ਅਪਰਾਧਸਿਆਸਤਖਬਰਾਂ

ਸੁਪਰੀਮ ਕੋਰਟ ਨੇ ਜਹਾਂਗੀਰਪੁਰੀ ਚ ਬੁਲਡੋਜ਼ਰ ਰੋਕੇ

ਨਵੀਂ ਦਿੱਲੀ : ਨਵੀਂ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ’ਚ ਨਗਰ ਨਿਗਮ ਵੱਲੋੰ ਗੈਰ ਕਨੂੰਨੀ ਕਬਜ਼ਿਆਂ ਖ਼ਿਲਾਫ਼ ਕਾਰਵਾਈ ਸ਼ੁਰੂ ਹੋ ਗਈ. ਅਜ ਸਵੇਰੇ ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਕਬਜ਼ਿਆਂ ਨੂੰ ਹਟਾਉਣ ਦੀ ਲੜੀ ਤਹਿਤ ਸਭ ਤੋਂ ਪਹਿਲਾਂ ਕੁਸ਼ਲ ਚੌਕ ’ਤੇ ਡਿੱਚ ਮਸ਼ੀਨਾਂ ਨਾਲ ਰੇਹੜੀ ਵਾਲਿਆਂ ਨੂੰ ਹਟਾਇਆ ਗਿਆ। ਰੇਹੜੀਆਂ ਨੂੰ ਤੋੜਨ ਮਗਰੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਕੁਸ਼ਲ ਚੌਕ ’ਚ ਹੀ ਹਨੂੰਮਾਨ ਜਯੰਤੀ ਦੌਰਾਨ ਕੱਢੀ ਗਈ ਸ਼ੋਭਾ ਯਾਤਰਾ ’ਤੇ ਪਥਰਾਅ ਕੀਤਾ ਗਿਆ ਸੀ। ਹੁਣ ਮਸਜਿਦ ਦੇ 100 ਮੀਟਰ ਦੇ ਘੇਰੇ ’ਚ ਨਾਜਾਇਜ਼ ਉਸਾਰੀਆਂ ਨੂੰ ਹਟਾਇਆ ਜਾ ਰਿਹਾ ਹੈ। ਮਸਜਿਦ ਸਾਹਮਣੇ ਕਬਜ਼ੇ ਹਟਾਉਣ ਲਈ ਪੰਜਵੀਂ ਡਿੱਚ ਮਸ਼ੀਨ ਵੀ ਆ ਗਈ ਹੈ। ਭੰਨਤੋੜ ਦੀ ਕਾਰਵਾਈ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਨਾਲਿਆਂ ਤੇ ਸੜਕ ’ਤੇ ਰੱਖੇ ਬੋਰਿਆਂ ’ਚ ਪਲਾਸਟਿਕ ਦਾ ਸਾਮਾਨ ਤੇ ਪਲਾਸਟਿਕ ਦੀਆਂ ਬੋਤਲਾਂ ਭਰ ਕੇ ਰੱਖੀਆਂ ਗਈਆਂ ਸਨ। ਜਹਾਂਗੀਰਪੁਰੀ ਇਲਾਕੇ ’ਚ ਅਗਲੇ ਦੋ ਦਿਨਾਂ ਤਕ ਕਬਜ਼ਿਆਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ। ਦੂਜੇ ਪਾਸੇ ਡਿੱਚ ਚਾਲਕ ਨੇ ਕਿਹਾ ਕਿ ਕਬਜ਼ਿਆਂ ਖ਼ਿਲਾਫ ਕਾਰਵਾਈ ਤਹਿਤ ਸੜਕਾਂ ’ਤੇ ਬਣੀਆਂ ਝੁੱਗੀਆਂ ਤੇ ਦੁਕਾਨਾਂ ਨੂੰ ਵੀ ਹਟਾਇਆ ਜਾਵੇਗਾ। ਉਥੇ ਹੀ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਦੌਰਾਨ ਦਿੱਲੀ ਦੇ ਜਹਾਂਗੀਰਪੁਰੀ ’ਚ ਸ਼ਾਂਤੀਪੂਰਵਕ ਹਾਲਾਤ ਬਣਾਈ ਰੱਖਣ ਲਈ ਕਿਹਾ। ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਵਿਰੁੱਧ ਪਟੀਸ਼ਨ ’ਤੇ ਹੁਣ ਭਲਕੇ ਯਾਨੀ ਵੀਰਵਾਰ ਨੂੰ ਸੁਣਵਾਈ ਹੋਵੇਗੀ।

ਉੱਥੇ ਹੀ ਐੱਮਸੀਡੀ ਵੱਲੋਂ ਐਲਾਨ ਕੀਤੀ ਗਈ ਕਬਜ਼ੇ ਵਿਰੋਧੀ ਮੁਹਿੰਮ ਤੋਂ ਪਹਿਲਾਂ ਡੀਸੀਪੀ ਉੱਤਰੀ ਪੱਛਮੀ ਊਸ਼ਾ ਰੰਗਨਾਨੀ ਨੇ ਪੁਲਿਸ ਟੀਮ ਨਾਲ ਜਹਾਂਗੀਰਪੁਰੀ ਖੇਤਰ ਦਾ ਨਿਰੀਖਣ ਕੀਤਾ। ਦਿੱਲੀ ਪੁਲਿਸ ਨੇ ਬੁੱਧਵਾਰ ਸਵੇਰੇ ਜਹਾਂਗੀਰਪੁਰੀ ’ਚ ਸਥਿਤੀ ਦਾ ਜਾਇਜਜ਼ਾ ਲਿਆ, ਜਿੱਥੇ 16 ਅਪ੍ਰੈਲ ਨੂੰ ਇਕ ਧਾਰਮਿਕ ਜਲੂਸ ਦੌਰਾਨ ਹਿੰਸਾ ਹੋਈ ਸੀ। ਜਹਾਂਗੀਰਪੁਰੀ ’ਚ ਕਬਜ਼ੇ ਵਿਰੋਧੀ ਮੁਹਿੰਮ ਬਾਰੇ ਰਾਜਾ ਇਕਬਾਲ ਸਿੰਘ (ਮੇਅਰ, ਉੱਤਰੀ ਦਿੱਲੀ ਨਗਰ ਨਿਗਮ ਦਿੱਲੀ) ਦਾ ਕਹਿਣਾ ਹੈ ਕਿ ਇਹ ਸਾਡਾ ਰੁਟੀਨ ਦਾ ਕੰਮ ਹੈ ਕਿ ਅਸੀਂ ਉਸ ਜਗ੍ਹਾ ਨੂੰ ਖ਼ਾਲੀ ਕਰਵਾਉਂਦੇ ਹਾਂ, ਜਿੱਥੇ ਨਾਜਾਇਜ਼ ਉਸਾਰੀ ਅਤੇ ਸਰਕਾਰੀ ਜ਼ਮੀਨਾਂ ’ਤੇ ਕਬਜ਼ੇ ਹਨ। ਅੱਜ (ਬੁੱਧਵਾਰ) ਵੀ ਅਸੀਂ ਅਜਿਹਾ ਹੀ ਕਰਨ ਜਾ ਰਹੇ ਹਾਂ। ਸਾਡਾ ਇਹੀ ਸੁਨੇਹਾ ਹੈ ਕਿ ਲੋਕ ਜਨਤਕ ਜ਼ਮੀਨ ਖ਼ਾਲੀ ਕਰ ਦੇਣ। ਜ਼ਿਕਰਯੋਗ ਹੈ ਕਿ ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਉੱਤਰੀ ਦਿੱਲੀ ਨਗਰ ਨਿਗਮ (ਐੱਨਡੀਐੱਮਸੀ) ਦੇ ਮੇਅਰ ਰਾਜਾ ਇਕਬਾਲ ਸਿੰਘ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਇੱਥੇ ਵੱਡੀ ਕਾਰਵਾਈ ਹੋ ਸਕਦੀ ਹੈ। ਇਸ ਲਈ ਨਿਗਮ ਨੇ 400 ਪੁਲਿਸ ਕਰਮਚਾਰੀ ਮੰਗੇ ਹਨ। ਮੰਗਲਵਾਰ ਨੂੰ ਵੀ ਜਹਾਂਗੀਰਪੁਰੀ ’ਚ ਕਬਾੜੀਆਂ ਦੇ ਕਬਜ਼ੇ ਹਟਾਉਣ ਲਈ ਸੁਰੱਖਿਆ ਦੀ ਮੰਗ ਕੀਤੀ ਗਈ ਸੀ ਪਰ ਪੁਲਸ ਫੋਰਸ ਨਾ ਹੋਣ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਆਦੇਸ ਗੁਪਤਾ ਨੇ ਆਪਣੇ ਪੱਤਰ ’ਚ ਮੇਅਰ ਨੂੰ ਬੇਨਤੀ ਕੀਤੀ ਹੈ। ਇਸ ਵਿਚ ਉਨ੍ਹਾਂ ਕਿਹਾ ਕਿ 16 ਅਪ੍ਰੈਲ ਨੂੰ ਕੱਢੀ ਗਈ ਸ਼ੋਭਾ ਯਾਤਰਾ ’ਤੇ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਪਥਰਾਅ ਕੀਤਾ ਸੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਦੀ ਸ਼ਹਿ ਹੇਠ ਨਾਜਾਇਜ਼ ਉਸਾਰੀ ਅਤੇ ਕਬਜ਼ੇ ਕੀਤੇ ਹਨ। ਨਾਜਾਇਜ਼ ਉਸਾਰੀਆਂ ਅਤੇ ਕਬਜ਼ਿਆਂ ਦੀ ਨਿਸਾਨਦੇਹੀ ਕਰ ਕੇ ਕਾਰਵਾਈ ਕੀਤੀ ਜਾਵੇ।

 

Comment here