ਅਪਰਾਧਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਅਮਰੀਕੀ ਇਤਿਹਾਸ ਦਾ ਕਾਲਾ ਪੰਨਾ ਸੀ-9/11 ਹਮਲਾ

 21 ਸਾਲ ਪਹਿਲਾਂ ਅਮਰੀਕਾ ਵਿਚ ਅਗਵਾ ਹੋਏ ਚਾਰ ਹਵਾਈ ਜਹਾਜ਼ਾਂ ਨੇ ਵਿਸ਼ਵ ਵਪਾਰ ਕੇਂਦਰ ਅਤੇ ਪੈਂਟਾਗਨ ਨੂੰ ਨਿਸ਼ਾਨਾ ਬਣਾ ਕੇ ਇਕ ਵਾਰ ਦੁਨੀਆ ਨੂੰ ਦਹਿਲਾ ਦਿੱਤਾ ਸੀ। ਇਸ ਹਮਲੇ ਵਿਚ ਵਿਸ਼ਵ ਵਪਾਰ ਕੇਂਦਰ ਦੇ ਦੋਵੇਂ ਟਾਵਰ ਤਹਿਸ-ਨਹਿਸ ਹੋ ਗਏ ਸਨ। ਬਾਅਦ ਵਿਚ ਅਮਰੀਕਾ ਨੇ ਇਸ ਸਾਜ਼ਿਸ਼ ਦੇ ਰਚਣਹਾਰੇ ਓਸਾਮਾ-ਬਿਨ-ਲਾਦੇਨ ਨੂੰ ਪਾਕਿਸਤਾਨ ‘ਚ ਮਾਰ ਮੁਕਾਇਆ ਸੀ। ਇਸ ਲੇਖ ਵਿਚ ਇਹ ਸਾਜ਼ਿਸ਼ ਘੜਨ, ਨੇਪਰੇ ਚਾੜ੍ਹਨ ਤੇ ਇਸ ਦੇ ਨਿਕਲੇ ਸਿੱਟਿਆਂ ਬਾਰੇ ਰੌਸ਼ਨੀ ਪਾਈ ਗਈ ਹੈ।
ਅੱਜ ਅਸੀਂ ਦੋ ਦਹਾਕੇ ਪਹਿਲਾਂ ਹੋਏ ਉਸ ਹਮਲੇ ਦੇ ਦੁਖਦਾਈ ਪਲਾਂ ਨੂੰ ਯਾਦ ਕਰਾਂਗੇ, ਜਿਨ੍ਹਾਂ ਨੂੰ ਯਾਦ ਕਰਕੇ ਸਾਡੇ ਦਿਲ ਦਹਿਸ਼ਤ ਨਾਲ ਭਰ ਜਾਣਗੇ ਕਿ ਕਿਵੇਂ ਦੁਨੀਆ ਦੀਆਂ ਮਹਾਂਸ਼ਕਤੀਆਂ ਦੀ ਸੂਚੀ ਵਿਚ ਉਪਰਲੇ ਸਥਾਨ ‘ਤੇ ਮੰਨੇ ਜਾਣ ਵਾਲੇ ਅਮਰੀਕਾ ਜਿਹੇ ਦੇਸ਼ ਨੂੰ ਅੱਤਵਾਦ ਦੀ ਮਾਰ ਸਹਿਣੀ ਪਈ ਅਤੇ ਪਲਾਂ ਵਿਚ ਹੀ ਚਾਰ ਅਗਵਾ ਕੀਤੇ ਹਵਾਈ ਜਹਾਜ਼ਾਂ ਨੇ ਤਿੰਨ ਹਜ਼ਾਰ ਬੇਕਸੂਰ ਜ਼ਿੰਦਗੀਆਂ ਨੂੰ ਰਾਖ਼ ਬਣਾ ਦਿੱਤਾ ਸੀ। ਮੇਰੇ ਖਿਆਲ ਵਿਚ ਕਾਫ਼ੀ ਲੋਕ ਇਸ ਗੱਲ ਤੋਂ ਅਣਜਾਣ ਹੋਣਗੇ ਕਿ ਉਸ ਦਿਨ ਅਮਰੀਕਾ ਵਿਚ ਸਿਰਫ਼ ਇਕੋ ਸ਼ਹਿਰ ਨਿਊਯਾਰਕ ‘ਤੇ ਹਮਲਾ ਹੋਇਆ ਸੀ, ਪਰ ਅਸਲ ਵਿਚ ਚਾਰ ਜਹਾਜ਼ਾਂ ਨੂੰ ਅਗਵਾ ਕੀਤਾ ਗਿਆ ਸੀ ਜਿਨ੍ਹਾਂ ਨੂੰ ਆਤਮਘਾਤੀ ਹਮਲਿਆਂ ਲਈ ਵਰਤਿਆ ਗਿਆ ਸੀ। ਅਮਰੀਕਾ ‘ਤੇ ਹੋਏ ਇਨ੍ਹਾਂ ਹਵਾਈ ਹਮਲਿਆਂ ਨੇ ਅਮਰੀਕਾ ਦੇ ਅੱਤ ਉਚਤਮ ਸੁਰੱਖਿਆ ਪ੍ਰਬੰਧ, ਫ਼ੌਜ, ਪੁਲਿਸ, ਇੰਟੈਲੀਜੈਂਸ ਏਜੰਸੀਆਂ ਨੂੰ ਮੂਕ ਦਰਸ਼ਕ ਬਣਾ ਕੇ ਰੱਖ ਦਿੱਤਾ ਸੀ, ਜੋ ਕਿ ਇਕ ਹਮਲੇ ਤੋਂ ਬਾਅਦ ਦੇ ਤਿੰਨ ਸੰਭਾਵੀ ਹਮਲਿਆਂ ਨੂੰ ਰੋਕ ਨਾ ਸਕੇ। ਪਹਿਲ ਦੇ ਆਧਾਰ ‘ਤੇ ਯੁੱਧ ਮਨਾਂ ਵਿਚ ਲੜੇ ਜਾਂਦੇ ਹਨ ਫਿਰ ਇਸ ਨੂੰ ਸਮੇਂ ਅਤੇ ਸਥਿਤੀਆਂ ਦੇ ਅਨੁਸਾਰ ਅਮਲੀ ਰੂਪ ਦਿੱਤਾ ਜਾਂਦਾ ਹੈ। ਇਸ ਅੱਤਵਾਦੀ ਹਮਲੇ ਵਿਚ ਵੀ ਯੋਜਨਾ ਕਿਸੇ ਇਕ ਜਣੇ ਜਾਂ ਕੋਈ ਇਕ ਦਿਨ ਪੁਰਾਣੀ ਨਹੀਂ ਸੀ। ਇਹ ਤਾਂ ਕਈ ਸਾਲ ਪੁਰਾਣੀ ਬੁਣੀ ਯੋਜਨਾ ਨੂੰ 19 ਵਿਅਕਤੀਆਂ ਨੇ ਅੰਜਾਮ ਦਿੱਤਾ ਸੀ। ਉਹ ਵੀ ਆਪਣੇ ਅਨੁਸਾਰ ਜਿਸ ਨੂੰ ਅਮਰੀਕਾ ਰੱਤੀ ਭਰ ਵੀ ਸ਼ੱਕ ਦੇ ਘੇਰੇ ਵਿਚ ਨਾ ਲਿਆ ਸਕਿਆ। ਅਮਰੀਕੀ ਸੂਤਰਾਂ ਅਤੇ ਘੋਖਾਂ ਦਾ ਕਹਿਣਾ ਸੀ ਕਿ ਅਮਰੀਕਾ ਦੇ ਮਹਿੰਗੇ ਅਤੇ ਉੱਚ ਤਕਨੀਕੀ ਸਿਸਟਮ ਇਨ੍ਹਾਂ 19 ਅਲਕਾਇਦਾ ਦੇ ਅੱਤਵਾਦੀਆਂ ਵਿਚੋਂ ਕੁਝ ਕੁ ਨੂੰ ਦੋ ਸਾਲ ਤੱਕ ਅਮਰੀਕਾ ਵਿਚ ਰਹਿੰਦੇ ਹੋਏ ਵੀ ਫੜ ਨਾ ਸਕੇ। ਇਸ ਵਿਚ ਏਜੰਸੀਆਂ ਜਾਂ ਸਰਕਾਰਾਂ ਦੇ ਤਾਲਮੇਲ ਦੀ ਕਮੀ ਜਾਂ ਹੋਰ ਬਰੀਕੀ ਕਾਰਨ ਕਹੇ ਜਾ ਸਕਦੇ ਹਨ। ਇਨ੍ਹਾਂ ਅੱਤਵਾਦੀਆਂ ਨੇ ਚਾਰ ਹਵਾਈ ਜਹਾਜ਼ਾਂ ਨੂੰ ਵੱਖੋ-ਵੱਖਰੇ ਹਵਾਈ ਅੱਡਿਆਂ ਤੋਂ ਦਾਖਲ ਹੋ ਕੇ ਮਿੱਥੇ ਸਮੇਂ ‘ਤੇ ਬਿਨ੍ਹਾਂ ਕਿਸੇ ਮੁਸ਼ੱਕਤ ਦੇ ਅਗਵਾ ਭਾਵ ਹਾਈਜੈਕ ਕਰਕੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ ਅਤੇ ਇਨ੍ਹਾਂ ਨੂੰ ਆਪਣੀ ਤੈਅਸ਼ੁਦਾ ਮੰਜ਼ਿਲ ਤੋਂ ਪਰ੍ਹੇ ਕਰਕੇ ਆਪਣੇ ਹਮਲੇ ਵਾਲੇ ਸਥਾਨਾਂ ‘ਤੇ ਲਿਆ ਕੇ ਹਮਲੇ ਨੂੰ ਅਮਲੀ ਰੂਪ ਦਿੱਤਾ ਸੀ। ਇਨ੍ਹਾਂ ਜਹਾਜ਼ਾਂ ਵਿਚ ਸ਼ਾਮਿਲ ਸੀ ਪਹਿਲਾ ਜਹਾਜ਼ ਫਲਾਈਟ 11, ਦੂਜਾ ਸੀ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ 175 ਅਤੇ ਤੀਜਾ ਸੀ ਫਲਾਈਟ 77, ਚੌਥਾ ਸੀ ਫਲਾਈਟ 93, ਇਨ੍ਹਾਂ ਚਾਰ ਜਹਾਜ਼ਾਂ ਨੇ ਅਮਰੀਕਾ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ ਸੀ। ਗੱਲ ਹੈ ਦੋ ਦਹਾਕੇ ਪਹਿਲਾਂ ਦੀ 11 ਸਤੰਬਰ 2001 ਨੂੰ ਅਮਰੀਕਾ ਵਿਚ ਆਮ ਵਾਂਗ ਦਿਨ ਚੜ੍ਹਿਆ ਸੀ, ਪਰ ਕਿਸੇ ਨੂੰ ਵੀ ਇਹ ਖ਼ਬਰ ਨਹੀਂ ਸੀ ਕਿ ਕੁਝ ਘੰਟੇ ਬਾਅਦ ਹੀ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣ ਬੈਠੇ ਅਮਰੀਕਾ ‘ਤੇ ਪਲਾਂ ਵਿਚ ਹੀ ਵੱਖ-ਵੱਖ ਥਾਂ ਜਿਹਾਦੀ ਹਵਾਈ ਹਮਲੇ ਹੋ ਜਾਣਗੇ, ਜਿਸ ਨੂੰ ਰੋਕਣ ਵਿਚ ਅਮਰੀਕਾ ਦੀ ਇੰਟੈਲੀਜੈਂਸ ਜਾਂ ਪੁਲਿਸ ਤੇ ਹਵਾਈ ਫ਼ੌਜ ਨਾਕਾਮ ਰਹਿਣਗੇ। ਮਾਰੂ ਹਥਿਆਰਾਂ ਨਾਲ ਲੈਸ 19 ਅਲਕਾਇਦਾ ਦੇ ਅੱਤਵਾਦੀਆਂ ਨੇ ਅਮਰੀਕਾ ਦੇ ਇਤਿਹਾਸ ਵਿਚ ਇਕ ਪੰਨਾ ਕਾਲਾ ਕਰ ਦਿੱਤਾ ਸੀ। ਇਹ ਸਾਰੇ ਹੀ ਵਿਅਕਤੀ ਵਧੀਆ ਤਕਨੀਕਾਂ ਦੇ ਮਾਹਿਰ ਸਨ। ਹਵਾਈ ਜਹਾਜ਼ ਨੂੰ ਉਡਾਉਣ ਅਤੇ ਉਸਨੂੰ ਪੂਰਨ ਤੌਰ ‘ਤੇ ਕੰਟਰੋਲ ਕਰਨ ਦਾ ਪੂਰਨ ਤਜਰਬਾ ਉਨ੍ਹਾਂ ਕੋਲ ਸੀ। ਇਨ੍ਹਾਂ ਦਾ ਨਿਸ਼ਾਨਾ ਅਮਰੀਕਾ ਦੀਆਂ ਕੁਝ ਉਹ ਖਾਸ ਇਮਾਰਤਾਂ ਸਨ ਜੋ ਅਮਰੀਕਾ ਦੇ ਸੁਪਰੀਮ ਹੋਣ ਦਾ ਲੋਹਾ ਮਨਵਾਉਂਦੀਆਂ ਸਨ। ਅਕਸਰ ਸਾਰੇ ਹੀ ਦੇਸ਼ਾਂ ਦੀਆਂ ਸੈਨਾਵਾਂ ਸਮੇਂ-ਸਮੇਂ ‘ਤੇ ਕੁਝ ਅਭਿਆਸੀ ਹਮਲੇ ਅਤੇ ਟੈਸਟ ਕਰਦੀਆਂ ਰਹਿੰਦੀਆਂ ਹਨ। ਉਸ ਦਿਨ ਵੀ ਅਮਰੀਕਾ ਦੀ ਹਵਾਈ ਸੈਨਾ ਵਲੋਂ ਅਭਿਆਸੀ ਕਸਰਤਾਂ ਕੀਤੀਆਂ ਜਾਣੀਆਂ ਸਨ ਤਾਂ ਜੋ ਸੰਭਾਵਿਤ ਖ਼ਤਰਿਆਂ ਤੋਂ ਬਚਿਆ ਜਾ ਸਕੇ। 11 ਸਤੰਬਰ, 2001 ਨੂੰ 19 ਅੱਤਵਾਦੀ ਕਈ ਗਰੁੱਪਾਂ ਵਿਚ ਵੰਡੇ ਹੋਏ ਸਨ, ਜਿਸ ਗਰੁੱਪ ਨੇ ਅਮਰੀਕਾ ਦੇ ਵਰਲਡ ਟਰੇਡ ਸੈਂਟਰ ‘ਤੇ ਹਮਲਾ ਕਰਨਾ ਸੀ, ਉਹ ਪੰਜ ਮੈਂਬਰਾਂ ਦੇ ਗਰੁੱਪ ‘ਚ ਬੋਸਟਨ ਲੋਗਾਨ ਏਅਰਪੋਰਟ ‘ਤੇ ਪੁੱਜੇ ਇਹ ਅੱਤਵਾਦੀ ਲਾਸਏਂਜਲਸ ਜਾ ਰਹੇ ਜਹਾਜ਼ ਵਿਚ ਕਿਸੇ ਤਰੀਕੇ ਆਪਣੇ-ਆਪ ਨੂੰ ਬੁੱਕ ਕਰਵਾ ਚੁੱਕੇ ਸਨ। ਇਹ ਬਹੁਤ ਸਮਾਰਟ ਅਤੇ ਹਾਈਜੈਨਿਕ ਤਰੀਕੇ ਨਾਲ ਹਵਾਈ ਅੱਡੇ ‘ਤੇ ਚੈਕ ਪੁਆਇੰਟ ‘ਤੇ ਪੁੱਜੇ ਸਨ ਪਰ ਫਿਰ ਵੀ ਅਮਰੀਕੀ ਏਅਰਪੋਰਟ ਦਸਤੇ ਵਲੋਂ ਇਨ੍ਹਾਂ ਵਿਚੋਂ ਤਿੰਨ ਦੀ ਸ਼ੱਕ ਦੇ ਆਧਾਰ ‘ਤੇ ਦੁਬਾਰਾ ਜਾਂਚ ਕੀਤੀ ਗਈ, ਪਰ ਸਾਰੇ ਹੀ ਇਸ ਜਾਂਚ ਵਿਚ ਪਾਸ ਹੋ ਗਏ ਅਤੇ ਇਹ ਅੱਤਵਾਦੀ ਅਗਲੇ ਹੀ ਪਲਾਂ ਵਿਚ ਫਲਾਈਟ 11 ਵਿਚ ਸਵਾਰ ਹੋ ਗਏ ਅਤੇ ਜਹਾਜ਼ ਨੇ ਲਾਸਏਂਜਲਸ ਜਾਣ ਲਈ ਸਵੇਰੇ 7.59 ਮਿੰਟ ‘ਤੇ ਉਡਾਣ ਭਰ ਲਈ ਸੀ। ਕੁਝ ਸਮੇਂ ਬਾਅਦ ਹੀ ਜਹਾਜ਼ ਵਿਚ ਇਨ੍ਹਾਂ ਅੱਤਵਾਦੀਆਂ ਨੇ ਪਾਇਲਟਾਂ ‘ਤੇ ਹਮਲਾ ਕਰਕੇ ਜਹਾਜ਼ ਦੀ ਕਮਾਂਡ ਆਪਣੇ ਹੱਥਾਂ ਵਿਚ ਲੈ ਲਈ ਸੀ ਅਤੇ ਫਲਾਈਟ 11 ਨੂੰ ਪੂਰਨ ਤੌਰ ‘ਤੇ ਹਾਈਜੈਕ ਭਾਵ ਅਗਵਾ ਕਰ ਲਿਆ ਸੀ। ਕਿਸੇ ਵੀ ਦੇਸ਼ ਦੇ ਅਸਮਾਨ ਵਿਚ ਕਮਰਸ਼ੀਅਲ ਅਤੇ ਹੋਰ ਕਿਸਮਾਂ ਦੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਜਹਾਜ਼ ਹੁੰਦੇ ਹਨ ਜਿਨ੍ਹਾਂ ਨੂੰ ਉਸ ਦੇਸ਼ ਦਾ ਏਅਰ ਕੰਟਰੋਲ ਟ੍ਰੈਫਿਕ ਅਮਲਾ ਪਲ-ਪਲ ਕੰਟਰੋਲ ਕਰ ਰਿਹਾ ਹੁੰਦਾ ਹੈ। ਉਸ ਦਿਨ ਅਮਰੀਕਾ ਦੇ ਅਸਮਾਨ ਵਿਚ ਵੀ ਪੰਜ ਹਜ਼ਾਰ ਤੋਂ ਜ਼ਿਆਦਾ ਫਲਾਈਟਾਂ ਉੱਡ ਰਹੀਆਂ ਸਨ। 8.14 ਮਿੰਟ ‘ਤੇ ਬੋਸਟਨ ਏਅਰ ਟ੍ਰੈਫਿਕ ਕੰਟਰੋਲ ਦਾ ਇਸ ਜਹਾਜ਼ ਨਾਲੋਂ ਸੰਪਰਕ ਟੁੱਟ ਗਿਆ। ਇਸ ਨਾਲ 10 ਮਿੰਟ ਤੱਕ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਕੋਈ ਸੰਪਰਕ ਨਾ ਹੋਇਆ। ਕੁਝ ਮਿੰਟ ਬਾਅਦ ਏਅਰ ਟ੍ਰੈਫਿਕ ਕੰਟਰੋਲ ਦਫ਼ਤਰ ਦੇ ਅਮਲੇ ਨੇ ਇਸ ਜਹਾਜ਼ ਵਿਚੋਂ ਇਕ ਸੰਦੇਸ਼ ਸੁਣਿਆ ਜਿਸ ਨੂੰ ਸ਼ੱਕ ਦੇ ਆਧਾਰ ‘ਤੇ ਜਾਂਚਿਆ ਗਿਆ। ਅਮਲੇ ਨੂੰ ਜਹਾਜ਼ ਦੀਆਂ ਹਰਕਤਾਂ ਤੋਂ ਇਹ ਪਤਾ ਲੱਗ ਚੁੱਕਾ ਸੀ ਕਿ ਫਲਾਈਟ 11 ਅਗਵਾ ਹੋ ਚੁੱਕੀ ਹੈ। ਸਵੇਰੇ 8.28 ਵਜੇ ਇਸ ਦੀ ਖ਼ਬਰ ਸਾਰੀਆਂ ਉਡਾਣਾਂ ਨੂੰ ਕੰਟਰੋਲ ਕਰ ਰਹੇ ਅਫ਼ਸਰ ਬੈਨ ਸਲਾਈਨੀ ਨੂੰ ਦਿੱਤੀ ਗਈ ਅਤੇ ਦੱਸਿਆ ਕਿ ਇਹ ਉਡਾਣ ਅਗਵਾ ਹੋ ਗਈ ਹੈ। ਇਸ ਖ਼ਬਰ ਨਾਲ ਅਜੇ ਸਾਰਿਆਂ ਨੇ ਹਰਕਤ ਵਿਚ ਆਉਣਾ ਸ਼ੁਰੂ ਹੀ ਕੀਤਾ ਸੀ ਕਿ ਉਦੋਂ ਤੱਕ 8.46 ਮਿੰਟ ‘ਤੇ ਉਡਾਣ 11 ਅਮਰੀਕਾ ਦੀ ਗਗਨ ਚੁੰਬੀ ਇਮਾਰਤ ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਦੇ 93 ਤੋਂ 99 ਮੰਜ਼ਿਲ ਦੇ ਵਿਚਕਾਰ ਟਰਕਾ ਗਈ, ਜਿਸ ਨਾਲ ਪੂਰੇ ਅਮਰੀਕਾ ਵਿਚ ਹਾਹਾਕਾਰ ਮਚ ਗਈ ਸੀ, ਸਭ ਇਸ ਹਮਲੇ ਤੋਂ ਬਹੁਤ ਜ਼ਿਆਦਾ ਹੈਰਾਨ ਸਨ, ਕਿਸੇ ਨੂੰ ਵੀ ਇਹ ਸਮਝ ਨਾ ਆਇਆ ਕਿ ਇਕਦਮ ਇਹ ਕੀ ਹੋ ਗਿਆ ਹੈ। ਦੂਜੇ ਪਾਸੇ ਇਕ ਹੋਰ ਜਹਾਜ਼ ਯੂਨਾਈਟਿਡ ਏਅਰ ਲਾਈਨ 175 ਦੇ ਲਾਪਤਾ ਹੋਣ ਕਾਰਨ ਖ਼ਤਰਾ ਹੋਰ ਵਧ ਰਿਹਾ ਸੀ, ਜਿਸ ਦਾ ਸੰਪਰਕ ਏਅਰ ਕੰਟਰੋਲ ਟ੍ਰੈਫਿਕ ਅਮਲੇ ਨਾਲੋਂ ਟੁੱਟ ਗਿਆ ਸੀ ਅਤੇ ਉਸ ਵਲੋਂ ਕੋਈ ਵੀ ਜਵਾਬ ਨਹੀਂ ਆ ਰਿਹਾ ਸੀ। ਤੁਰੰਤ ਹੋਰ ਹਮਲਾ ਨਾ ਹੋ ਸਕੇ ਇਸ ਨੂੰ ਲੱਭਣ ਲਈ ਐਫ 15 ਫਾਈਟਰਾਂ ਨੂੰ ਵੀ ਰਵਾਨਾ ਕੀਤਾ ਗਿਆ ਸੀ। ਪਰ 5000 ਉੱਡ ਰਹੀਆਂ ਉਡਾਣਾਂ ਵਿਚ ਸੰਪਰਕ ਟੁੱਟੀ ਫਲਾਈਟ ਨੂੰ ਲੱਭਣ ਵਿਚ ਅਜੇ ਕੁਝ ਸਮਾਂ ਲੱਗਣਾ ਸੀ। ਇਹ ਉਡਾਣ ਲੱਭਦੀ, ਉਸ ਤੋਂ ਪਹਿਲਾਂ ਹੀ ਅੱਤਵਾਦੀ ਇਸ ਨੂੰ ਆਪਣੇ ਨਿਸ਼ਾਨੇ ‘ਤੇ ਲੈ ਪੁੱਜੇ ਅਤੇ ਇਹ ਫਲਾਈਟ 175 ਵੀ 9.03 ਮਿੰਟ ‘ਤੇ ਵਿਸ਼ਵ ਵਪਾਰ ਕੇਂਦਰ ਭਾਵ ਵਰਲਡ ਟਰੇਡ ਸੈਂਟਰ ਦੇ ਦੱਖਣੀ ਟਾਵਰ ਨਾਲ ਟਕਰਾ ਗਈ। ਲਗਾਤਾਰ ਹੋਏ ਇਸ ਦੂਜੇ ਹਮਲੇ ਨਾਲ ਦੁਨੀਆ ਵੀ ਪੂਰੀ ਤਰ੍ਹਾਂ ਕੰਬ ਗਈ ਸੀ। 9.59 ਮਿੰਟ ਤੱਕ ਦੋਵੇਂ ਇਮਾਰਤਾਂ ਢਹਿ ਕੇ ਤਬਾਹ ਹੋ ਚੁੱਕੀਆਂ ਸਨ। ਹਮਲੇ ਨੂੰ ਰੋਕਣ ਲਈ ਅਮਰੀਕਾ ਦੀ ਆਰਮੀ ਅਤੇ ਇੰਟੈਲੀਜੈਂਸ ਹਰ ਕਿਸਮ ਦਾ ਕਦਮ ਚੁੱਕ ਰਹੀਆਂ ਸਨ। ਦੋ ਹਮਲਿਆਂ ਤੋਂ ਬਾਅਦ ਮੁਸ਼ਕਿਲਾਂ ਉਦੋਂ ਵਧ ਗਈਆਂ ਜਦੋਂ ਇਸ ਸਭ ਦੇ ਚਲਦਿਆਂ ਏਅਰ ਕੰਟਰੋਲ ਅਮਲੇ ਨੂੰ ਤੀਜੇ ਜਹਾਜ਼ ਫਲਾਈਟ 77 ਦੀਆਂ ਹਰਕਤਾਂ ‘ਤੇ ਸ਼ੱਕ ਹੋਇਆ ਜੋ ਕਿ ਆਪਣੇੇ ਰਸਤੇ ਤੋਂ ਭਟਕ ਗਿਆ ਸੀ ਤੇ ਆਪਣਾ ਟਰਾਂਸਪੋਂਡਰ ਕੋਡ ਵੀ ਬਦਲ ਚੁੱਕਾ ਸੀ। ਇਹ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵੱਲ ਵਧ ਰਿਹਾ ਸੀ। ਇਸ ਤੋਂ ਪਹਿਲਾਂ ਕਿ ਇਸ ਹਮਲੇ ਨੂੰ ਅਮਰੀਕਨ ਫ਼ੌਜ ਰੋਕ ਸਕਦੀ ਅਮਰੀਕਨ ਏਅਰਲਾਈਨ ਫਲਾਈਟ 77 ਸਵੇਰੇ 9.37 ਮਿੰਟ ‘ਤੇ ਵਾਸ਼ਿੰਗਟਨ ਵਿਚ ਡਿਫੈਂਸ਼ ਹੈਡਕੁਆਰਟਰ ‘ਤੇ ਜਾ ਡਿੱਗੀ। ਇਸ ਤੀਜੇ ਹਮਲੇ ਨੇ ਪੂਰੇ ਅਮਰੀਕਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਤੁਰੰਤ ਹਰਕਤ ਵਿਚ ਆ ਕੇ ਇਸ ਤੋਂ ਬਾਅਦ ਬੈਨ ਸਲਾਈਨੀ ਨੇ ਸਾਰੀਆਂ ਉਡ ਰਹੀਆਂ ਉਡਾਣਾਂ ਨੂੰ ਥੱਲੇ ਉੱਤਰ ਜਾਣ ਲਈ ਸਟਾਪ ਆਰਡਰ ਜਾਰੀ ਕੀਤਾ ਜਿਸ ਵਿਚ ਸਭ ਤੋਂ ਨੇੜਲੇ ਹਵਾਈ ਅੱਡੇ ‘ਤੇ ਉੱਤਰਨ ਲਈ ਕਿਹਾ ਗਿਆ। ਇਹ ਸਭ ਚੱਲ ਹੀ ਰਿਹਾ ਸੀ ਕਿ ਉਦੋਂ ਹੀ ਇਕ ਹੋਰ ਉਡਾਣ ਯੂਨਾਈਟਿਡ 93 ਦੇ ਅਗਵਾ ਹੋਣ ਦੀ ਖ਼ਬਰ ਮਿਲੀ ਜੋ ਕਿ ਸਾਨਫਰਾਂਸਿਸਕੋ ਜਾ ਰਹੀ ਸੀ। ਇਹ ਜਹਾਜ਼ ਵੀ ਆਪਣੀ ਮੰਜ਼ਿਲ ਤੋਂ ਵੱਖਰੇ ਰਸਤੇ ‘ਤੇ ਵਾਸ਼ਿੰਗਟਨ ਡੀ.ਸੀ. ਵੱਲ ਜਾ ਰਿਹਾ ਸੀ। ਖ਼ੁਸ਼ਕਿਸਮਤੀ ਨਾਲ ਮੁਸਾਫਿਰਾਂ ਤੇ ਅਮਲੇ ਦੇ ਮੈਂਬਰਾਂ ਦੇ ਸਹਿਯੋਗ ਨਾਲ ਇਸ ਨੂੰ ਹਮਲਾ ਕਰਨ ਤੋਂ ਨਾਕਾਮ ਕਰ ਦਿੱਤਾ ਗਿਆ ਤੇ ਇਹ ਵਾਸ਼ਿੰਗਟਨ ਡੀ.ਸੀ. ਤੋਂ ਥੋੜ੍ਹੀ ਦੂਰ ਹੀ ਖੇਤਾਂ ਵਿਚ ਕਰੈਸ਼ ਹੋ ਗਿਆ ਜਿਸ ਵਿਚ ਸਵਾਰ ਸਾਰੇ 44 ਵਿਅਕਤੀ ਮਾਰੇ ਗਏ। ਇਨ੍ਹਾਂ ਚਾਰ ਹਮਲਿਆਂ ਨੇ ਪੂਰੇ ਅਮਰੀਕੀ ਸਿਸਟਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਸੀ। 2002 ਵਿਚ ਅਮਰੀਕਾ ਦੇ ਰਾਸ਼ਟਰਪਤੀ ਵਲੋਂ 9/11 ਦੇ ਹਮਲਿਆਂ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਕੀਤਾ ਗਿਆ ਅਤੇ ਜੌਨ ਫਾਰਮਰ ਨੂੰ ਇਨ੍ਹਾਂ ਹਮਲਿਆਂ ਦੀ ਪੂਰਨ ਤੌਰ ‘ਤੇ ਜਾਂਚ ਕਰਕੇ ਸਿੱਟਾ ਕੱਢਣ ਦਾ ਕੰਮ ਸੌਂਪਿਆ ਗਿਆ। ਉਨ੍ਹਾਂ ਨੇ ਪਤਾ ਕੀਤਾ ਕਿ ਅਮਰੀਕਾ ਦੀ ਐਫ. ਬੀ. ਆਈ. ਨੇ 14 ਦਿਨ ਪਹਿਲਾਂ ਵੀ ਸੰਭਾਵਿਤ ਖ਼ਤਰਿਆਂ ਦੀ ਸ਼ੰਕਾ ਪ੍ਰਗਟ ਕੀਤੀ ਸੀ ਕਿ ਅਲਕਾਇਦਾ ਕਿਸੇ ਵੀ ਤਰ੍ਹਾਂ ਦਾ ਹਮਲਾ ਕਰਵਾ ਸਕਦਾ ਹੈ। ਇਕ ਸਾਲ ਪਹਿਲਾਂ ਵੀ ਕੁਝ ਸਬੂਤ ਮਿਲੇ ਸਨ, ਜਿਨ੍ਹਾਂ ਨੂੰ ਅਣਗੌਲਿਆਂ ਕੀਤਾ ਗਿਆ ਕਹਿ ਸਕਦੇ ਹਾਂ। 1 ਘੰਟਾ ਅਤੇ 42 ਮਿੰਟ ਵਿਚ ਇਨ੍ਹਾਂ ਹਮਲਿਆਂ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਬਾਅਦ ਵਿਚ ਅਮਰੀਕਾ ਨੇ 72 ਘੰਟੇ ਵਿਚ ਹੀ ਪਤਾ ਲਗਾ ਲਿਆ ਸੀ ਕਿ ਇਨ੍ਹਾਂ ਹਮਲਿਆਂ ਵਿਚ 19 ਵਿਅਕਤੀ ਸ਼ਾਮਿਲ ਸਨ, ਕਿਉਂਕਿ ਮੁੱਖ ਅੱਤਵਾਦੀ ਮੁਹੰਮਦ ਅੱਟਾ ਆਪਣਾ ਬੈਗ ਹਵਾਈ ਅੱਡੇ ‘ਤੇ ਭੁੱਲ ਗਿਆ ਸੀ ਜਿਸ ਤੋਂ ਬਹੁਤ ਹੀ ਅਹਿਮ ਜਾਣਕਾਰੀਆਂ ਪ੍ਰਾਪਤ ਹੋਈਆਂ ਸਨ। ਇਹ ਸਭ ਓਸਾਮਾ-ਬਿਨ-ਲਾਦੇਨ ਦੇ ਸੰਪਰਕ ਵਾਲੇ ਵਿਅਕਤੀ ਸਨ ਜੋ ਕਿ ਆਤਮਘਾਤੀ ਜਹਾਜ਼ਾਂ ਨਾਲ ਹਮਲਾ ਕਰਨ ਲਈ ਆਏ ਸਨ। ਦੇਖਿਆ ਜਾਵੇ ਤਾਂ ਅਜਿਹੇ ਵੱਡੇ ਦੁਖਾਂਤ ਤੋਂ ਬਾਅਦ ਵੀ ਦੁਨੀਆ ਦੇ ਦੇਸ਼ਾਂ ਵਲੋਂ ਇਕ-ਦੂਜੇ ਤੋਂ ਵਧ ਚੜ੍ਹ ਕੇ ਮਾਰੂ ਹਥਿਆਰ ਬਣਾ ਕੇ ਪ੍ਰਦਰਸ਼ਨੀ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਅੱਜ ਪਾਕਿਸਤਾਨ ਅਤੇ ਭਾਰਤ ਸਮੇਤ 9 ਦੇਸ਼ਾਂ ਕੋਲ ਅਜਿਹੇ ਮਾਰੂ ਪ੍ਰਮਾਣੂ ਹਥਿਆਰ ਮੌਜੂਦ ਸਨ।
ਹਰ ਦੇਸ਼ ਨੇ ਹਥਿਆਰਾਂ ਦੀ ਦੌੜ ਵਿਚ ਮੋਹਰੀ ਹੋਣ ਲਈ ਅੱਜ ਅਜਿਹੇ ਮਾਰੂ ਹਥਿਆਰ ਈਜਾਦ ਕਰ ਲਏ ਹਨ, ਜਿਨ੍ਹਾਂ ਦੇ ਇਕ ਹੀ ਹਮਲੇ ਨਾਲ ਪੂਰੀ ਦੁਨੀਆ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਉਮੀਦ ਹੈ ਕਿ ਅਮਰੀਕਾ ਅਤੇ ਪੂਰੀ ਦੁਨੀਆ ਨੇ ਇਸ ਤੋਂ ਸੇਧ ਲਈ ਹੋਣੀ ਹੈ ਤਾਂ ਜੋ ਅਜਿਹਾ ਕਹਿਰ ਦੁਬਾਰਾ ਨਾ ਵਾਪਰ ਜਾ ਸਕੇ।
-ਭੁਪਿੰਦਰ ਬੀਰ ਸਿੰਘ

Comment here