ਸਿਆਸਤਖਬਰਾਂਚਲੰਤ ਮਾਮਲੇ

ਸੀਬੀਆਈ ਹੈੱਡਕੁਆਰਟਰ ਪਹੁੰਚੇ ਕੇਜਰੀਵਾਲ, ਪੁਲਿਸ ਨੇ ਰਸਤੇ ‘ਚ ਹੀ ਰੋਕੇ ‘ਆਪ’ ਆਗੂ

ਚੰਡੀਗੜ੍ਹ-ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਮਾਮਲੇ ਵਿੱਚ ਪੁੱਛਗਿੱਛ ਲਈ ਐਤਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਹੈੱਡਕੁਆਰਟਰ ਪੁੱਜੇ। ਸੀਬੀਆਈ ਦਫ਼ਤਰ ਪਹੁੰਚਣ ਤੋਂ ਪਹਿਲਾਂ ਸੀਐਮ ਕੇਜਰੀਵਾਲ ਰਾਜਘਾਟ ਗਏ ਅਤੇ ਮਹਾਤਮਾ ਗਾਂਧੀ ਦੀ ਸਮਾਧ ‘ਤੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਸਾਥੀ ਵੀ ਨਜ਼ਰ ਆਏ।
ਇਸ ਦੇ ਨਾਲ ਹੀ ਉਨ੍ਹਾਂ ਨਾਲ ਸੀਬੀਆਈ ਹੈੱਡਕੁਆਰਟਰ ਜਾ ਰਹੇ ਆਮ ਆਦਮੀ ਪਾਰਟੀ ਦੇ ਆਗੂ, ਸੰਸਦ ਮੈਂਬਰ ਅਤੇ ਦਿੱਲੀ ਦੇ ਕੈਬਨਿਟ ਮੰਤਰੀਆਂ ਨੂੰ ਪੁਲਿਸ ਨੇ ਲੋਧੀ ਰੋਡ ਨੇੜੇ ਰੋਕ ਲਿਆ, ਜਿਸ ਮਗਰੋਂ ਉਹ ਸਾਰੇ ਧਰਨੇ ’ਤੇ ਬੈਠ ਗਏ।
ਐਤਵਾਰ ਨੂੰ ਮੁੱਖ ਮੰਤਰੀ ਕੇਜਰੀਵਾਲ ਦੀ ਪੇਸ਼ੀ ਦੇ ਮੱਦੇਨਜ਼ਰ ਸੀਬੀਆਈ ਹੈੱਡਕੁਆਰਟਰ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਹੈੱਡਕੁਆਰਟਰ ਦੇ ਬਾਹਰ ਅਰਧ ਸੈਨਿਕ ਬਲਾਂ ਸਮੇਤ 1,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਚਾਰ ਤੋਂ ਵੱਧ ਲੋਕ ਇਕੱਠੇ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਇਸ ਖੇਤਰ ਵਿੱਚ ਫੌਜਦਾਰੀ ਜਾਬਤਾ (ਸੀਆਰਪੀਸੀ) ਦੀ ਧਾਰਾ 144 ਲਾਗੂ ਕੀਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਸ਼ੁੱਕਰਵਾਰ ਨੂੰ ਕੇਜਰੀਵਾਲ ਨੂੰ ਜਾਂਚ ਦੌਰਾਨ ਇਕੱਤਰ ਕੀਤੀ ਜਾਣਕਾਰੀ ’ਤੇ ਸਵਾਲਾਂ ਦੇ ਜਵਾਬ ਦੇਣ ਲਈ 16 ਅਪਰੈਲ ਨੂੰ ਗਵਾਹ ਵਜੋਂ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ।
ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਇਸ ਮਾਮਲੇ ਦੀ ਜਾਂਚ ਦੇ ਸਬੰਧ ਵਿਚ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕੇਜਰੀਵਾਲ ਸਵੇਰੇ 11.10 ਵਜੇ ਆਪਣੀ ਕਾਰ ਵਿੱਚ ਸੀਬੀਆਈ ਹੈੱਡਕੁਆਰਟਰ ਪਹੁੰਚੇ, ਜਿੱਥੇ ਉਨ੍ਹਾਂ ਨੂੰ ਸੀਬੀਆਈ ਦੇ ਭ੍ਰਿਸ਼ਟਾਚਾਰ ਵਿਰੋਧੀ ਵਿੰਗ ਦੇ ਪਹਿਲੀ ਮੰਜ਼ਿਲ ਸਥਿਤ ਦਫ਼ਤਰ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾਕ੍ਰਮ ’ਤੇ ਨਜ਼ਰ ਰੱਖਣ ਲਈ ਏਜੰਸੀ ਦੇ ਸੀਨੀਅਰ ਅਧਿਕਾਰੀ ਦਫ਼ਤਰ ’ਚ ਮੌਜੂਦ ਸਨ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਆਮ ਆਦਮੀ ਪਾਰਟੀ ਦੇ ਮੁਖੀ ਤੋਂ ਆਬਕਾਰੀ ਨੀਤੀ ਬਣਾਉਣ ਦੀ ਪ੍ਰਕਿਰਿਆ ਬਾਰੇ ਅਤੇ ਖਾਸ ਤੌਰ ’ਤੇ ਦਿੱਲੀ ਮੰਤਰੀ ਮੰਡਲ ਦੇ ਸਾਹਮਣੇ ਰੱਖੀ ਜਾਣ ਵਾਲੀ ਫਾਈਲ ਬਾਰੇ ਪੁੱਛ-ਪੜਤਾਲ ਕਰ ਸਕਦੀ ਹੈ, ਜਿਸ ਦਾ ‘‘ਪਤਾ ਨਹੀਂ ਲੱਗ ਸਕਿਆ’’ ਹੈ। ਸੀਬੀਆਈ ਦਫ਼ਤਰ ਪੇਸ਼ ਹੋਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ‘ਆਪ’ ਦੇ ਹੋਰ ਨੇਤਾ ਉਨ੍ਹਾਂ ਦੇ ਨਾਲ ਸਨ।

Comment here