ਸਾਹਿਤਕ ਸੱਥਸਿਆਸਤਵਿਸ਼ੇਸ਼ ਲੇਖ

ਸ਼੍ਰੀ ਅਕਾਲ ਤਖਤ ਸਾਹਿਬ ਬਨਾਮ ਦੁਨਿਆਵੀ ਸੱਤਾ

ਸਿੱਖ ਧਰਮ ਦੇ ਵਿੱਚ ਮੂਰਤੀ ਪੂਜਾ ਨੂੰ ਕੋਈ ਥਾਂ ਨਹੀ। ਫਿਰ ਵੀ ਸਿੱਖ ਕੌਂਮ ਦੀ ਆਪਣੇ ਇਤਿਹਾਸਿਕ ਗੁਰਦਾਰਿਆਂ ਜਾਂ ਤਖਤ ਸਹਿਬਾਨਾਂ ਪ੍ਰਤੀ ਅਥਾਹ ਸ਼ਰਧਾ ਹੈ। 1609 ਈਸਵੀ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਹਿਬ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਰਾਜਨੀਤੀ ’ਤੇ ਧਰਮ ਦੀ ਮਜਬੂਤ ਪਕੜ ਬਣਾੲ ਤਾਂ ਕਿ ਸਿੱਖ ਰਾਜਨੀਤੀ ਕਰਦੇ ਸਮੇ ਸੱਤਾ ਦੇ ਨਸ਼ੇ ਵਿੱਚ ਧਰਮ ਨੂੰ ਵਿਸਾਰਕੇ ਅਜਿਹਾ ਕੋਈ ਵੀ ਕੰਮ ਨਾ ਕਰ ਸਕਣ, ਜਿਹੜਾ ਸਿੱਖੀ ਦੀ ਸ਼ਾਨ ਨੂੰ ਢਾਹ ਲਾਉਂਣ ਵਾਲਾ ਹੋਵੇ। ਸਿੱਖ ਕੌਂਮ ਵੱਲੋਂ ਇੱਕ ਮੱਤ ਹੋਕੇ ਸ੍ਰੀ ਅਕਾਲ ਤਖਤ ਸਹਿਬ ਦੇ ਹਰ ਹੁਕਮ ਨੂੰ ਖਿੜੇ ਮੱਥੇ ਸਵੀਕਾਰਿਆ ਜਾਂਦਾ ਰਿਹਾ ਹੈ। ਸਿੱਖੀ ਵਿੱਚ ਇਹ ਸਿਧਾਂਤਿਕ ਰਵਾਇਤ ਪਰਪੱਕ ਹੋ ਚੁੱਕੀ ਹੈ। ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖਤ ਤੋਂ ਕੋੜਿਆਂ ਦੀ ਸਜਾ ਲਾਈ ਸੀ ਜਿਸਨੂੰ ਮਹਾਰਾਜੇ ਨੇ ਨਿਮਾਣੇ ਸਿੱਖ ਵਜੋਂ ਸਵੀਕਾਰ ਕਰਕੇ ਸਜਾ ਭੁਗਤੀ। (ਜਥੇਦਾਰ ਬਾਬਾ ਫੂਲਾ ਸਿੰਘ ਅਕਾਲੀ ਨੇ ਮੋਹਤਬਰ ਸਿੱਖਾਂ ਦੀ ਬੇਨਤੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜ਼ਾ ਮੁਆਫ ਕਰ ਦਿੱਤੀ ਸੀ) ਵਰਤਮਾਨ ਸਮੇ ਵਿੱਚ ਵੀ ਇਹ ਪਰੰਪਰਾ ਬਾਦਸਤੂਰ ਚਲਦੀ ਰਹੀ ਹੈ। ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ, ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਰਾਜਪਾਲ ਤਾਮਿਲਨਾਡੂ ਸ੍ਰ ਸੁਰਜੀਤ ਸਿੰਘ ਬਰਨਾਲਾ, ਦਿੱਲੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਸਾਬਕਾ ਪਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਅਤੇ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਦੇ ਮੁਖੀ ਬਾਬਾ ਸੰਤਾ ਸਿੰਘ ਨਿਹੰਗ ਸਿੰਘ ਸਮੇਤ ਸੈਂਕੜੇ ਸਿੱਖਾਂ ਦੁਆਰਾ ਸਮੇ ਸਮੇ ਆਪਣੀਆਂ ਭੁੱਲਾਂ ਬਖਸ਼ਾਕੇ ਸ੍ਰੀ ਅਕਾਲ ਤਖਤ ਸਹਿਬ ਤੋਂ ਮਿਲੀ ਸਜ਼ਾ ਨੂੰ ਪ੍ਰਵਾਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਅੱਗੇ ਆਤਮ-ਸਮੱਰਪਣ ਕੀਤਾ ਜਾਂਦਾ ਰਿਹਾ ਹੈ। ਬੇਸ਼ੱਕ ਕੁੱਝ ਸਿੱਖ ਵਿਦਵਾਨ ਸ਼੍ਰੀ ਅਕਾਲ ਤਖਤ ਸਹਿਬ ਦੇ ਇਸ ਸਤਿਕਾਰਤ ਰੁਤਬੇ ਨੂੰ ਚਣੌਤੀ ਦੇਣ ਦੀ ਅਵੱਗਿਆ ਵੀ ਕਰਦੇ ਰਹੇ ਹਨ, ਪਰ ਬਹੁ ਗਿਣਤੀ ਸਿੱਖ ਸੰਗਤ ਉਹਨਾਂ ਦੇ ਸਿੱਖੀ ਸਿਧਾਂਤਾਂ ਦੀ ਮਹਾਂਨਤਾ ਨੂੰ ਢਾਹ ਲਾਉਣ ਵਾਲੇ ਤਰਕ ਨਾਲ ਸਹਿਮਤੀ ਪ੍ਰਗਟ ਨਹੀ ਕਰਦੀ। ਸਹਿਮਤੀ ਹੋਣੀ ਵੀ ਨਹੀ ਚਾਹੀਂਦੀ, ਕਿਉਂਕਿ ਸਿੱਖ ਪੰਥ ਨੂੰ ਜੇਕਰ ਕਿਸੇ ਮੁਸੀਬਤ ਸਮੇ ਕੋਈ ਸਹੀ ਅਗਵਾਈ ਦੇ ਸਕਦਾ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਪਾਟੋਧਾੜ ਹੋਈ ਕੌਂਮ ਨੂੰ ਇੱਕ ਨਿਸਾਨ ਸਾਹਿਬ ਹੇਠ ਲੈ ਕੇ ਆਉਣ ਦੇ ਸਮਰੱਥ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਹਿਬ ਜੀ ਹੀ ਹਨ। ਇਹੀ ਵਜਾਹ ਹੈ ਕਿ ਵਰਤਮਾਨ ਸਮੇ ਵਿੱਚ ਸਿੱਖਾਂ ਦੀ ਆਸਥਾ ਅਤੇ ਅਗਵਾਈ ਦੇ ਕੇਂਦਰੀ ਧੁਰੇ ਨੂੰ ਤਹਿਸ ਨਹਿਸ ਕਰਨ ਲਈ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸਮੇਤ ਸਿੱਖੀ ਸਿਧਾਂਤਾਂ ਨੂੰ ਢਾਹ ਲਾਈ ਜਾ ਰਹੀ ਹੈ। ਸਿੱਖ ਕੌਂਮ ਦੀ ਸਰਬ ਉੱਚ ਸੰਸਥਾ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਹਿਬ ਘੱਟ ਗਿਣਤੀਆਂ ਦੀ ਦੁਸ਼ਮਣ ਜਮਾਤ ਦੇ ਭਾਰੀ ਦਵਾਅ ਹੇਠ ਵਿਚਰ ਰਹੇ ਹਨ।
ਇਸ ਦਾ ਮੁੱਖ ਕਾਰਨ ਸਰੋਮਣੀ ਅਕਾਲੀ ਦਲ ਅਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ ਸ੍ਰ ਪਰਕਾਸ ਸਿੰਘ ਬਾਦਲ ਦੀ ਸੱਤਾ ਦੇ ਲਾਲਚ ਵਿੱਚ ਇਸ ਕੱਟੜ ਜਮਾਤ ਨਾਲ ਪਾਈ ਗੂੜ੍ਹੀ ਸਾਂਝ ਰਹੀ ਹੈ। ਉਹ ਕੇਂਦਰੀ ਤਾਕਤਾਂ ਦੀਆਂ ਸ਼ਰਤਾਂ ਪੂਰਨ ਹਿਤ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਨੂੰ ਕਠਪੁਤਲੀ ਵਜੋਂ ਲਗਾਤਾਰ ਵਰਤਦਾ ਆ ਰਿਹਾ ਹੈ। ਹੁਣ ਤੱਕ ਦੇ ਮੁੱਖ ਮੰਤਰੀਆਂ ਤੇ ਇਹ ਦੋਸ਼ ਅਕਸਰ ਹੀ ਲੱਗਦੇ ਰਹੇ ਹਨ ਕਿ ਉਹ ਸੱਤਾ ਦੇ ਨਸ਼ੇ ਵਿੱਚ ਜਾਂ ਸੱਤਾ ਦੀ ਲਾਲਸਾ ਵਿੱਚ ਸੂਬੇ ਨਾਲ ਧਰੋਹ ਕਮਾਉਂਦੇ ਰਹੇ ਹਨ, ਪਰ ਬੇਅੰਤ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਤੋ ਇਲਾਵਾ ਕਦੇ ਵੀ ਕਿਸੇ ਮੁੱਖ ਮੰਤਰੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਸਿੱਧੇ ਤੌਰ ਤੇ ਉਲਝਣ ਦੀ ਹਿੰਮਤ ਨਹੀ ਕੀਤੀ। ਬੇਅੰਤ ਸਿੰਘ ਦੀ ਸਰਕਾਰ ਸਮੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਬ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਜਦੋਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਬ ਦੀ ਸਰਬ-ਉੱਚਤਾ ਨੂੰ ਮਲੀਆਮੇਟ ਕਰਨ ਦੀ ਬਜ਼ਰ ਗਲਤੀ ਕੀਤੀ ਹੈ। ਅੱਜ ਜਦੋਂ ਸਿੱਖ ਕੌਂਮ ਸ਼ਿੱਦਤ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੀ ਲੋੜ ਮਹਿਸੂਸ ਕਰ ਰਹੀ ਹੈ ਤਾਂ ਉਸ ਮੌਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਧਾਰਮਿਕ ਸਿੱਖ ਸੰਸਥਾਵਾਂ ਅਤੇ ਸਿੱਖ ਬੁੱਧੀਜੀਵੀਆਂ ਦੀ ਇੱਕਤਰਤਾ ਬੁਲਾ ਕੇ ਸੂਬੇ ਦੀ ਸਰਕਾਰ ਨੂੰ ਵੰਗਾਰਿਆ ਹੈ, ਪਰ ਸੂਬੇ ਦੇ ਮੌਜੂਦਾ ਹਾਕਮ ਵੱਲੋਂ ਜਿਸ ਤਰ੍ਹਾਂ ਸਿੰਘ ਸਾਹਿਬ ਦੇ ਅਦੇਸ਼ਾਂ ਦੀ ਖਿੱਲੀ ਉਡਾਈ ਗਈ ਹੈ, ਉਹ ਸੱਚਮੁੱਚ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ।
ਮਸਲਾ ਭਗਵੰਤ ਮਾਨ ਅਤੇ ਗਿਆਨੀ ਹਰਪਰੀਤ ਸਿੰਘ ਦਾ ਨਹੀ ਹੈ, ਸਗੋ ਇਹ ਹਕੂਮਤ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਣੌਤੀ ਦਾ ਗੰਭੀਰ ਮਸਲਾ ਹੈ। ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਥੇਦਾਰ ਦੀ ਹੁਣ ਤੱਕ ਦੀ ਕਾਰਜਸ਼ੈਲੀ ਦੇ ਪਰਿਪੇਖ ਵਿੱਚ ਇਹ ਨਿਹੋਰਾ ਮਾਰਿਆ ਗਿਆ, ਪਰ ਇੱਥੇ ਇਹ ਵੀ ਸੱਚ ਹੈ ਕਿ ਸਿੱਖ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਕੂਮਤੀ ਚਣੌਤੀ ਬਰਦਾਸਤ ਨਹੀ ਕਰਦੇ ਅਤੇ ਇਹ ਵੀ ਯਾਦ ਰੱਖਣਯੋਗ ਹੈ ਕਿ ਦੁਨਿਆਵੀ ਤਖਤ ਸਦੀਵੀ ਨਹੀ ਰਹਿਣ ਵਾਲੇ, ਜਦੋਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਸਦੀਵੀ ਕਾਇਮ ਰਹਿਣ ਵਾਲੀ ਹੈ, ਇਸ ਲਈ ਸੂਬੇ ਦੀ ਸੱਤਾ ਤੇ ਕਾਬਜ ਧਿਰ ਨੂੰ ਇਹ ਨਹੀ ਭੁੱਲਣਾ ਚਾਹੀਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਢਾਹ ਲਾਉਣ ਵਾਲੇ ਇੱਕ ਨਾ ਇੱਕ ਦਿਨ ਖੁਦ ਖੁਆਰ ਹੁੰਦੇ ਰਹੇ ਹਨ। ਇਹ ਵੀ ਸੱਚ ਹੈ ਕਿ ਅਕਾਲੀ ਆਗੂ ਸ੍ਰ ਪਰਕਾਸ ਸਿੰਘ ਬਾਦਲ ਦੀਆਂ ਸਿੱਖ ਵਿਰੋਧੀ ਸਾਜ਼ਿਸ਼ਾਂ ਸਿੱਖ ਕੌਂਮ ਨੂੰ ਉਦੋਂ ਸਮਝ ਆਈਆਂ ਜਦੋਂ ਸ੍ਰ ਬਾਦਲ ਆਪਣੀ ਉਮਰ ਦੇ ਆਖਰੀ ਪੜਾਅ ਤੇ ਹਨ ਅਤੇ ਉੱਧਰ ਸਿੱਖ ਦੁਸਮਣ ਤਾਕਤਾਂ ਸਿੱਖਾਂ ਦੀ ਹੋਂਦ ਨੂੰ ਦਰਸਾਉਂਣ ਵਾਲੇ ਇਤਿਹਾਸਿਕ ਦਸਤਾਵੇਜਾਂ ਨੂੰ ਮਿਟਾਉਂਣ ਲਈ ਸਾਰੀਆਂ ਹੱਦਾਂ ਪਾਰ ਕਰਕੇ ਪੱਬਾਂ ਭਾਰ ਹੋਈਆਂ ਫਿਰਦੀਆਂ ਹਨ।
ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਢਾਹ ਲਾਉਣ ਵਾਲੀ ਬੱਜਰ ਗੁਸਤਾਖੀ ਲਈ ਜਿੱਥੇ ਅਕਾਲ, ਪੁਰਖ ਬਾਦਲ ਪਰਿਵਾਰ ਨੂੰ ਮੁਆਫ ਨਹੀ ਕਰੇਗਾ ਅਤੇ ਇਤਿਹਾਸ ਵਿੱਚ ਵੀ ਹਮੇਸਾ ਲਈ ਇਸ ਪਰਿਵਾਰ ਨੂੰ ਨਫਰਤ ਨਾਲ ਦੇਖਿਆ ਜਾਂਦਾ ਰਹੇਗਾ, ਉਥੇ ਮੌਜੂਦਾ ਹਾਕਮਾਂ ਨੂੰ ਵੀ ਅਤੀਤ ਤੋ ਇਹ ਸਬਕ ਲੈਣਾ ਬਣਦਾ ਹੈ ਕਿ ਉਹ ਸੱਤਾ ਦੇ ਨਸ਼ੇ ਵਿੱਚ ਰੁਹਾਨੀਅਤ ਦੇ ਤਖਤ ਨਾਲ ਟੱਕਰ ਲੈਣ ਵਾਲੀ ਅਵੱਗਿਆ ਨਾ ਕਰਨ।

Comment here