ਸਾਹਿਤਕ ਸੱਥਸਿਆਸਤਵਿਸ਼ੇਸ਼ ਲੇਖ

ਹਾਲਾਤ ਏ ਪੰਜਾਬ

ਪੰਜਾਬ ਵਿੱਚ ਨਸ਼ਿਆਂ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਹਰ ਰੋਜ਼ ਨੌਜਵਾਨ ਮਰ ਰਹੇ ਹਨ ਤੇ ਸਰਕਾਰ ਗੱਲਾਂ ਦਾ ਕੜਾਹ ਛਕਾ ਰਹੀ ਹੈ….ਹਰ ਰੋਜ਼ ਨਵੀਂ ਗੱਪ ਮਾਰੀ ਜਾ ਰਹੀ ਹੈ….ਮੀਟਿੰਗ ਹੋ ਰਹੀਆਂ ਹਨ।
ਮਗਰਮੱਛ ਸ਼ਰੇਆਮ ਚਿੱਟਾ ਵੇਚ ਰਹੇ ਹਨ…ਹਰ ਪਿੰਡ ਤੇ ਘਰਾਂ ਤੱਕ ਮਾਲ ਪੁੱਜਦਾ ਕਰਵਾਉਣ ਦੀ ਪਹੁੰਚ ਹੈ।
ਲੋਕ ਪੁਲਿਸ ਨੂੰ ਤਸ਼ਕਰਾਂ ਦੇ ਨਾਮ ਦੱਸਦੇ ਹਨ…ਵੇਚਣ ਵਾਲਿਆਂ ਨੂੰ ਫੜਕੇ ਪੁਲਿਸ ਦੇ ਹਵਾਲੇ ਵੀ ਕਰਦੇ ਹਨ…ਪਰ ਫੇਰ ਵੀ ਕੋਈ ਡਰ ਨਹੀਂ …ਪੁਲਿਸ ਕਾਗਜ਼ਾਂ ਦਾ ਢਿੱਡ ਭਰਦੀ ਹੈ….ਪਬਲਿਕ ਮੀਟਿੰਗ ਕਰਦਿਆਂ ਲੋਕਾਂ ਨੂੰ ਸੂਚਨਾ ਦੇਣ ਦੀ ਸਲਾਹ ਦੇਂਦੀ ਹੈ…ਭਲਾ ਪੁਲਿਸ ਨੂੰ ਪਤਾ ਨਹੀਂ ਕਿ ਉਸਦੇ ਇਲਾਕੇ ਦੇ ਵਿੱਚ ਕੌਣ ਕੀ ਕਰਦੈ ? ਕਿਹੜਾ ਕੀ ਚਰਦਾ ਹੈ। ਮਾਨਯੋਗ ਹਾਈਕੋਰਟ ਵਿੱਚ ਪੰਜ ਤੋਂ ਬੰਦ ਫਾਈਲਾਂ ਪਈਆਂ ਹਨ। ਕੋਈ ਪੁੱਛ ਨੀ ਸਕਦਾ। ਜੇ ਕੋਈ ਪੁੱਛ ਦਾ ਐ। ਕੋਰਟ ਬੰਦੇ ਨੂੰ ਅੰਦਰ ਕਰ ਦੇਂਦੀ ਐ।
ਸਭ ਨੂੰ ਸਭ ਦਾ ਪਤਾ ਹੈ ਪਰ ਕੰਨਾਂ ਵਿੱਚ ਰੂੰ ਪਾਈ ਹੋਈ ਹੈ ਕਿਉਂਕਿ ਜੇ ਮਗਰਮੱਛ ਫੜ ਲਏ ਤਾਂ ਖਰਚ ਪਾਣੀ ਕਿਵੇਂ ਚੱਲੂ?
ਯਾਦ ਕਰੋ ਵਿਰਸੇ ਨੂੰ ਦੁਸ਼ਮਣ ਨੂੰ ਦੇਸ਼ ਪੰਜਾਬ ਵਿੱਚ ਵੜਣ ਤੋਂ ਰੋਕਣ ਵਾਲਿਆਂ ਬਾਬਿਆਂ ਨੂੰ, ਜਿਹੜੇ ਹਿੱਕ ਤਾਣ ਲੜਦੇ ਸੀ ਤੇ ਤੁਸੀਂ ਪਿੱਠ ਕਰਕੇ ਭੱਜ ਰਹੇ ਹੋ।
ਕੀ ਹੋਇਆ ਜੇ ਸੱਤਾ ਦੀ ਤਾਕਤ ਨਹੀਂ, ਲੜਨ, ਜਿਉਣ ਦੀ ਸ਼ਕਤੀ ਤਾਂ ਹੈ।
ਮਸਲਿਆਂ ਨੇ ਸਾਰੇ ਲੋਕ ਦੁਖੀ ਕੀਤੇ ਹਨ…ਪਰ ਇਹਨਾਂ ਮਸਲਿਆਂ ਦਾ ਹਲ ਕੀ ਕਰੀਏ ? ਇਹ ਮਸਲੇ ਵਿਚਾਰ ਕਰਨ ਦੇ ਲਈ ਪੰਜਾਬ ਨੂੰ ਹੱਸਦਾ ਵਸਦਾ ਦੇਖਣ ਦੀ ਉਮੀਦ ਰੱਖਦੇ ਆਗਾਂਹਵਧੂ ਸੁਚੇਤ ਤੇ ਸੂਝਵਾਨ ਚਿੰਤਕਾਂ ਨੂੰ ਇਕ ਮੰਚ ਤੇ ਵਿਚਾਰ ਸਾਂਝਾ ਕਰਨ ਤੇ ਕੋਈ ਨਵੀਂ ਰਣਨੀਤੀ ਤਿਆਰ ਕਰਨ ਦਾ ਖੁਲ੍ਹਾ ਸੱਦਾ ਦਿੱਤਾ ਹੈ… ਇਸ ਵਿੱਚ ਪੰਜਾਬ ਦੇ ਹਰ ਖੇਤਰ ਵਿੱਚ ਸਮਾਜ ਦੇ ਕਾਰਜ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਕਾਲਮਨਵੀਸ, ਪੱਤਰਕਾਰ, ਬੁੱਧੀਜੀਵੀਆਂ, ਵਿਦਿਆਰਥੀਆਂ, ਧਾਰਮਿਕ ਸੰਸਥਾਵਾਂ ਦੇ ਅਗਾਂਹਵਧੂ ਸੋਚ ਦੇ ਸੁਚੇਤ ਵਰਗ ਦੇ ਜਿਉਂਦੇ ਤੇ ਜਾਗਦੇ ਲੋਕ ਸਾਹਮਣੇ ਆਉਣ ਹੈ ਤਾਂ ਹੀ ਗੁਆਚ ਰਹੇ, ਖੁਰ ਰਹੇ, ਪਲ ਪਲ ਮਰ ਰਹੇ ਪੰਜਾਬ ਨੂੰ ਬਚਾਉਣ ਦੇ ਲਈ ਕੋਈ ਸਾਂਝਾ ਮੰਚ ਬਣਾਇਆ ਜਾ ਸਕੇਗਾ ।
ਪੰਜਾਬ ਦਾ ਹਰ ਮਨੁੱਖ ਵਿਅਕਤੀਗਤ ਤੇ ਪਰੇਸ਼ਾਨ ਤਾਂ ਹੈ ਪਰ ਕੀ ਕਰੀਏ ? ਕਿਵੇਂ ਪੰਜਾਬ ਨੂੰ ਬਚਾਇਆ ਜਾਵੇ ਸਬੰਧੀ ਦੁਬਿਧਾ ਵਿੱਚ ਹੈ। ਇਹ ਸੱਚ ਹੈ ਕਿ ਹੁਣ ਘਰਾਂ ਵਿੱਚ ਬੈਠ ਕੇ ਆਪਣੀ ਮੌਤ ਦੀ ਉਡੀਕ ਕਰਨ ਦੇ ਨਾਲੋ ਕਿਸੇ ਸੰਘਰਸ਼ ਦੇ ਵਿੱਚ ਲੜਨ ਦੀ ਲੋੜ ਹੈ..ਸਿਆਸਤਦਾਨ ਪੰਜਾਬ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ ਤੇ ਅਸੀਂ ਬਹੁਗਿਣਤੀ ਲੋਕ ਲੁੱਟੇ ਜਾ ਰਹੇ ਹਾਂ। ਪਰ ਹੁਣ ਸਮਾਂ ਲੰਘਦਾ ਜਾ ਰਿਹਾ ਹੈ..ਹੁਣ ਚੁਪ ਕਰਕੇ ਬੈਠ ਜਾਣਦਾ ਸਮਾਂ ਨਹੀਂ। ਲੋਕਤੰਤਰ ਦਾ ਬਦਲ ਹੁਣ ਪੂਰਨ ਸਵਰਾਜ ਹੈ।
ਯਾਦ ਕਰੋ ਬਾਬਾ ਨਾਨਕ ਨੂੰ ਜਿਸ ਆਖਿਆ ਸੀ ਏਹੀ ਮਾਰ ਪਈ ਕੁਰਲਾਣੈ ਤੈ ਕੀ ਦਰਦ ਨਾ ਆਇਆ।

ਹੁਣ ਦਰਦ ਕਿਉਂ ਨੀ ਆਉਂਦਾ ?
ਕਿਥੇ ਐ ਹੁਣ ਓ ?

ਹੁਣ ਕਿਰਤ ਕਰਨੀ ਤੇ
ਕਿਰਤ ਦੀ ਰਾਖੀ ਕਰਨੀ ਹੈ
ਪੰਜਾਬੀਆਂ ਦਾ ਫਰਜ਼ ਐ।

ਆਪਣੀ ਹਉਮੈ ਨੂੰ ਛੱਡਕੇ ਪੰਜਾਬ ਦੇ ਲਈ ਇਕ ਸਾਂਝਾ ਮੰਚ ਬਣਾਇਆ ਜਾਵੇ…ਤਾਂ ਹੀ ਪੰਜਾਬ ਬਚ ਸਕਦਾ ਹੈ…ਨਹੀ…ਤਾਂ ਸਭ ਕੁੱਝ ਤੁਹਾਡੇ ਸਾਹਮਣੇ ਹੈ..
ਪੰਜਾਬ ਨੂੰ ਬਚਾਉਣ ਲਈ ਆਓ
ਰਲਮਿਲ ਕੇ ਇੱਕ ਹੰਭਲਾ ਮਾਰੀਏ
ਤੇ ਆਪਣੇ ਜਿਉਂਦੇ ਹੋਣ ਦਾ
ਸ਼ਹਾਦਤ ਦੇਈਏ
ਮੁੱਠੀ ਵਿਚੋਂ ਕਿਰਦੇ
ਪੰਜਾਬ ਨੂੰ ਬਚਾਈਏ।
ਇੱਕ ਸਾਂਝਾ ਹੰਭਲਾ ਮਾਰੀਏ,
ਦੁਸ਼ਮਣ ਨੂੰ ਲਲਕਾਰੀਏ
ਹੁਣ ਲੜਨ ਦੀ ਲੋੜ ਹੈ
ਨਾ ਕਿ ਮਰਨ ਦੀ।
ਭਵਸਾਗਰ ਤਰਨ ਦੀ ਲੋੜ ਹੈ
ਕਿਛੁ ਕਹੀਏ ਕਿਛੁ ਸੁਣੀਏ
ਨਵੇਂ ਵਸਤਰ ਬੁਣੀਏ,
ਨਵੇਂ ਆਗੂ ਚੁਣੀਏ

ਆਓ ਪੰਜਾਬੀਓ ਆਓ
ਨਾ ਬਦੇਸ਼ਾਂ ਨੂੰ ਭੱਜੀ ਜਾਓ
ਨਾ ਪੁਰਖਿਆਂ ਤੇ
ਵਿਰਸੇ ਦੇ ਗਦਾਰ ਬਣੋ।

ਆਓ ਸਿਰ ਜੋੜੀਏ, ਕੇਹਾ ਕਰਨਾ ਲੋੜੀਏ, ਕੋਈ ਕਾਫਲਾ ਤੋਰੀਏ, ਉਡੀਕਦਾ ਪੰਜਾਬ ਹੈ , ਤੁਹਾਡੀ ਸ਼ਕਤੀਆਂ ਨੂੰ ਮੰਗਦਾ ਹਿਸਾਬ ਹੈ …. ਕਿਉ ਰੋ ਰਿਹਾ ਪੰਜਾਬ ਹੈ?
ਆਓ ਪੰਜਾਬ ਬਚਾਈਏ, ਦੇਸ਼ ਬਚਾਈਏ।
ਅੱਗ ਘਰਾਂ ਅੰਦਰ ਆ ਵੜੀ ਐ।
ਹੁਣ ਸੜ ਕੇ ਮਰਨੇ ਜਾਂ ਲੜ ਕੇ ਜਿਉਣਾ ਐ?
ਫੈਸਲਾ ਤੁਹਾਡਾ ਐ!……

-ਬੁੱਧ ਸਿੰਘ ਨੀਲੋਂ

Comment here