ਸਿਆਸਤਖਬਰਾਂ

ਅਲਵਿਦਾ ਕਮਾਲ ਖਾਨ…

ਐੱਨ ਡੀ ਟੀ ਵੀ ਦੇ ਸੀਨੀਅਰ ਪੱਤਰਕਾਰ ਕਮਾਲ ਨਹੀਂ ਰਹੇ

ਲਖਨਊ – ਆਪਣੀ ਸਰਲ ਪਰ ਦਿਲ ਚ ਉੱਤਰ ਜਾਣ ਵਾਲੀ ਭਾਸ਼ਾ ਦੇ ਕਮਾਲ ਨਾਲ ਪੱਤਰਕਾਰੀ ਕਰਨ ਵਾਲੇ ਉੱਤਰ ਪ੍ਰਦੇਸ਼ ਨਾਲ ਸੰਬੰਧਤ ਸੀਨੀਅਰ ਪੱਤਰਕਾਰ ਕਮਾਲ ਖਾਨ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੀ ਪੱਤਰਕਾਰਿਤਾ ਜਗਤ ’ਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਬੀਤੀ ਦੇਰ ਰਾਤ ਤੱਕ ਉਹ ਆਮ ਵਾਂਗ ਆਪਣੇ ਕੰਮਕਾਜ ਕਰਦੇ ਰਹੇ, ਰਾਤ ਐਨ ਡੀ ਟੀ ਵੀ ਦੇ ਪ੍ਰਾਈਮ ਟਾਈਮ ਸ਼ੋਅ ਵਿੱਚ ਵੀ ਉਹ ਆਏ, ਯੂ ਪੀ ਚ ਭਾਜਪਾ ਦੀ ਟੁੱਟਭਜ ਬਾਰੇ ਰਿਪੋਰਟ ਕੀਤੀ, ਉਹਨਾਂ ਨੂੰ ਸਿਹਤ ਦੀ ਕੋਈ ਸਮੱਸਿਆ ਨਹੀਂ ਸੀ ਜਾਪ ਰਹੀ, ਪਰ ਸਵੇਰੇ ਅਚਾਨਕ ਹੀ ਉਹਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਦੀ ਖਬਰ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਕਮਾਲ ਖਾਨ ਦੇ ਦੇਹਾਂਤ ’ਤੇ ਕਈ ਸਿਆਸੀ ਆਗੂਆਂ, ਸਮਾਜਿਕ ਕਾਰਜਕਰਤਾਵਾਂ ਅਤੇ ਆਮ ਲੋਕਾਂ ਨੇ ਦੁੱਖ ਪ੍ਰਗਟਾਇਆ ਹੈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਟਵੀਟ ਕਰਕੇ ਕਮਾਲ ਖਾਨ ਦੇ ਦੇਹਾਂਤ ’ਤੇ ਸੋਗ ਪ੍ਰਗਟਾਇਆ। ਮਾਇਆਵਤੀ ਨੇ ਆਪਣੇ ਟਵੀਟ ‘ਚ ਲਿਖਿਆ, ‘ਐੱਨਡੀਟੀਵੀ ਨਾਲ ਜੁੜੇ ਮਸ਼ਹੂਰ ਅਤੇ ਮੰਨੇ-ਪ੍ਰਮੰਨੇ ਟੀਵੀ ਪੱਤਰਕਾਰ ਕਮਾਲ ਖਾਨ ਦੇ ਅਚਾਨਕ ਦੇਹਾਂਤ ਦੀ ਖਬਰ ਪੱਤਰਕਾਰੀ ਜਗਤ ਲਈ ਬਹੁਤ ਦੁਖਦ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਸਾਰੇ ਪਿਆਰਿਆਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ। ਕੁਦਰਤ ਸਭ ਨੂੰ ਇਸ ਦੁੱਖ ਨੂੰ ਸਹਿਣ ਦਾ ਬਲ ਬਖਸ਼ੇ, ਕੁਦਰਤ ਤੋਂ ਇਹ ਕਾਮਨਾ।’

ਸਮਾਜਵਾਦੀ ਪਾਰਟੀ ਨੇ ਟਵੀਟ ਕੀਤਾ, ”ਬਹੁਤ ਦੁਖੀ ! ਐਨ ਡੀ ਟੀ ਵੀ ਦੇ ਸੀਨੀਅਰ ਪੱਤਰਕਾਰ ਜਨਾਬ ਕਮਾਲ ਖਾਨ ਸਾਹਿਬ ਦੇ ਦੇਹਾਂਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਵਿਛੜੀ ਆਤਮਾ ਨੂੰ ਸ਼ਾਂਤੀ ਮਿਲੇ। ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਡੂੰਘੀ ਹਮਦਰਦੀ। ਦਿਲੋਂ ਸ਼ਰਧਾਂਜਲੀ।” ਦੱਸ ਦਈਏ ਕਿ ਕਮਲ ਖਾਨ ਨੂੰ ਪੱਤਰਕਾਰੀ ਵਿੱਚ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਸਰਬੋਤਮ ਭਾਰਤੀ ਪੱਤਰਕਾਰੀ ਪੁਰਸਕਾਰ ਲਈ ਰਾਮਨਾਥ ਗੋਇਨਕਾ ਪੁਰਸਕਾਰ ਵੀ ਮਿਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਗਣੇਸ਼ ਸ਼ੰਕਰ ਵਿਦਿਆਰਥੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।

Comment here