ਅਪਰਾਧਸਿਆਸਤਖਬਰਾਂ

ਸਿੱਧੂ ਜੇਲ੍ਹ ‘ਚੋਂ ਸਜ਼ਾ ਕੱਟ ਕੇ ਆਇਐ, ਕੋਈ ਆਜ਼ਾਦੀ ਦੀ ਲੜਾਈ ਲੜ ਕੇ ਨਹੀਂ : ਕੰਗ

ਚੰਡੀਗੜ੍ਹ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਜੇਲ੍ਹ ਵਿਚ 10 ਮਹੀਨੇ ਦੀ ਸਜ਼ਾ ਕੱਟ ਕੇ ਬਾਹਰ ਆਉਂਦੇ ਹੀ ਸੂਬੇ ਦੀ ਸਿਆਸਤ ਗਰਮਾ ਗਈ ਹੈ। ਜੇਲ੍ਹ ਤੋਂ ਰਿਹਾਅ ਹੁੰਦੇ ਹੀ ਸਿੱਧੂ ਨੇ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਨੂੰ ਤਾਨਾਸ਼ਾਹੀ ਸਰਕਾਰ ਦੱਸਿਆ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਖ਼ਬਾਰੀ ਮੁੱਖ ਮੰਤਰੀ ਕਰਾਰ ਦਿੱਤਾ। ਇਸ ਬਿਆਨਬਾਜ਼ੀ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਸਿੱਧੂ ਉਤੇ ਤਿੱਖਾ ਹਮਲਾ ਕੀਤਾ ਹੈ। ‘ਆਪ’ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਿੱਧੂ ਜੇਲ੍ਹ ਤੋਂ ਬਾਹਰ ਸਜ਼ਾ ਕੱਟ ਕੇ ਆਏ ਹਨ, ਕੋਈ ਆਜ਼ਾਦੀ ਦੀ ਲੜਾਈ ਲੜ ਕੇ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਕਾਰਨ ਇਕ ਬਜ਼ੁਰਗ ਵਿਅਕਤੀ ਦੀ ਜਾਨ ਚਲੀ ਗਈ ਹੈ, ਉਨ੍ਹਾਂ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
ਕੰਗ ਨੇ ਕਿਹਾ ਕਿ ਜੇਲ੍ਹੋਂ ਬਾਹਰ ਆਉਣ ਤੋਂ ਬਾਅਦ ਸਿੱਧੂ ਅਜਿਹਾ ਮਾਹੌਲ ਬਣਾ ਰਹੇ ਹਨ ਜਿਵੇਂ ਉਨ੍ਹਾਂ ਨੂੰ ਸਿਆਸੀ ਹਿਰਾਸਤ ਵਿਚ ਰੱਖਿਆ ਗਿਆ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ।
‘ਆਪ’ ਦੇ ਬੁਲਾਰੇ ਨੇ ਕਿਹਾ ਕਿ ਆਪਣੀ ਸਜ਼ਾ ਕੱਟਣ ਤੋਂ ਬਾਅਦ ਸਿੱਧੂ ਨੂੰ ਆਰਾਮ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਸੂਬੇ ‘ਚ ਲੋਕਾਂ ਨੂੰ ਨੌਕਰੀਆਂ ਦੇਣ ਦੇ ਸਿੱਧੂ ਦੇ ਬਿਆਨ ਉਤੇ ਕੰਗ ਨੇ ਕਿਹਾ ਕਿ ਸਾਬਕਾ ਕਾਂਗਰਸ ਸਰਕਾਰ ਵੱਲੋਂ 36000 ਨੌਕਰੀਆਂ ਦੇ ਝੂਠੇ ਇਸ਼ਤਿਹਾਰ ਦਿੱਤੇ ਗਏ ਸਨ। ਮਾਨ ਸਰਕਾਰ ਵੱਲੋਂ ਕਿੰਨਾ ਕਰਜ਼ਾ ਲਿਆ ਗਿਆ, ਕਿੰਨੇ ਲੋਕਾਂ ਨੂੰ ਨੌਕਰੀਆਂ ‘ਤੇ ਰੈਗੂਲਰ ਕੀਤਾ ਗਿਆ, ਇਸ ਦਾ ਪੂਰਾ ਹਿਸਾਬ-ਕਿਤਾਬ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈ। ਕੰਗ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖਰਾਬ ਮੌਸਮ ਕਾਰਨ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਕਾਫੀ ਚਿੰਤਤ ਹਨ ਅਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿੱਚ ਲੱਗੇ ਹੋਏ ਹਨ। ਇੰਨਾ ਹੀ ਨਹੀਂ ਸੀ.ਐਮ ਮਾਨ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ‘ਤੇ ਲਗਾਏ ਗਏ ਟੋਲ ਪਲਾਜ਼ਾ ਤੋਂ ਵੀ ਲੋਕਾਂ ਨੂੰ ਮੁਕਤ ਕਰਵਾ ਰਹੇ ਹਨ। ‘ਆਪ’ ਬੁਲਾਰੇ ਨੇ ਕਿਹਾ ਕਿ ਮਾਨ ਸਰਕਾਰ ਸਾਬਕਾ ਕਾਂਗਰਸ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਖ਼ਿਲਾਫ਼ ਕਾਰਵਾਈ ਕਰਕੇ ਜਨਤਾ ਨੂੰ ਇਨਸਾਫ਼ ਦਿਵਾਉਣ ਵਿੱਚ ਲੱਗੀ ਹੋਈ ਹੈ।

Comment here