ਲੰਡਨ-ਰਾਹੁਲ ਗਾਂਧੀ ਦੀ ‘ਮੋਦੀ ਸਰਨੇਮ’ ਵਾਲੀ ਟਿੱਪਣੀ ‘ਤੇ ਸਿਆਸਤ ਜਾਰੀ ਹੈ। ਭਾਰਤ ‘ਚ ਵਿੱਤੀ ਬੇਨਿਯਮੀਆਂ ਦੇ ਦੋਸ਼ੀ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਸਾਬਕਾ ਮੁਖੀ ਲਲਿਤ ਮੋਦੀ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਕੀਤਾ ਅਤੇ ‘ਮੋਦੀ ਸਰਨੇਮ’ ਵਾਲੀ ਟਿੱਪਣੀ ਲਈ ਉਹਨਾਂ ‘ਤੇ ਬ੍ਰਿਟੇਨ ਦੀ ਅਦਾਲਤ ਵਿਚ ਮੁਕੱਦਮਾ ਕਰਨ ਦੀ ਧਮਕੀ ਦਿੱਤੀ। ਲਲਿਤ ਮੋਦੀ (59) ਨੇ ਹੁਣ ਤੱਕ ਕਿਸੇ ਦੋਸ਼ ਵਿੱਚ ਦੋਸ਼ੀ ਨਾ ਠਹਿਰਾਏ ਜਾਣ ਦੇ ਬਾਵਜੂਦ ਖ਼ੁਦ ਨੂੰ “ਭਗੌੜਾ” ਦੱਸਣ ਲਈ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਿਆ। ਟਵੀਟਾਂ ਦੀ ਇੱਕ ਲੜੀ ਵਿੱਚ, ਲਲਿਤ ਮੋਦੀ ਨੇ ਖ਼ੁਦ ਨੂੰ “ਇਸ ਦੁਨੀਆ ਦੇ ਸਭ ਤੋਂ ਵੱਡੇ ਖੇਡ ਸਮਾਗਮ” ਦੇ ਪਿੱਛੇ ਸ਼ਖਸੀਅਤ ਦੱਸਦਿਆਂ ਦਾਅਵਾ ਕੀਤਾ ਕਿ ਇਸ ਨਾਲ 100 ਬਿਲੀਅਨ ਡਾਲਰ ਦੀ ਕਮਾਈ ਹੋਈ ਹੈ। ਲਲਿਤ ਨੇ ਆਪਣੇ ਦਾਦਾ-ਦਾਦੀ ਦੀਆਂ ਤਸਵੀਰਾਂ ਪੋਸਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਭਾਰਤ ਲਈ ਗਾਂਧੀ ਪਰਿਵਾਰ ਨਾਲੋਂ ਵੱਧ ਯੋਗਦਾਨ ਪਾਇਆ ਹੈ।
ਉਨ੍ਹਾਂ ਕਿਹਾ ਕਿ ”ਮੈਂ ਰਾਹੁਲ ਗਾਂਧੀ ਖ਼ਿਲਾਫ਼ ਬ੍ਰਿਟੇਨ ਦੀ ਅਦਾਲਤ ‘ਚ ਜਾਣ ਦਾ ਫ਼ੈਸਲਾ ਕੀਤਾ ਹੈ। ਮੈਨੂੰ ਯਕੀਨ ਹੈ ਕਿ ਉਹ ਕੋਈ ਠੋਸ ਸਬੂਤ ਲੈ ਕੇ ਆਵੇਗਾ। ਮੈਂ ਉਸ ਨੂੰ ਪੂਰੀ ਤਰ੍ਹਾਂ ਮੂਰਖ ਬਣਦੇ ਦੇਖਣ ਦੀ ਉਮੀਦ ਕਰ ਰਿਹਾ ਹਾਂ।” ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ‘ਤੇ ਲਲਿਤ ਮੋਦੀ ਦਾ ਹਮਲਾ ਉਸ ਦੇ ‘ਮੋਦੀ ਸਰਨੇਮ’ ਟਿੱਪਣੀ ‘ਤੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਕੁਝ ਦਿਨ ਬਾਅਦ ਆਇਆ ਹੈ ਅਤੇ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ। ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰਾਹੁਲ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਲਈ ਅਯੋਗ ਕਰਾਰ ਦਿੱਤਾ ਗਿਆ ਸੀ। ਇੱਕ ਟਵੀਟ ਵਿੱਚ ਲਲਿਤ ਮੋਦੀ ਨੇ ਕਾਂਗਰਸ ਦੇ ਕਈ ਨੇਤਾਵਾਂ ‘ਤੇ ਗਾਂਧੀ ਪਰਿਵਾਰ ਲਈ ਫੰਡ ਇਕੱਠਾ ਕਰਨ ਅਤੇ ਵਿਦੇਸ਼ਾਂ ਵਿੱਚ ਜਾਇਦਾਦ ਰੱਖਣ ਦਾ ਦੋਸ਼ ਲਗਾਇਆ।
Comment here