ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਵਿੱਚ ਵਿਸ਼ੇਸ਼ ਫੌਜੀ ਕਾਰਵਾਈ ਦੀ ਘੋਸ਼ਣਾ ਨੂੰ “ਮੇਰੇ ਕਾਰਜਕਾਲ ਦਾ ਸਭ ਤੋਂ ਦੁਖਦਾਈ ਪਲ” ਕਰਾਰ ਦਿੱਤਾ ਹੈ, ਜਦੋਂ ਕਿ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਨੇ “ਬਿਨਾਂ ਭੜਕਾਹਟ ਅਤੇ ਗੈਰ-ਵਾਜਬ” ਕਾਰਵਾਈ ਲਈ ਰੂਸੀ ਨੇਤਾ ਦੀ ਨਿੰਦਾ ਕੀਤੀ ਹੈ। ਪੁਤਿਨ ਨੇ ਵੀਰਵਾਰ ਨੂੰ ਪੂਰਬੀ ਯੂਕਰੇਨ ’ਚ ਵਿਸ਼ੇਸ਼ ਫੌਜੀ ਕਾਰਵਾਈ ਦਾ ਐਲਾਨ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕਦਮ ਦਾ ਉਦੇਸ਼ ਨਾਗਰਿਕਾਂ ਦੀ ਸੁਰੱਖਿਆ ਕਰਨਾ ਹੈ। ਟੈਲੀਵਿਜ਼ਨ ’ਤੇ ਇਕ ਸੰਬੋਧਨ ’ਚ ਪੁਤਿਨ ਨੇ ਕਿਹਾ ਕਿ ਯੂਕਰੇਨ ਤੋਂ ਪੈਦਾ ਹੋਏ ਖ਼ਤਰਿਆਂ ਦੇ ਜਵਾਬ ’ਚ ਰੂਸ ਨੇ ਉੱਥੇ ਇਕ ਵਿਸ਼ੇਸ਼ ਫੌਜੀ ਮੁਹਿੰਮ ਸ਼ੁਰੂ ਕਰਨ ਦਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਦੂਜੇ ਦੇਸ਼ਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਰੂਸੀ ਕਾਰਵਾਈ ’ਚ ਦਖ਼ਲ ਦੇਣ ਦੀ ਕਿਸੇ ਵੀ ਕੋਸ਼ਿਸ਼ ਦੇ ‘ਅਜਿਹੇ ਨਤੀਜੇ ਹੋਣਗੇ, ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖੇ ਹੋਣਗੇ।’ ਗੁਤਾਰੇਸ ਨੇ ਕਿਹਾ, ‘‘ਸੰਯੁਕਤ ਰਾਸ਼ਟਰ ਦੇ ਮੁਖੀ ਵਜੋਂ ਮੇਰੇ ਕਾਰਜਕਾਲ ਦੌਰਾਨ ਇਹ ਇਕ ਦੁਖ਼ਦ ਪਲ ਹੈ। ਮੈਂ ਸੁਰੱਖਿਆ ਪ੍ਰੀਸ਼ਦ ਦੀ ਇਸ ਮੀਟਿੰਗ ਦੀ ਸ਼ੁਰੂਆਤ ਰਾਸ਼ਟਰਪਤੀ ਪੁਤਿਨ ਨੂੰ ਸੰਬੋਧਿਤ ਕਰਦੇ ਹੋਏ ਅਤੇ ਉਨ੍ਹਾਂ ਨੂੰ ਇਹ ਕਹਿੰਦਿਆਂ ਕੀਤੀ ਸੀ ਕਿ ਆਪਣੇ ਫੌਜੀਆਂ ਨੂੰ ਯੂਕਰੇਨ ’ਤੇ ਹਮਲਾ ਕਰਨ ਤੋਂ ਰੋਕਣ, ਸ਼ਾਂਤੀ ਦਾ ਰਸਤਾ ਚੁਣਨ ਕਿਉਂਕਿ ਪਹਿਲਾਂ ਹੀ ਬਹੁਤ ਸਾਰੀਆਂ ਜਾਨਾਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਚੱਲ ਰਹੀ ਸੀ ਕਿ ਪੁਤਿਨ ਨੇ ਡੋਨਬਾਸ ’ਚ ‘ਵਿਸ਼ੇਸ਼ ਫ਼ੌਜੀ ਮੁਹਿੰਮ’ ਦਾ ਐਲਾਨ ਕੀਤਾ। ਸਕੱਤਰ ਜਨਰਲ ਨੇ ਕਿਹਾ, ‘‘ਇਸ ਮੌਜੂਦਾ ਸਥਿਤੀ ’ਚ ਮੈਨੂੰ ਆਪਣੀ ਅਪੀਲ ਬਦਲਣੀ ਹੋਵੇਗੀ।’’ ਉਨ੍ਹਾਂ ਨੇ ਕਿਹਾ ਕਿ ‘‘ਮੈਨੂੰ ਕਹਿਣਾ ਪਵੇਗਾ ਰਾਸ਼ਟਰਪਤੀ ਪੁਤਿਨ ਮਨੁੱਖਤਾ ਦੇ ਨਾਂ ’ਤੇ ਰੂਸ ਵਿਚ ਆਪਣੇ ਫੌਜੀਆਂ ਨੂੰ ਵਾਪਸ ਲਿਆਵੇ। ਮਨੁੱਖਤਾ ਦੇ ਨਾਂ ’ਤੇ ਯੂਰਪ ਵਿਚ ਇਸ ਨੂੰ ਸ਼ੁਰੂ ਕਰਨ ਦੀ ਇਜਾਜ਼ਤ ਨਾ ਦਿਓ, ਜੋ ਸਦੀ ਦੀ ਸ਼ੁਰੂਆਤ ਦੇ ਬਾਅਦ ਤੋਂ ਸਭ ਤੋਂ ਭਿਆਨਕ ਯੁੱਧ ਹੋ ਸਕਦਾ ਹੈ, ਜਿਸ ਦੇ ਨਤੀਜੇ ਨਾ ਸਿਰਫ ਯੂਕਰੇਨ ਲਈ ਵਿਨਾਸ਼ਕਾਰੀ ਹਨ, ਨਾ ਸਿਰਫ ਰੂਸੀ ਸੰਘ ਲਈ ਦੁਖ਼ਦ ਹਨ, ਸਗੋਂ ਪੂਰੇ ਸੰਸਾਰ ਲਈ ਦੁਖ਼ਦ ਹਨ।’
Comment here