ਅਪਰਾਧਸਿਆਸਤਖਬਰਾਂ

ਮਨੀਕਰਨ ਝੜਪ : ਨਾਗਰਿਕ ਫਰਜ਼ੀ ਖ਼ਬਰਾਂ ਨਾ ਫੈਲਾਉਣ-ਡੀ.ਜੀ.ਪੀ.

ਸ਼ਿਮਲਾ-ਇਥੋਂ ਦੀ ਪੁਲਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਨੀਕਰਨ ਸਾਹਿਬ ‘ਚ ਇਕ ਮੇਲੇ ਦੌਰਾਨ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਵਿਚਾਲੇ ਹੋਈ ਝੜਪ ‘ਚ ਕੁਝ ਘਰਾਂ, ਦੁਕਾਨਾਂ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਉਨ੍ਹਾਂ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ, ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਸੈਲਾਨੀਆਂ ਦੇ ਕੁਝ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸ ਘਟਨਾ ਦੀ 21 ਸੈਕਿੰਡ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ‘ਚ ਪੰਜਾਬ ਤੋਂ ਆਏ ਸ਼ਰਧਾਲੂ ਗੁਰਦੁਆਰਾ ਮਨੀਕਰਨ ਸਾਹਿਬ ਨੇੜੇ ਸਥਾਨਕ ਵਾਸੀਆਂ ਦੇ ਘਰਾਂ ‘ਤੇ ਪਥਰਾਅ ਕਰਦੇ ਦੇਖੇ ਜਾ ਸਕਦੇ ਹਨ। ਕੁੱਲੂ ਦੀ ਪੁਲਸ ਸੁਪਰਡੈਂਟ ਸਾਕਸ਼ੀ ਵਰਮਾ ਨੇ ਦੱਸਿਆ ਕਿ ਮੇਲੇ ਦੌਰਾਨ ਸਥਾਨਕ ਲੋਕਾਂ ਅਤੇ ਸ਼ਰਧਾਲੂਆਂ ਵਿਚਕਾਰ ਝੜਪ ਹੋ ਗਈ। ਘਟਨਾ ਵਿਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਝੜਪ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਇਸ ਘਟਨਾ ਬਾਬਤ ਹਿਮਾਚਲ ਪ੍ਰਦੇਸ਼ ਦੇ ਪੁਲਸ ਜਨਰਲ ਡਾਇਰੈਕਟਰ (ਡੀ. ਜੀ. ਪੀ.) ਸੰਜੇ ਕੁੰਡੂ ਨੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਹਿਮਾਚਲ ਦੇ ਡੀ. ਜੀ. ਪੀ. ਨੇ ਕਿਹਾ ਇਹ ਬੀਤੀ ਰਾਤ ਅਤੇ ਤੜਕੇ ਦੀ ਮਨੀਕਰਨ ਸਾਹਿਬ ਘਟਨਾ ਨਾਲ ਸਬੰਧਤ ਹੈ। ਝੂਠੀਆਂ ਖ਼ਬਰਾਂ ਅਤੇ ਅਫਵਾਹਾਂ ਦੇ ਸ਼ਿਕਾਰ ਨਾ ਹੋਵੋ। ਸਾਰੇ ਸੈਲਾਨੀਆਂ ਅਤੇ ਸ਼ਰਧਾਲੂਆਂ ਦਾ ਹਿਮਾਚਲ ਪ੍ਰਦੇਸ਼ ‘ਚ ਸਵਾਗਤ ਹੈ।
ਓਧਰ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਮਨੀਕਰਨ ਸਾਹਿਬ ‘ਚ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ ਅਤੇ ਮੈਂ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾ ਕੇ ਰੱਖਣ ਦੀ ਅਪੀਲ ਕਰਦਾ ਹਾਂ। ਮੈਂ ਹਿਮਾਚਲ ਪ੍ਰਦੇਸ਼ ਦੇ ਡੀ. ਜੀ. ਪੀ. ਨਾਲ ਗੱਲ ਕੀਤੀ ਹੈ। ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਮਿਲ ਕੇ ਕੰਮ ਕਰ ਰਹੇ ਹਾਂ। ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਫਰਜ਼ੀ ਖ਼ਬਰਾਂ ਨਾ ਫੈਲਾਉਣ।

Comment here