ਖਬਰਾਂ

ਵੈਸ਼ਨੋ ਦੇਵੀ ਮੰਦਰ ’ਚ ਭਾਜੜ ਦੌਰਾਨ 12 ਹਲਾਕ, 26 ਜ਼ਖਮੀ

ਕਟੜਾ-ਨਵੇਂ ਸਾਲ ਦੀ ਸ਼ੁਰੂਆਤ ਮੌਕੇ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਮਚੀ ਭਗਦੜ ’ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖਮੀ ਹੋ ਗਏ। ਭਾਜੜ ਤ੍ਰਿਕੁਟਾ ਪਹਾੜੀਆਂ ’ਤੇ ਸਥਿਤ ਮੰਦਰ ਦੇ ਪਾਵਨ ਅਸਥਾਨ ਦੇ ਬਾਹਰ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਭਾਜੜ ਮੱਚ ਗਈ।
ਬੋਰਡ ਦੇ ਸੀਨੀਅਰ ਅਧਿਕਾਰੀ ਅਤੇ ਨੁਮਾਇੰਦੇ ਮੌਕੇ ’ਤੇ ਮੌਜੂਦ ਹਨ। ਅਧਿਕਾਰੀਆਂ ਨੇ ਦੱਸਿਆ ਕਿ 12 ਲੋਕ ਮ੍ਰਿਤਕ ਪਾਏ ਗਏ ਹਨ ਅਤੇ ਲਾਸ਼ਾਂ ਨੂੰ ਪਛਾਣ ਅਤੇ ਹੋਰ ਕਾਨੂੰਨੀ ਕਾਰਵਾਈ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਘੱਟੋ-ਘੱਟ 26 ਲੋਕਾਂ ਨੂੰ ਮਾਤਾ ਵੈਸ਼ਨੋ ਦੇਵੀ ਨਰਾਇਣ ਸੁਪਰਸਪੈਸ਼ਲਿਟੀ ਹਸਪਤਾਲ ਸਮੇਤ ਹੋਰਾਂ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ ਅਤੇ ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਭਵਨ ਵਿੱਚ ਮਚੀ ਭਗਦੜ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 26 ਲੋਕ ਜ਼ਖ਼ਮੀ ਹਨ। ਇਹ ਘਟਨਾ ਕਰੀਬ 2:45 ਵਜੇ ਵਾਪਰੀ। ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਕੁਝ ਲੋਕਾਂ ਵਿਚ ਤਕਰਾਰ ਹੋ ਗਈ ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਜੋ ਭਗਦੜ ਵਿਚ ਬਦਲ ਗਿਆ।
ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ- ਮੈਂ ਮਾਤਾ ਵੈਸ਼ਨੋ ਦੇਵੀ ਭਵਨ ’ਚ ਭਗਦੜ ’ਚ ਲੋਕਾਂ ਦੀ ਮੌਤ ਤੋਂ ਬਹੁਤ ਦੁਖੀ ਹਾਂ। ਦੁਖੀ ਪਰਿਵਾਰਾਂ ਨਾਲ ਹਮਦਰਦੀ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਪੀਐਮ ਮੋਦੀ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦੇ ਕਟੜਾ ਵਿੱਚ ਮਾਤਾ ਵੈਸ਼ਨੋ ਦੇਵੀ ਭਵਨ ਵਿੱਚ ਭਗਦੜ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਪੀਐਮਐਨਆਰਐਫ ਵੱਲੋਂ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।

 ਤੀਰਥ ਸਥਾਨਾਂ ’ਤੇ ਭਗਦੜ ਦੀਆਂ ਘਟਨਾਵਾਂ ਵਾਪਰੀਆਂ-

ਕਰੂਪਾਸਾਮੀ ਮੰਦਰ, ਸਾਲ 2019
21 ਅਪ੍ਰੈਲ 2019 ਨੂੰ ਤਾਮਿਲਨਾਡੂ ਦੇ ਤ੍ਰਿਚੀ ’ਚ ਕਰੁਪਾਸਾਮੀ ਮੰਦਰ ਵਿੱਚ ਭਗਦੜ ਦੌਰਾਨ ਲਗਪਗ ਸੱਤ ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ 10 ਹੋਰ ਲੋਕ ਗੰਭੀਰ ਜ਼ਖਮੀ ਹੋ ਗਏ। ਹਾਦਸੇ ’ਤੇ ਦੁੱਖ ਪ੍ਰਗਟ ਕਰਦੇ ਹੋਏ ਪੀਐਮ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਘਟਨਾ ’ਚ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ ਸੀ। ਇਹ ਘਟਨਾ ਚਿਤਰਾ ਪੂਰਨਿਮਾ ਦੀ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਮੰਦਰ ’ਚ ਪੂਜਾ ਕਰਨ ਲਈ ਇਕੱਠੇ ਹੋਏ ਸ਼ਰਧਾਲੂਆਂ ਵਿਚਕਾਰ ਭਗਦੜ ਮੱਚ ਗਈ।
ਸਬਰੀਮਾਲਾ ਮੰਦਰ, ਸਾਲ 2017
ਦੱਖਣੀ ਭਾਰਤ ਦੇ ਕੇਰਲਾ ’ਚ ਸਬਰੀਮਾਲਾ ਮੰਦਰ ’ਚ ਸਾਲ 2017 ਵਿਚ ਭਗਦੜ ਦੌਰਾਨ ਵੱਡੀ ਗਿਣਤੀ ’ਚ ਲੋਕ ਜ਼ਖਮੀ ਹੋਏ ਸਨ। ਸਬਰੀਮਾਲਾ ਮੰਦਰ ’ਚ ਹੋਏ ਇਸ ਹਾਦਸੇ ’ਚ ਕੁੱਲ 25 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਸੀ। ਇਨ੍ਹਾਂ ’ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਗਈ ਸੀ। ਹਾਦਸੇ ਦੇ ਬਾਅਦ ਤੋਂ ਹੀ ਮੰਦਰ ’ਚ ਸ਼ਰਧਾਲੂਆਂ ਦੇ ਪ੍ਰਵੇਸ਼ ਲਈ ਸਖਤ ਨਿਯਮ ਬਣਾਏ ਗਏ ਹਨ। 2017 ’ਚ ਮਚੀ ਭਗਦੜ 41 ਦਿਨਾਂ ਦੀ ਮੰਡਲਾ ਪੂਜਾ ਦੀ ਸਮਾਪਤੀ ਤੋਂ ਇੱਕ ਦਿਨ ਪਹਿਲਾਂ ਹੋਈ ਸੀ। ਮੰਦਰ ’ਚ ਸ਼ਰਧਾਲੂਆਂ ਦੀ ਭਾਰੀ ਭੀੜ ਸੀ ਅਤੇ ਜਦੋਂ ਮੰਡਲ ਪੂਜਾ ’ਚ ਭਗਵਾਨ ਅਯੱਪਾ ਦੁਆਰਾ ਪਹਿਨੇ ਗਏ ਗਹਿਣਿਆਂ ਨੂੰ ਲੈ ਕੇ ਪਵਿੱਤਰ ’ਥੰਗਾ ਅੰਗੀ’ ਜਲੂਸ ਮੰਦਰ ਪੁੱਜਾ ਤਾਂ ਉਨ੍ਹਾੰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ’ਚ ਭਗਦੜ ਮਚ ਗਈ ਜਿਸ ਵਿਚ ਕਰੀਬ 25 ਲੋਕ ਜ਼ਖ਼ਮੀ ਹੋਏ ਸਨ।
ਗਰੀਬਨਾਥ ਮੰਦਰ, ਸਾਲ 2018
ਬਿਹਾਰ ਦੇ ਮੁਜ਼ੱਫਰਪੁਰ ਦੇ ਗਰੀਬਨਾਥ ਮੰਦਰ ’ਚ 13 ਅਗਸਤ 2018 ਨੂੰ ਮਚੀ ਭਗਦੜ ’ਚ ਲਗਪਗ 15 ਲੋਕ ਜ਼ਖਮੀ ਹੋ ਗਏ ਸਨ। ਹਾਦਸੇ ਤੋਂ ਬਾਅਦ ਜਾਂਚ ’ਚ ਸਾਹਮਣੇ ਆਇਆ ਕਿ ਮੰਦਰ ’ਚ ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਭਗਦੜ ਦੀ ਸਥਿਤੀ ਬਣੀ ਹੋਈ ਸੀ। ਗਰੀਬਨਾਥ ਮੰਦਰ ਭਗਵਾਨ ਭੋਲੇ ਸ਼ੰਕਰ ਦਾ ਪ੍ਰਸਿੱਧ ਸਥਾਨ ਹੈ। ਹਿੰਦੂ ਕੈਲੰਡਰ ਦੇ ਅਨੁਸਾਰ ਸਾਉਣ ਮਹੀਨੇ ਦੇ ਤੀਜੇ ਸੋਮਵਾਰ ਨੂੰ ਮੰਦਰ ’ਚ ਵੱਡੀ ਗਿਣਤੀ ’ਚ ਸ਼ਰਧਾਲੂ ਇਕੱਠੇ ਹੋਏ ਸਨ। ਇਸ ਦੌਰਾਨ ਸ਼ਿਵਲਿੰਗ ’ਤੇ ਜਲ ਚੜ੍ਹਾਉਣ ਤੇ ਦਰਸ਼ਨਾਂ ਨੂੰ ਲੈ ਕੇ ਭਗਦੜ ਮੱਚ ਗਈ।
ਅਸ਼ੋਕ ਧਾਮ ਮੰਦਰ, ਸਾਲ 2019
ਲਖੀਸਰਾਏ, ਬਿਹਾਰ ਸਥਿਤ ਅਸ਼ੋਕ ਧਾਮ ਮੰਦਰ ’ਚ 12 ਅਗਸਤ 2019 ਨੂੰ ਹੋਈ ਭਗਦੜ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਅਸ਼ੋਕ ਧਾਮ ਮੰਦਰ ਨੂੰ ਇੰਦਰਦੇਵੰਸਵਰ ਮਹਾਦੇਵ ਮੰਦਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਸਥਾਪਿਤ ਸ਼ਿਵਲਿੰਗ ਦਾ ਖਾਸ ਮਹੱਤਵ ਹੈ। 11 ਫਰਵਰੀ 199 ਨੂੰ, ਜਗਨਨਾਥਪੁਰੀ ਦੇ ਸ਼ੰਕਰਾਚਾਰੀਆ ਨੇ ਮੰਦਰ ਕੰਪਲੈਕਸ ਦੇ ਪੁਨਰਨਿਰਮਾਣ ਦਾ ਉਦਘਾਟਨ ਕੀਤਾ।
ਸ਼੍ਰੀ ਨੈਣਾ ਦੇਵੀ 2008 ਹਾਦਸਾ
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ’ਚ ਸਥਿਤ ਉੱਤਰੀ ਭਾਰਤ ਦੀ ਮਸ਼ਹੂਰ ਸ਼ਕਤੀ ਪੀਠ ਸ਼੍ਰੀਨੈਣਾ ਦੇਵੀ ’ਛ ਵੀ ਮੰਦਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਿਵਸਥਾਵਾਂ ਸਬੰਧੀ ਚੌਕਸ ਹੋ ਗਿਆ ਹੈ। ਕਾਬਿਲੇਗ਼ੌਰ ਹੈ ਕਿ ਇੱਥੇ ਵੀ ਸਾਲ 2008 ’ਚ ਭਾਜੜ ਮਚ ਜਾਣ ਨਾਲ ਕਰੀਬ 145 ਲੋਕਾਂ ਦੀ ਜਾਨ ਚਲੀ ਗਈ ਸੀ।

Comment here