ਨਿਊਯਾਰਕ-ਮਸ਼ਹੂਰ ਲੇਖਕ ਸਲਮਾਨ ਰਸ਼ਦੀ ਦੇ ਏਜੰਟ ਨੇ ਇਕ ਸਪੈਨਿਸ਼ ਅਖ਼ਬਾਰ ਨੂੰ ਇੰਟਰਵਿਊ ਦੌਰਾਨ ਦੱਸਿਆ ਕਿ 12 ਅਗਸਤ ਨੂੰ ਇਕ ਹਮਲੇ ਦੌਰਾਨ ਜ਼ਖ਼ਮੀ ਹੋਣ ਕਰਕੇ ਉਨ੍ਹਾਂ ਦੀ ਅੱਖ ਦੀ ਰੌਸ਼ਨੀ ਚਲੀ ਗਈ ਹੈ ਤੇ ਉਨ੍ਹਾਂ ਦੇ ਇਕ ਹੱਥ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ।
ਅਸਲ ’ਚ ਇਸ ਹਮਲੇ ਤੋਂ ਬਾਅਦ ਲੇਖਕ ਨੂੰ ਉੱਤਰ-ਪੱਛਮੀ ਪੇਨਸਿਲਵੇਨੀਆ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਮੀਡੀਆ ਰਿਪੋਰਟ ਮੁਤਾਬਕ ਹਮਲੇ ’ਚ ਉਨ੍ਹਾਂ ਦੇ ਲੀਵਰ, ਅੱਖ ਤੇ ਇਕ ਹੱਥ ਦੀ ਨੱਸ ’ਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਕੀਤੀ ਗਈ ਸੀ।
ਰਸ਼ਦੀ ਦੇ ਏਜੰਟ ਨੇ ਇਕ ਸਪੈਨਿਸ਼ ਅਖ਼ਬਾਰ ਨੂੰ ਇੰਟਰਵਿਊ ਦੌਰਾਨ ਦੱਸਿਆ, ‘‘ਇਹ ਇਕ ਬੇਹੱਦ ਹੀ ਭਿਆਨਕ ਹਮਲਾ ਸੀ। ਹਮਲੇ ’ਚ ਜ਼ਖ਼ਮੀ ਹੋਏ ਰਸ਼ਦੀ ਦੇ ਜ਼ਖ਼ਮ ਬਹੁਤ ਡੂੰਘੇ ਸਨ। ਉਨ੍ਹਾਂ ਦੇ ਗਲੇ ’ਚ ਕਾਫੀ ਗੰਭੀਰ ਤਿੰਨ ਜ਼ਖ਼ਮ ਸਨ, ਜਿਸ ਦੇ ਚਲਦਿਆਂ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਤੇ ਉਨ੍ਹਾਂ ਦੇ ਇਕ ਹੱਥ ਦੀ ਨੱਸ ਵੀ ਕੱਟੀ ਗਈ। ਇਸ ਕਾਰਨ ਉਨ੍ਹਾਂ ਦੇ ਹੱਥ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਛਾਤੀ ਤੇ ਪੂਰੇ ਸਰੀਰ ’ਤੇ ਲਗਭਗ 15 ਜ਼ਖ਼ਮ ਸਨ।’’
Comment here