(ਕਹਾਣੀ)
ਹਾਈ ਕੋਰਟ ਵਿਚ ਜਦੋਂ ਕਿਸੇ ਵਕੀਲ ਦੀ ਮੌਤ ਹੁੰਦੀ ਤਾਂ ਸੋਗ ਵਜੋਂ ਵਕੀਲਾਂ ਦੀ ਬਾਰ ਐਸੋਸੀਏਸ਼ਨ ਵਲੋਂ ਅਦਾਲਤੀ ਕੰਮਖ਼ਕਾਜ ਬੰਦ ਕਰ ਦਿਤਾ ਜਾਂਦਾ। ਜੱਜ ਵੀ ਇਸ ਸੋਗਮਈ ਘੜੀ ਵਕੀਲਾਂ ਦਾ ਸਹਿਯੋਗ ਕਰਦੇ ਅਤੇ ਕੇਸਾਂ ਵਿਚ ਤਾਰੀਕਾਂ ਪਾ ਦਿੰਦੇ। ਕਲਾਇੰਟ, ਤਾਰੀਕਾਂ ਨੋਟ ਕਰ, ਮਜ਼ਬੂਰੀ ਵਸ ਆਪਣੇ-ਆਪਣੇ ਘਰੀਂ ਤੁਰ ਜਾਂਦੇ। ਹਾਲਾਂਕਿ ਅਜਿਹੇ ਮੌਕੇ ਅਦਾਲਤਾਂ ਮੁਕੰਮਲ ਬੰਦ ਹੁੰਦੀਆਂ, ਪਰ ਦੋ ਢਾਈ ਹਜ਼ਾਰ ਵਕੀਲਾਂ ਵਿਚੋਂ ਮ੍ਰਿਤਕ ਵਕੀਲ ਦੇ ਸਸਕਾਰ ਉੱੇਤੇ ਮਸਾਂ ਵੀਹ ਪੱਚੀ ਹੀ ਪਹੁੰਚਦੇ, ਉਹ ਵੀ ਜੋ ਫੌਤ ਹੋ ਚੁੱਕੇ ਵਕੀਲ ਜਾਂ ਉਸ ਦੇ ਪਰਿਵਾਰ ਦੇ ਜਾਣੂ ਹੁੰਦੇ। ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਤਾਂ ਚਲੋ ਮਜ਼ਬੂਰੀ ਹੁੰਦੀ, ਸਸਕਾਰ ਉਪਰ ਪਹੁੰਚਣ ਦੀ। ਸਸਕਾਰ ਉੱਤੇ ਪੁੱਜੇ ਵਕੀਲਾਂ ਤੋਂ ਕਿਤੇ ਵੱਧ ਗਿਣਤੀ ਵਕੀਲਾਂ ਦੀ ਸ਼ਹਿਰ ਦੇ ਕਲੱਬਾਂ, ਬਾਰਾਂ ਜਾਂ ਨੇੜ੍ਹਲੇ ਪਹਾੜੀ ਸੈਰਗਾਹਾਂ ਉਪਰ ਵੇਖਣ ਨੂੰ ਮਿਲ ਜਾਂਦੀ ਸੀ। ਸਾਥੀ ਵਕੀਲ ਦੀ ਮੌਤ ਜੇ ਸਵੇਰੇ ਹੋਈ ਹੁੰਦੀ ਤਾਂ ਕਈ ਵਕੀਲ ਸ਼ਿਮਲੇ ਤੱਕ ਜਾ ਅਪੜਦੇ ਸਨ। ਕਲੱਬਾਂ ਵਿਚ ਵਕੀਲਾਂ ਦੀ ਦਿਨ ਵੇਲੇ ਅਜਿਹੀ ਭੀੜ ਵੇਖ ਕਲੱਬਾਂ ਦੇ ਹੋਰ ਮੈਂਬਰ ਅਤੇ ਸਟਾਫ਼ ਸਹਿਜੇ ਹੀ ਅੰਦਾਜ਼ਾ ਲਾ ਲੈਂਦੇ ਸਨ ਕਿ ਅੱਜ ਹਾਈ ਕੋਰਟ ਕਿਸੇ ਵਕੀਲ ਦੀ ਮੌਤ ਹੋਈ ਹੈ। ਇਹ ਵਰਤਾਰਾ ਲਗਭਗ ਨੌਵੇਂ ਦਹਾਕੇ ਤੱਕ ਦਾ ਸੀ।
ਜਿਉਂ ਜਿਉਂ ਸਮਾਂ ਪੈਂਦਾ ਗਿਆ, ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਵਿਚਲੇ ਵਕੀਲਾਂ ਦੀ ਗਿਣਤੀ ਵਿਚ ਵੀ ਵਾਧਾ ਹੋਣ ਲੱਗਾ। ਇਲਾਕੇ ਵਿਚ ਅਨੇਕਾਂ ਪ੍ਰਾਈਵੇਟ ਕਾਲਜ ਵੀ ਹੁਣ ਕਾਨੂੰਨ ਦੀਆਂ ਡਿਗਰੀਆਂ ਦੇ ਰਹੇ ਸਨ। ਹਰ ਸਾਲ ਚੋਖੀ ਗਿਣਤੀ ਵਿਚ ਕਾਨੂੰਨ ਦੇ ਵਿਦਿਆਰਥੀ ਪੜਾਈ ਪੂਰੀ ਕਰ, ਵਕਾਲਤ ਦਾ ਲਾਇਸੈਂਸ ਲੈ, ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਦੇ ਮੈਂਬਰ ਬਣ ਰਹੇ ਸਨ। ਬਾਰ ਦੀ ਗਿਣਤੀ ਪੰਜ ਹਜ਼ਾਰ ਤੋਂ ਉੱਪਰ ਅਪੜ੍ਹ ਚੁੱਕੀ ਸੀ। ਹਫ਼ਤੇ ਵਿਚ ਘੱਟੋਖ਼ਘੱਟ ਦੋ ਜਾਂ ਤਿੰਨ ਵਕੀਲ ਇਸ ਫ਼ਾਨੀ ਸੰਸਾਰ ਨੂੰ ਵਿਦਾ ਕਹਿ ਜਾਂਦੇ। ਹਫ਼ਤੇ ਵਿਚ ਦੋ ਜਾਂ ਤਿੰਨ ਦਿਨ ਅਦਾਲਤੀ ਕੰਮਖ਼ਕਾਜ ਠੱਪ ਕਰਨਾ ਵਕੀਲਾਂ ਅਤੇ ਜੱਜਾਂ ਨੂੰ ਜਿਵੇਂ ਹੁਣ ਨਾਵਾਜਿਬ ਜਾਪਣ ਲੱਗਾ।
ਇਸ ਮਸਲੇ ਦੇ ਹੱਲ ਲਈ ਵਕੀਲਾਂ ਦੇ ਜਨਰਲ ਹਾਊਸ ਦੀ ਇਕ ਵਿਸ਼ੇਸ਼ ਇੱਕਤਰਤਾ ਸੱਦੀ ਗਈ। ਅਨੇਕਾਂ ਬੁਲਾਰੇ ਬੋਲੇ। ਕੋਈ ਕਹੇ ‘ਸਾਨੂੰ ਆਪਣੇ ਭੈਣ ਭਰਾ ਦੀ ਮੌਤ ਉੱਤੇ ਅਦਾਲਤੀ ਕੰਮ ਬੰਦ ਰਖਣਾ ਚਾਹੀਦਾ ਹੈ।’ ਇਸ ਤਰਕ ਦੀ ਪ੍ਰੋੜਤਾ ਲਈ ਜਾਨਵਰਾਂ ਅਤੇ ਪੰਛੀਆਂ ਦੀ ਫ਼ਿਤਰਤ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਕਿ ਉਹ ਕਿਵੇਂ ਆਪਣੇ ਸਾਥੀ ਦੀ ਮੌਤ ਮਗਰੋਂ ਸੋਗਮਈ ਹੋ ਇੱਕਠੇ ਹੋ ਜਾਂਦੇ ਹਨ। ਦੂਜਾ ਕਹੇ ‘ਦੇਖੋ…ਹੁਣ ਸਾਡੀ ਬਾਰ ਦੀ ਗਿਣਤੀ ਬਹੁਤ ਵੱਧ ਗਈ ਹੈ, ਇਉਂ ਹਰ ਵਕੀਲ ਦੀ ਮੌਤ ਉਪਰ ਅਦਾਲਤੀ ਕੰਮ ਬੰਦ ਕਰਨਾ ਨਾ ਤਾਂ ਸੰਭਵ ਹੈ ਅਤੇ ਨਾ ਹੀ ਵਾਜਿਬ, ਕਿਉਂਕਿ ਇਸ ਹਿਸਾਬ ਨਾਲ ਤਾਂ ਹਫ਼ਤੇ ਵਿਚ ਦੋਖ਼ਦੋ, ਤਿੰਨਖ਼ਤਿੰਨ ਦਿਨ ਅਦਾਲਤ ਬੰਦ ਰਹੇਗੀ। ਸ਼ਨੀਵਾਰ ਉਂਝ ਹੀ ਛੁੱਟੀ ਹੁੰਦੀ ਹੈ। ਆਪਣੇ ਸਾਥੀ ਦੀ ਮੌਤ ਉਪਰ ਸੋਗ ਜਤਾਉਣ ਦਾ ਸਾਨੂੰ ਕੋਈ ਹੋਰ ਢੰਗ ਲਭਣਾ ਚਾਹੀਦਾ ਹੈ। ਕਲਾਇੰਟ ਵੀ ਤੰਗ ਹੁੰਦੇ ਨੇ।’
ਸੱਭ ਦੀ ਰਾਏ ਭਾਂਪਣ ਮਗਰੋਂ, ਆiਖ਼ਰ ਬਾਰ ਦੇ ਪ੍ਰਧਾਨ ਨੇ ਮਤਾ ਰਖਿਆ, ‘ਅੱਜ ਤੋਂ ਬਾਅਦ ਕਿਸੇ ਵਕੀਲ ਦੀ ਮੌਤ ਉਪਰ ਅਦਾਲਤੀ ਕੰਮ ਬੰਦ ਨਹੀਂ ਕੀਤਾ ਜਾਵੇਗਾ। ਸਾਰੀ ਬਾਰ ਵਲੋਂ ਅਹੁਦੇਾਰ ਅਤੇ ਕਾਰਜਕਾਰਣੀ ਮੈਂਬਰ ਸਸਕਾਰ ਵਿਚ ਸ਼ਾਮਿਲ ਹੋਣਗੇ। ਹਾਂ, ਜਿਹੜੇ ਵਕੀਲ ਨੇ ਸਸਕਾਰ ਉਪਰ ਜਾਣਾ ਹੋਵੇਗਾ, ਉਸ ਦੇ ਕੇਸ ਵਿਚ ਜੱਜ ਸਾਹਿਬ ਨੂੰ ਤਾਰੀਖ ਪਾਉਣ ਲਈ ਕਹਿ ਦਿਤਾ ਜਾਇਆ ਕਰੇਗਾ।’ ਹਾਲੇ ਪ੍ਰਧਾਨ ਨੇ ਮਤੇ ਉਤੇ ਸਹਿਮਤੀ ਬਾਰੇ ਵਕੀਲਾਂ ਨੂੰ ਪੁਛਿਆ ਹੀ ਸੀ ਕਿ ਪਝੱਤਰਾਂ ਨੂੰ ਢੁੱਕ ਚੁੱਕੇ ਐਡਵੋਕੇਟ ਲਾਲ ਚੰਦ ਉਠ ਖੜੋਏ ਅਤੇ ਆਪੇ ਮਾਇਕ ਉਪਰ ਆ ਕੇ ਕਹਿਣ ਲੱਗੇ ‘ਬਈ ਸਾਨੂੰ ਬਜ਼ੁਰਗ ਵਕੀਲਾਂ ਨੂੰ ਇਤਰਾਜ਼ ਐ ਇਸ ਮਤੇ ਉੱਤੇ। ਸਾਰੀ ਉਮਰ ਅਸੀਂ ਸਾਥੀ ਵੀਕਲਾਂ ਦੀ ਮੌਤ ਉੱਤੇ ਅਦਾਲਤੀ ਕੰਮ ਬੰਦ ਕਰਦੇ ਰਹੇ। ਹੁਣ ਜਦ ਸਾਡੀ ਵਾਰੀ ਆਈ ਐ ਤੁਸੀਂ ਰੀਤ ਬਦਲਣ ਬਹਿ ਗਏ।’ ਸਾਰੇ ਹਾਲ ਵਿਚ ਹਾਸੇ ਨਾਲ ਧਮੱਚੜ ਮੱਚ ਗਿਆ। ਖ਼ੈਰ, ਪ੍ਰਧਾਨ ਵੱਲੋਂ ਰਖਿਆ ਮਤਾ, ਆiਖ਼ਰ ਸਰਬ ਸੰਮਤੀ ਨਾਲ ਪਾਸ ਹੋ ਗਿਆ।
ਨਵੇਂ ਮਤੇ ਮੁਤਾਬਿਕ ਹੁਣ ਕਿਸੇ ਵੀ ਵਕੀਲ ਦੀ ਮੌਤ, ਉਸ ਦੇ ਸਸਕਾਰ ਦੇ ਸਮੇਂ ਅਤੇ ਸਥਾਨ ਦਾ ਸੁਨੇਹਾ ਨਵੀਂ ਤਕਨੀਕ ਐਸ.ਐਮ.ਐਸ. ਜਾਂ ਵੱਟਸ ਐਪ ਰਾਹੀਂ ਦਿੱਤਾ ਜਾਣ ਲੱਗਾ। ਇਸ ਫ਼ੈਸਲੇ ਨਾਲ ਜਿਵੇਂ ਜੱਜ, ਵਕੀਲ, ਕਲਾਇੰਟ ਆਦਿ ਸਾਰੀਆਂ ਹੀ ਧਿਰਾਂ ਸੰਤੁਸ਼ਟ ਸਨ। ਜਿਸਨੇ ਸਸਕਾਰ ਉਪਰ ਜਾਣ ਹੁੰਦਾ ਉਸ ਦੇ ਕੇਸ ਵਿਚ ਤਾਰੀਖ ਪੈ ਜਾਂਦੀ, ਜਿਨ੍ਹਾਂ ਨਹੀਂ ਜਾਣਾ ਹੁੰਦਾ ਉਹ ਆਪਣੇ ਅਦਾਲਤੀ ਕੰਮ ਕਰੀ ਜਾਂਦੇ।
ਅੱਜ ਐਡਵੋਕੇਟ ਗੁਰਪਾਲ ਸਿੰਘ ਦੀ ਮੌਤ ਦਾ ਸੁਨੇਹਾ ਐਸ.ਐਮ.ਐਸ. ਰਾਹੀਂ ਸਮੁੱਚੇ ਵਕੀਲਾਂ ਨੂੰ ਆਇਆ। ਸੈਕਟਰ ਇੱਕੀ ਵਿਚ ਰਹਿਣ ਵਾਲੇ ਗੁਰਪਾਲ ਸਿੰਘ ਦਾ, ਜੋ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਮਗਰੋਂ ਵਕਾਲਤ ਕਰਨ ਲੱਗੇ ਸਨ।
ਮਨਮੋਜੀ ਸਨ। ਉਹ ਆਪ ਅਤੇ ਉਹਨਾਂ ਦੀ ਪਤਨੀ, ਦੋਵੇਂ ਪੈਨਸ਼ਨ ਲੈਂਦੇ ਸਨ। ਕਨਾਲ ਦੀ ਕੋਠੀ ਸੀ ਸੈਕਟਰ ਇੱਕੀ ਵਿਚ। ਬੱਚੇ ਅਮਰੀਕਾ ਜਾ ਵਸੇ ਸਨ। ਅੱਧੀ ਕੋਠੀ ਕਿਰਾਏ ਉਪਰ ਦਿਤੀ ਹੋਈ ਸੀ। ਕੇਸ ਘੱਟ ਹੋਣ ਜਾਂ ਵੱਧ, ਬਹੁਤੀ ਪ੍ਰਵਾਹ ਨਹੀਂ ਸਨ ਕਰਦੇ।
‘ਪੱਝਤਰ ਸਾਲ ਦੀ ਉਮਰ ਹੋਗੀ, ਹੁਣ ਕੀ ਟੈਨਸ਼ਨ ਲੈਣੀ ਹੈ। ਬੱਸ ਹਾਈ ਕੋਰਟ ਵਿਚ ਗੇੜਾ ਹੋ ਜਾਂਦੈ। ਦੋਸਤਾਂ ਮਿੱਤਰਾਂ ਨਾਲ ਗੱਪ ਸ਼ੱਪ ਹੋ ਜਾਂਦੀ। ਏਨਾ ਥੋੜੈ’ ਗੁਰਪਾਲ ਅਕਸਰ ਆਪਣੇ ਸਾਥੀ ਵਕੀਲਾਂ ਨੂੰ ਕਹਿੰਦੇ।
ਲੰਮੀ ਬਿਮਾਰੀ ਮਗਰੋਂ ਦੋ ਸਾਲ ਪਹਿਲਾਂ ਐਡਵੋਕੇਟ ਗੁਰਪਾਲ ਸਿੰਘ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਹੁਣ ਉਹ ਹਾਈ ਕੋਰਟ ਘੱਟ ਵੱਧ ਹੀ ਆਉਂਦੇ ਸੀ। ਹਫ਼ਤੇ ਵਿਚ ਮਸੀਂ ਇਕ ਜਾਂ ਦੋ ਵਾਰੀ। ਬੁਝੇਖ਼ਬੁਝੇ ਰਹਿਣ ਲੱਗੇ।
ਅੱਜ ਐਸ.ਐਮ.ਐਸ. ਆਇਆ ਕਿ ਚੰਡੀਗੜ੍ਹ ਦੇ ਸੈਕਟਰ ਇੱਕੀ ਵਾਲੇ ਐਡਵੋਕੇਟ ਗੁਰਪਾਲ ਸਿੰਘ ਦਾ ਸਸਕਾਰ ਚੰਡੀਗੜ੍ਹ ਦੀ ਸਮਸ਼ਾਨ ਭੂਮੀ ਵਿਖ੍ਹੇ ਸ਼ਾਮੀ ਚਾਰ ਵਜੇ ਹੋਵੇਗਾ।
ਸਮਸ਼ਾਨ ਭੂਮੀ ਵਿਚ ਐਡਵੋਕੇਟ ਸੁਖਜਿੰਦਰ ਕੋਈ ਚਾਰ ਵਜ ਕੇ ਪੰਜ ਮਿੰਟ ਉਪਰ ਪਹੁੰਚ ਗਿਆ ਸੀ। ਪ੍ਰੰਤੂ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਦੇ ਇਕ ਮੁਲਾਜ਼ਮ, ਜੋ ਫੁੱਲਾਂ ਦੀ ਰੀਤ ਲੈ ਕੇ ਆਇਆ ਸੀ, ਤੋਂ ਇਲਾਵਾ ਹੋਰ ਕੋਈ ਵਕੀਲ ਹਾਲੇ ਨਹੀਂ ਸੀ ਪੁੱਜਾ। ਸਵਾ ਕੁ ਚਾਰ ਵਜੇ ਇਕ ਵਕੀਲ ਦੀ ਗੱਡੀ ਆਉਂਦੀ ਦਿਸੀ। ਵਿਚੋਂ ਐਡਵੋਕੇਟ ਸਲਾਰੀਆ ਉਤਰੇ। ਐਡਵੋਕੇਟ ਸੁਖਜਿੰਦਰ ਕੋਲ ਆ ਕੇ ਕਹਿਣ ਲੱਗੇ, “ਗੁਰਪਾਲ ਦੀ ਮੌਤ ਬਾਰੇ ਸੁਣ ਕੇ ਬੜਾ ਝਟਕਾ ਲੱਗਾ, ਸੁਖਜਿੰਦਰ… ਮੇਰੀ ਕੋਠੀ ਸੈਕਟਰ ਵੀਹ ਵਿਚ ਹੈ ਅਤੇ ਗੁਰਪਾਲ ਦੀ ਇੱਕੀ ਵਿਚ। ਸੈਕਟਰ ਵੀਹ ਵਾਲੇ ਪਾਰਕ ਵਿਚ ਅਸੀਂ ਰੋਜ਼ ਸਵੇਰੇ ਇਕੱਠੇ ਸੈਰ ਕਰਦੇ ਸੀ। ਹਸੂੰਖ਼ਹਸੂੰ ਕਰਦਾ ਰਹਿੰਦਾ ਸੀ ਗੁਰਪਾਲ। ਮੇਰੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਭਾਣਾ ਵਾਪਾਰ ਜਾਊ।”
“ਮੌਤ ਅੱਗੇ ਕੋਈ ਕੀ ਕਰ ਸਕਦੈ ਸਲਾਰੀਆ ਸਾਹਿਬ”। ਸੁਖਜਿੰਦਰ ਨੇ ਐਡਵੋਕੇਟ ਸਲਾਰੀਆ ਨੂੰ ਧਾਰਸ ਦਿੱਤਾ।
“ਮੇਰੀ ਪਤਨੀ ਕਿਸੇ ਫੰਕਸ਼ਨ ਉਪਰ ਗਈ ਹੋਈ ਸੀ। ਜਦੋਂ ਸਵਾ ਕੁ ਤਿੰਨ ਵਜੇ ਗੁਰਪਾਲ ਦੀ ਡੈੱਥ ਦਾ ਮੈਸੇਜ਼ ਆਇਆ ਤਾਂ ਮੈਂ ਘਰੇ ਇਕਲਾ ਹੀ ਸੀ। ਘਰ ਲਾਕ ਕਰਕੇ, ਮਿਸਿਜ਼ ਨੂੰ ਫੰਕਸ਼ਨ ਵਾਲੀ ਥਾਂ ਉੱਤੇ ਹੀ ਚਾਬੀ ਦੇ ਕੇ, ਮੈਂ ਤਾਂ ਸਿੱਧਾ ਐਥੇ ਹੀ ਆ ਗਿਆ, ਕਰੀਮੇਸ਼ਨ ਗਰਾਉਂਡ ’ਚ।” ਐਡਵੋਕੇਟ ਸਲਾਰੀਆ ਨੇ ਦੱਸਿਆ।
“ਜੀ….” ਸੁਖਜਿੰਦਰ ਇੰਨਾਂ ਹੀ ਕਹਿ ਸਕਿਆ।
“ਰੱਬ ਅੱਗੇ ਕੀਹਦਾ ਜ਼ੋਰ ਐ ਸੁਖਜਿੰਦਰ, ਪਰ ਪਿੱਛੇ ਪਰਿਵਾਰ ਨੂੰ ਔਖਾ ਹੋ ਜਾਣੈ। ਵਕੀਲ ਤਾਂ ਵਨ ਮੈਨ ਆਰਮੀ ਐ, ਵਨ ਮੈਨ। ਗੁਰਪਾਲ ਦਾ ਚਿਹਰਾ ਹਾਲੇ ਵੀ ਅੱਖਾਂ ਮੂਹਰੇ ਘੁੰਮੀ ਜਾਂਦੈ” ਐਡਵੋਕੇਟ ਸਲਾਰੀਆ ਨੇ ਡੂੰਘਾ ਸਾਹ ਲਿਆ। “ਮੌਤ ਦਾ ਕੀ ਪਤਾ ਲਗਦਾ। ਕਦ ਘੇਰ ਲਵੇ। ਉਮਰ ਵੀ ਨਹੀਂ ਦੇਖਦੀ। ਗੁਰਪਾਲ ਘੱਟੋ ਘੱਟ ਮੇਰੇ ਤੋਂ ਪੰਦਰਾਂ ਸਾਲ ਛੋਟਾ ਹੋਵੇਗਾ। ਮਸਾਂ ਪੰਤਾਲੀਆਂ ਦਾ..।” ਇਹ ਕਹਿੰਦਿਆਂ ਐਡਵੋਕੇਟ ਸਲਾਰੀਆ ਦੀਆਂ ਅੱਖਾਂ ਭਰ ਆਈਆਂ।
“…ਜੀ ਐਡਵੋਕੇਟ ਗੁਰਪਾਲ ਜੀ ਤਾਂ… ਪੱਝਤਰਾਂ ਨੂੰ ਟੱਪ ਚੁੱਕੇ ਸਨ।… ਤੁਸੀਂ ਪੰਤਾਲੀ ਕਹਿ ਰਹੇ ਹੋ… ਸਲਾਰੀਆ ਸਾਹਿਬ।” ਸੁਖਜਿੰਦਰ, ਜੋ ਐਡਵੋਕੇਟ ਗੁਰਪਾਲ ਨੂੰ ਨਿੱਜੀ ਤੌਰ ਉੱਤੇ ਜਾਣਦਾ ਸੀ, ਕੁੱਝ ਸ਼ਸੋਪੰਜ ਵਿਚ ਬੋਲਿਆ।
“ਨਹੀਂ ਸੁਖਜਿੰਦਰ, ਗੁਰਪਾਲ ਸਿੰਘ ਮਾਨ ਪੰਤਾਲੀ ਤੋਂ ਉਪਰ ਨਹੀਂ ਸੀ” ਐਡਵੋਕੇਟ ਸਲਾਰੀਆ ਨੇ ਸਪਸ਼ਟ ਸੀ।
“ਤਾਂ ਤੁਹਾਨੂੰ ਭੁਲੇਖਾ ਲੱਗਾ ਸਲਾਰੀਆ ਸਾਹਿਬ। ਡੈਥ ਐਡਵੋਕੇਟ ਗੁਰਪਾਲ ਸਿੰਘ ਮਾਨ ਦੀ ਨਹੀਂ, ਸਗੋਂ ਗੁਰਪਾਲ ਸਿੰਘ ਸਿੱਧੂ ਸਾਹਿਬ ਦੀ ਹੋਈ ਹੈ। ਇੱਕੀ ਸੈਕਟਰ ਵਾਲੇ।” ਸੁਖਜਿੰਦਰ ਨੇ ਸਪਸ਼ਟ ਕੀਤਾ।
“ਉਹੋ..ਉਹੋ ਮੈਂ ਤਾਂ ਐਸ.ਐਮ.ਐਸ. ਵਿਚ ਐਡਵੋਕੇਟ ਗੁਰਪਾਲ ਸਿੰਘ ਤੇ ਸੈਕਟਰ ਇੱਕੀ ਪੜਕੇ ਹੀ ਸੁੰਨ ਰਹਿ ਗਿਆ ਸੀ। ਅਗੇ ਤਾਂ ਪੜਿਆ ਹੀ ਨਹੀਂ। ਕੁਝ ਸੁਝਿਆ ਹੀ ਨਹੀਂ। ਚਲੋ ਸ਼ੁਕਰ ਐ ਗੁਰਪਾਲ ਸਿੰਘ ਮਾਨ ਠੀਕ ਠਾਕ ਹਨ। ਦੇਖਿਓ, ਰੱਬ ਗੁਰਪਾਲ ਮਾਨ ਦੀ ਹੁਣ ਕਿੰਨੀ ਲੰਮੀ ਉਮਰ ਕਰਦੈ।… ਸ਼ੁਕਰ ਐ।
ਐਡਵੋਕੇਟ ਸਲਾਰੀਆ ਦੇ ਚਿੰਤਾਜਨਕ ਚਿਹਰੇ ਉਪਰ ਹੁਣ ਇਕ ਸੰਤੋਸ਼ ਪਸਰ ਗਿਆ। ਕੁਝ ਹੋਰ ਵਕੀਲ ਅਤੇ ਰਿਸ਼ਤੇਦਾਰ ਵੀ ਹੁਣ ਗੁਰਪਾਲ ਸਿੰਘ ਸਿੱਧੂ ਦੀ ਫਿਉਨਰਲ ਵੈਨ ਨਾਲ ਸਮਸ਼ਾਨ ਭੂਮੀ ਵਿਚ ਪਹੁੰਚ ਗਏ ਸਨ।
ਸੱਭ ਤੋਂ ਅੱਖ ਬਚਾ, ਐਡਵੋਕੇਟ ਸਲਾਰੀਆ ਆਪਣੀ ਗੱਡੀ ਸਟਾਰਟ ਕਰਦਿਆਂ, ਆਪਣੀ ਪਤਨੀ ਨੂੰ ਗੁਰਪਾਲ ਮਾਨ ਦੇ ਠੀਕ-ਠਾਕ ਹੋਣ ਦੀ ਖ਼ੁਸ਼ਖਬਰੀ ਦਿੰਦਿਆਂ, ਡਿਨਰ ਬਾਹਰ ਕਰਨ ਦਾ ਪ੍ਰੋਗਰਾਮ ਬਣਾ ਰਿਹਾ ਸੀ।
ਸ਼ੁਕਰ ਐ…
-ਰੰਜੀਵਨ ਸਿੰਘ
Comment here