਨਹੀਂ , ਜਦ ਵਿਕਦੇ ਹਨ ਉਸ ਵੇਲੇ ਹੀ ਪਤਾ ਲੱਗਦਾ ਹੈ । ਆ ਵੀ ਬੁ੍ੱਕਲ ਦਾ ਯਾਰ ਸੱਪ ਨਿਕਲਿਆ ਹੈ।
ਬਹੁਗਿਣਤੀ ਅਸੀਂ ਨਿੱਜੀ ਹਿੱਤਾਂ ਦੇ ਗੁਲਾਮ ਹਾਂ ਤੇ ਸਮੂਹ ਨੂੰ ਫੇਰ ਗੁਲਾਮੀ ਵੱਲ ਧੱਕ ਰਹੇ ਹਾਂ । ਅੱਖ ਵਿੱਚ ਅੱਖ ਪਾ ਕੇ ਝਾਕਣ ਵਾਲੇ ਤਾਂ ਲੱਭਦੇ ਹੀ ਨਹੀਂ ।
ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਜਾਂ ਬਣਾਇਆ ਜਾ ਰਿਹਾ ਹੈ । ਇਕ ਦਿਨ
ਉਹ ਵੀ ਹਾਰ ਕੇ ਬਹਿ ਜਾਵੇਗਾ ਪਰ ਅਸੀਂ ਤੁਸੀਂ ਉਸਨੂੰ ਹਾਰ ਕੇ ਬੈਠਾ ਨਹੀਂ ਦੇਖਣਾ ਚਾਹੁੰਦੇ । ਆਓ ਆਪਣੇ ਅੰਦਰ ਸੁੱਤੇ ਪਏ ਸਵੈਮਾਨ ਨੂੰ ਜਗਾਈਏ । ਅੱਜ ੧੬੯੯ ਦੀ ਵਿਸਾਖੀ ਵਰਗੇ ਸੱਚ ਦੀ ਜਰੂਰਤ ਹੈ । ਉਦੋਂ ਵੀ ਆਪਣਿਆਂ ਨੇ ਨਹੀਂ ਬੇਗਾਨਿਆਂ ਨੇ ਹੀ ਗੁਰੂ ਨੂੰ ਘੇਰਿਆਂ ਵਿੱਚੋ ਕੱਢਿਆ ਸੀ । ਉਹ ਭਾਵੇਂ ਗਨੀ ਖਾਂ ਤੇ ਮਨੀ ਖਾਂ ਸੀ ਜਾਂ ਪੀਰ ਬੁੱਧੂ ਸ਼ਾਹ ਸੀ ਇਹ ਸੂਚੀ ਵੱਡੀ ਹੈ । ਅਸੀਂ ਵਿਰਸਾ ਤੇ ਵਿਰਾਸਤ ਵੀ ਭੁੱਲ ਗਏ ਹਾਂ ਤੇ ਆਪਣਾ ਆਪ ਵੀ । ਪਰ ਨਿਰਾਸ਼ ਹੋਣ ਦੀ ਲੋੜ ਨਹੀਂ । ਭੀੜ ਕਦੇ ਵੀ ਸੂਰਮੇ ਪੈਦਾ ਨਹੀਂ ਕਰਦੀ ਜਦ ਕਦੇ ਮਰਦ ਉਠਿਆ ਉਹ ਚੁੱਪ ਕੀਤਿਆਂ ਦੇ ਵਿੱਚੋ ਹੀ ਉਠਿਆ ਹੈ । ਸਮਾਂ ਕਿਸੇ ਦੇ ਪਿਉ ਦਾ ਨਹੀਂ ਹੁੰਦਾ ਤੇ ਸਦਾ ਚੱਲਦਾ ਰਹਿੰਦਾ ਹੈ। ਸਮਾਂ ਅੱਜ ਨਹੀਂ ਤਾਂ ਭਲਕੇ ਬਦਲੇਗਾ। ਸੂਰਜ ਕਦੇ ਛਿਪਦਾ ਨਹੀਂ ਬੱਦਲਾਂ ਵਿੱਚ ਘਿਰ ਜਰੂਰ ਜਾਂਦਾ ਹੈ। ਹੁਣ ਵੀ ਸਾਡੇ ਸਵੈਮਾਣ ਦੇ ਆਲੇ ਦੁਆਲੇ ਕਾਲੇ ਬੱਦਲ ਹਨ ਜਦ ਵੀ ਹਵਾ ਚੱਲੀ ਤੇ ਲਹਿਰ ਬਣੇਗੀ । ਇਹਨਾਂ ਕਾਲੇ ਬੱਦਲਾਂ ਨੂੰ ਉਡਾ ਕੇ ਲੈ ਜਾਵੇਗੀ । ਅੱਤ ਖੁਦਾ ਦਾ ਵੈਰ ਹੁੰਦਾ ਹੈ । ਹੁਣ ਅੱਤ ਦਾ ਸਿਖਰ ਹੈ , ਇਸਦਾ ਉਸਨੂੰ ਵੀ ਫਿਕਰ ਹੈ ਜਿਸਦਾ ਜਿਕਰ ਭੁੱਲ ਗਏ ਹਾਂ ।
ਬਾਬਾ ਨਾਨਕ ਜੀ ਨੇ ਸਮੇਂ ਦੇ ਹਾਕਮ ਨੂੰ ਵੰਗਾਰਿਆ ਸੀ ਤੇ ਕਰਤਾ ਨੂੰ । ਹੁਣ ਵੀ ਕੋਈ ਗੁਰੂ ਗੋਬਿੰਦ ਸਿੰਘ ਜੀ ਵਰਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਜਰੂਰ ਉਠੇਗਾ । ਹੁਣ ਕਾਲੀ ਘਟਾ ਬਹੁਤੀ ਦੇਰ ਨਹੀਂ ਰਹਿਣੀ ।
ਹੁਣ ਲੋੜ ਹੈ ਕਿ ਅਸੀਂ ਆਪਣੇ ਅੰਦਰਲੇ ਸੁਤੇ ਪਏ ਸਵੈਮਾਣ ਨੂੰ ਜਗਾਈਏ ਤੇ ਗੁਆਚ ਰਹੀ ਮਨੁੱਖਤਾ ਨੂੰ ਬਚਾਈਏ ।
ਜਾਗੋ ਪੰਜਾਬੀਓ ਜਾਗੋ…ਲੁੱਟਮਾਰ ਕਰਨ ਵਾਲੇ ਸਭ ਇਕੱਠੇ ਹਨ ਤੁਸੀਂ ਕਿਉਂ ਨਹੀਂ ਸਿਰ ਜੋੜਦੇ ? ਸੁਣੋ ! ਚੇਤਨਾ ਦਹਾੜ ਰਹੀ ਹੈ । ਆਓ, ਆਪੋ-ਆਪਣਾ ਸਵੈਮਾਣ ਜਗਾਈਏ ।
ਬੁੱਧ ਸਿੰਘ ਨੀਲੋਂ

Comment here