ਚੰਡੀਗੜ੍ਹ-ਬੀਤੇ ਦਿਨੀ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ‘ਚ ਅਣਗਹਿਲੀ ‘ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਸ ਘਟਨਾ ਲਈ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਸਵਾਲ ਚੁੱਕੇ ਹੋਏ ਟਵੀਟ ਕੀਤਾ, “ਪੰਜਾਬ ਦੇ ਇਕ-ਇਕ ਵਿਅਕਤੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ‘ਤੇ ਹੈ, ਭਾਵੇਂ ਕਿੰਨੇ ਵੀ ਸਿਆਸੀ ਮਤਭੇਦ ਕਿਉਂ ਨਾ ਹੋਣ। ਪਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕਮੀ ਬਹੁਤ ਚਿੰਤਾਜਨਕ ਹੈ!”
ਮਾਨ ਨੇ ਪੰਜਾਬ ਸਰਕਾਰ ਦੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਸਰਕਾਰ ਨੂੰ ਪਤਾ ਸੀ ਕਿ ਪ੍ਰਧਾਨ ਮੰਤਰੀ ਦੀ ਰੈਲੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਉਸ ਰੂਟ ‘ਤੇ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਗਏ। ਮਾਨ ਨੇ ਚੰਨੀ ਸਰਕਾਰ ਨੂੰ ਬਹੁਤ ਹੀ ਅਸਥਿਰ ਅਤੇ ਕਮਜ਼ੋਰ ਸਰਕਾਰ ਦੱਸਦਿਆਂ ਕਿਹਾ ਕਿ ਕਾਂਗਰਸ ਦੀ ਕਮਜ਼ੋਰ ਸਰਕਾਰ ਕਾਰਨ ਹੀ ਪੰਜਾਬ ‘ਚ ਇਨ੍ਹੀਂ ਦਿਨੀਂ ਬੰਬ ਧਮਾਕੇ ਅਤੇ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਾਂਗਰਸ ਦੀ ਆਪਸੀ ਫੁੱਟ ਕਾਰਨ ਪੰਜਾਬ ਦੀ ਸੁਰੱਖਿਆ ਵਿਵਸਥਾ ਢਹਿ-ਢੇਰੀ ਹੋ ਗਈ ਹੈ ਅਤੇ ਇਸ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਕਾਂਗਰਸ ਸਰਕਾਰ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਰਾਖੀ ਕਰਨ ‘ਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਇਹ ਘਟਨਾ ਸਪੱਸ਼ਟ ਤੌਰ ‘ਤੇ ਸਰਕਾਰ ਦੀ ਸੁਰੱਖਿਆ ਅਤੇ ਖੁਫੀਆ ਤੰਤਰ ਦੀ ਅਸਫਲਤਾ ਹੈ।
ਮਾਨ ਨੇ ਹੈਰਾਨੀ ਪ੍ਰਗਟਾਈ ਕਿ ਕਾਂਗਰਸ ਸਰਕਾਰ ਦੀ ਨਾਕਾਮੀ ਕਾਰਨ ਪੂਰੇ ਦੇਸ਼ ‘ਚ ਪੰਜਾਬ ਦਾ ਨਾਂ ਬਦਨਾਮ ਹੋਇਆ ਹੈ। ਅੱਜ ਪੂਰੇ ਦੇਸ਼ ‘ਚ ਪੰਜਾਬ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਅਜਿਹੀਆਂ ਘਟਨਾਵਾਂ ਸੂਬੇ ਦੇ ਅਕਸ ਨੂੰ ਢਾਹ ਲਗਾਉਂਦੀਆਂ ਹਨ। ਪਰ ਕੁਰਸੀ ਲਈ ਆਪਸ ‘ਚ ਲੜ ਰਹੇ ਕਾਂਗਰਸੀ ਆਗੂਆਂ ਨੂੰ ਪੰਜਾਬ ਦੇ ਅਕਸ ਅਤੇ ਮਾਣ ਦੀ ਕੋਈ ਚਿੰਤਾ ਨਹੀਂ ਹੈ। ਮਾਨ ਨੇ ਦੋਸ਼ ਲਾਇਆ ਕਿ ਸੂਬੇ ਦੇ ਗ੍ਰਹਿ ਮੰਤਰੀ ‘ਤੇ ਪੈਸੇ ਲੈ ਕੇ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਦੋਸ਼ ਲੱਗ ਰਹੇ ਹਨ ਅਤੇ ਤਿੰਨ ਮਹੀਨਿਆਂ ‘ਚ ਤੀਜੀ ਵਾਰ ਡੀ.ਜੀ.ਪੀ. ਦੀ ਬਦਲੀ ਹੋਣ ਵਾਲੀ ਹੈ। ਮੁੱਖ ਮੰਤਰੀ ‘ਤੇ ਖੁਦ ਮਾਫੀਆ ਨਾਲ ਮਿਲੇ ਹੋਣ ਦਾ ਦੋਸ਼ ਹੈ। ਅਜਿਹੀ ਸਰਕਾਰ ਤੋਂ ਚੰਗੇ ਸ਼ਾਸਨ ਅਤੇ ਲੋਕਾਂ ਦੀ ਸੁਰੱਖਿਆ ਦੀ ਆਸ ਕਰਨੀ ਵਿਅਰਥ ਹੈ। ਸੱਤਾ ‘ਚ ਬੈਠੀ ਟਰਾਂਸਫਰ-ਪੋਸਟਿੰਗ ਦਾ ਕਾਰੋਬਾਰ ਚਲਾਉਣ ਵਾਲੀ ਪਾਰਟੀ ਕਦੇ ਵੀ ਪੰਜਾਬ ਦੀ ਰਾਖੀ ਨਹੀਂ ਕਰ ਸਕਦੀ।
Comment here