ਖੇਡ ਖਿਡਾਰੀਵਿਸ਼ੇਸ਼ ਲੇਖ

ਭਾਰਤੀ ਬੈਡਮਿੰਟਨ ਦੇ ਇਤਿਹਾਸ ’ਚ ਪ੍ਰਕਾਸ਼ ਪਾਦੂਕੋਨ ਤੋਂ ਪੀ. ਵੀ. ਸਿੰਧੂ ਦਾ ਯੋਗਦਾਨ

-ਪ੍ਰੋਫੈਸਰ ਜਤਿੰਦਰ ਬੀਰ ਸਿੰਘ
ਭਾਰਤੀ ਬੈਡਮਿੰਟਨ ਦਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ। ਜਦੋਂ ਪਹਿਲੀ ਵਾਰੀ ਪ੍ਰਕਾਸ਼ ਪਾਦੂਕੋਨ ਨੇ ਬੈਡਮਿੰਟਨ ਵਿਚ ਜੂਨੀਅਰ ਤੇ ਸੀਨੀਅਰ ਦੇ ਦੋਵੇਂ ਤਗਮੇ ਇਕ ਸਾਲ ਵਿਚ ਹੀ ਆਪਣੀ ਝੋਲੀ ਵਿਚ ਪਾਏ ਤਾਂ ਇਸ ਨੂੰ ਇਸ ਖੇਡ ਦੇ ਜਨਮ ਦਾ ਸ਼ੁਭ ਆਗਮਨ ਸਮਝਿਆ ਗਿਆ। ਉਸ ਸਮੇਂ ਇਹ ਮਹਿਸੂਸ ਕੀਤਾ ਗਿਆ ਕਿ ਇਸ ਜਰਖੇਜ਼ ਜ਼ਮੀਨ ’ਤੇ ਹੋਰ ਵੀ ਮੈਡਲ ਪ੍ਰਾਪਤ ਕੀਤੇ ਜਾ ਸਕਦੇ ਹਨ।
ਇਹ ਬੜੀ ਸੰਤੋਸ਼ ਭਰੀ ਗੱਲ ਹੈ ਕਿ ਇਸ ਥੋੜ੍ਹੇ ਜਿਹੇ ਸਮੇਂ ਵਿਚ ਹੀ ਭਾਰਤ ਨੇ ਹੁਣ ਤੱਕ ਤਿੰਨ ਉਲੰਪਿਕ ਦੇ ਮੈਡਲ, ਸਾਡੇ ਦੋ ਖਿਡਾਰੀ ਵਿਸ਼ਵ ਰੈਂਕ ਵਿਚ ਨੰਬਰ ਇਕ ’ਤੇ ਰਹੇ ਹਨ ਅਤੇ ਭਾਰਤ ਨੇ ਦੋ ਵਾਰੀ ਇਕ ਬਹੁਤ ਹੀ ਗੌਰਵਸ਼ੀਲ ਆਲ ਇੰਗਲੈਂਡ ਕੱਪ ਵੀ ਜਿੱਤੇ ਹਨ। ਇਸ ਖੇਡ ਦੀ ਖ਼ੁਸ਼ਬੂ ਸਾਰੇ ਵਿਸ਼ਵ ਵਿਚ ਪਹੁੰਚਾਈ ਹੈ ਅਤੇ ਹੋਰ ਏਸ਼ੀਅਨ ਦੇਸ਼ਾਂ ਜਿਵੇਂ ਚੀਨ, ਇੰਡੋਨੇਸ਼ੀਆ, ਸਿੰਗਾਪੁਰ, ਜਾਪਾਨ ਦੀ ਤਰ੍ਹਾਂ ਭਾਰਤ ਨੂੰ ਵੀ ਏਸ਼ੀਆ ਦੀ ਇਕ ਵੱਡੀ ਬੈਡਮਿੰਟਨ ਵਿਚ ਵੱਡੀ ਤਾਕਤ ਸਮਝਿਆ ਜਾਣ ਲੱਗ ਪਿਆ। ਇਸ ਤੋਂ ਬਿਨਾਂ ਭਾਰਤ ਦੋ ਵਾਰੀ ਕਾਮਨ ਵੈਲਥ ਗੇਮਜ਼ ’ਚ ਸੋਨੇ ਦਾ ਮੈਡਲ ਵੀ ਪ੍ਰਾਪਤ ਕਰ ਚੁੱਕਾ ਹੈ। ਇਸ ਖੇਡ ਦਾ ਮੋਢੀ ਬਣਿਆ ਪ੍ਰਕਾਸ਼ ਪਾਦੂਕੋਨ, ਉਸ ਨੇ ਜਿਸ ਸਮੇਂ ਬੈਡਮਿੰਟਨ ਦਾ ਉਲੰਪਿਕ ਦੇ ਬਰਾਬਰ ਦਾ ਟੂਰਨਾਮੈਂਟ ਆਲ ਇੰਗਲੈਂਡ ਭਾਰਤ ਲਈ ਜਿੱਤਿਆ ਤਾਂ ਉਸ ਸਮੇਂ ਭਾਰਤੀ ਨੌਜਵਾਨਾਂ ਵਿਚ ਇਸ ਖੇਡ ਵਿਚ ਹੋਰ ਉਤਸ਼ਾਹ ਪੈਦਾ ਕਰ ਦਿੱਤਾ। ਪ੍ਰਕਾਸ਼ ਨੇ ਇਸ ਖੇਡ ਨੂੰ ਵਧੇਰੇ ਵਿਕਸਤ ਕਰਨ ਲਈ ਆਪਣਾ ਸਾਰਾ ਜੀਵਨ ਹੀ ਲਗਾ ਦਿੱਤਾ ਹੈ।
ਨਾ ਕੇਵਲ ਖੇਡ ਮੈਦਾਨ ਵਿਚ ਸਗੋਂ ਖਿਡਾਰੀਆਂ ਲਈ ਨੈਤਿਕਤਾ ਦੇ ਗੁਣ ਵੀ ਇਸ ਖਿਡਾਰੀ ਦੇ ਜੀਵਨ ਤੋਂ ਸਾਨੂੰ ਮਿਲਦੇ ਹਨ। ਇਕ ਵਾਰ ਜਦੋਂ ਇਕ ਵੱਕਾਰੀ ਟੂਰਨਾਮੈਂਟ ਵਿਚ ਜਦੋਂ ਰੈਫਰੀ ਨੇ ਆਪਣੀ ਗ਼ਲਤ ਸੋਚ ਕਾਰਨ ਸ਼ਟਲ ਬਾਹਰ ਡਿਗਣ ਕਰਕੇ ਮੈਚ ਪ੍ਰਕਾਸ਼ ਨੂੰ ਜਿਤਾ ਦਿੱਤਾ ਤਾਂ ਪ੍ਰਕਾਸ਼ ਨੇ ਰੋਸ ਪ੍ਰਗਟ ਕੀਤਾ ਇਹ ਤਾਂ ਅੰਦਰ ਡਿਗੀ ਹੈ ਤੇ ਮੈਚ ਆਪਣੇ ਵਿਰੋਧੀ ਨੂੰ ਜਿਤਾ ਦਿੱਤਾ।
ਦੂਸਰੀ ਵਿਸ਼ੇਸ਼ ਗੱਲ ਇਸ ਸੰਸਾਰ ਪ੍ਰਸਿੱਧ ਖਿਡਾਰੀ ਬਾਰੇ ਇਹ ਕੀਤੀ ਜਾਂਦੀ ਹੈ ਕਿ ਉਹ ਸਦਾ ਮਰਿਆਦਾ ਵਿਚ ਗੱਲ ਕਰਕੇ ਆਪਣੀ ਰਾਏ ਪ੍ਰਗਟ ਕਰਦਾ ਹੈ, ਉਸ ਦੇ ਫੈਸਲੇ ਦੀ ਹਮੇਸ਼ਾਂ ਖਿਡਾਰੀਆਂ ਵਲੋਂ ਕਦਰ ਕੀਤੀ ਜਾਂਦੀ ਹੈੈ। ਇਸ ਸਾਲ ਜਦੋਂ ਮੁਲਤਵੀ ਹੋਈਆਂ ਖੇਡਾਂ ਵਿਚ ਜਾਣ ਲਈ ਚੋਣ ਲਈ ਜੋ ਪੈਮਾਨਾ ਬਣਾਇਆ ਗਿਆ ਉਸ ਅਨੁਸਾਰ ਸਾਡੇ ਕੁਝ ਖਿਡਾਰੀ ਤੇ ਖਾਸ ਤੌਰ ਤੇ ਸਾਇਨਾ, ਉਲੰਪਿਕ ਖੇਡ ਨਹੀਂ ਸਕੇ ਤਾਂ ਇਸ ਮਸਲੇ ਨੂੰ ਲੈ ਕੇ ਉਹ ਕੇਵਲ ਜਥੇਬੰਦੀ ਦਾ ਫੈਸਲਾ ਮੰਨਣ ਲਈ ਹੀ ਕਹਿੰਦਾ ਰਿਹਾ।
ਆਪਣੀ ਲੜਕੀ ਦੀਪਕਾ ਪਾਦੂਕੋਨ ਨੁੂੰ ਵੀ ਇਸ ਖੇਡ ਵਿਚ ਪਾਉਣਾ ਚਾਹੁੰਦਾ ਸੀ ਤੇ ਲੜਕੀ ਖੇਡ ਵਿਚ ਪਰਪੱਕ ਵੀ ਸੀ ਪਰ ਉਸ ਦਾ ਪਹਿਲਾ ਸ਼ੌਕ ਫਿਲਮਾਂ ਵਿਚ ਕੰਮ ਕਰਨਾ ਸੀ। ਪ੍ਰਕਾਸ਼ ਲੜਕੀ ਦੇ ਸ਼ੌਕ ਅੱਗੇ ਨਹੀਂ ਆਇਆ ਤੇ ਉਸ ਨੂੰ ਇਹ ਖੇਡ ਨਾ ਅਪਣਾਉਣ ਦੀ ਇਜਾਜ਼ਤ ਦੇ ਦਿੱਤੀ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਵਿਚ ਇਸ ਦਿੱਗਜ਼ ਖਿਡਾਰੀ ਨੇ ਨੈਤਿਕਤਾ ਦੇ ਪੂਰਨੇ ਪਾਏ ਹਨ ਜਿਸ ’ਤੇ ਸਾਡੇ ਖਿਡਾਰੀ ਚਲਦੇ ਰਹੇ ਹਨ।
ਉਸ ਦੇ ਰਸਤੇ ’ਤੇ ਤੁਰਦੇ ਹੋਏ ਉਸ ਦਾ ਸ਼ਾਗਿਰਦ ਗੋਪੀ ਚੰਦ ਦਾ ਵੀ ਬਹੁਤ ਯੋਗਦਾਨ ਹੈ ਜਿਸ ਨੇ ਇਸ ਬੈਡਮਿੰਟਨ ਦੇ ਬੂਟੇ ਨੂੰ ਫਿਰ ਸਿੰਜਿਆ ਹੈ ਤੇ ਆਪਣੀ ਯੋਗ ਅਗਵਾਈ ਦਿੱਤੀ ਹੈ। ਆਪਣੇ ਗੁਰੂ ਪ੍ਰਕਾਸ਼ ਦੀ ਤਰ੍ਹਾਂ ਹੀ ਭਾਰਤ ਦੀ ਸ਼ਾਨ ਗੋਪੀ ਚੰਦ ਨੇ ਆਲ ਇੰਗਲੈਂਡ ਦਾ ਦੂਜਾ ਇਨਾਮ ਭਾਰਤ ਦੀ ਝੋਲੀ ਵਿਚ ਪਾਇਆ ਹੈ। ਪ੍ਰਕਾਸ਼ ਦੀ ਅਕਾਦਮੀ ਵਿਚ ਸਭ ਤੋਂ ਪਹਿਲਾਂ ਉਸ ਸਮੇਂ ਹਿਸਾਰ (ਹਰਿਆਣਾ) ਵਿਚ ਰਹਿਣ ਵਾਲੀ ਇਕ ਪ੍ਰੋਫੈਸਰ ਦੀ ਲੜਕੀ ਸਾਇਨਾ ਨੇਹਵਾਲ ਨੇ ਪ੍ਰਕਾਸ਼ ਤੋਂ ਬਾਕਾਇਦਾ ਤਾਲੀਮ ਲਈ ਤੇ ਇਸ ਖੇਡ ਵਿਚ ਭਾਰਤ ਲਈ ਪਹਿਲਾ ਉਲੰਪਿਕ ਮੈਡਲ ਜਿੱਤਿਆ। ਇਸ ਤਰ੍ਹਾਂ ਇਸ ਅਕਾਦਮੀ ਤੋਂ ਪੜ੍ਹੇ ਹੋਏ ਖਿਡਾਰੀਆਂ ਨੇ ਦੇਸ਼ ਲਈ ਬਹੁਤ ਮਾਅਰਕੇ ਮਾਰੇ ਹਨ। ਬੈਡਮਿੰਟਨ ਦੀ ਰਾਹ ਦੇ ਸੁਨਹਿਰੇ ਰਸਤੇ ’ਤੇ ਚਲਦੇ ਹੋਏ ਪੀ.ਵੀ. ਸਿੰਧੂ ਨੇ ਇਸ ਉਚਾਈ ’ਤੇ ਜਾ ਕੇ ਸਰਵੋਤਮ 2 ਉਲੰਪਿਕ ਇਨਾਮ ਆਪਣੇ ਜੀਵਨ ਵਿਚ ਆਪਣੇ ਨਾਂਅ ਕਰ ਚੁੱਕੀ ਹੈ। ਮਾਤਾ ਪਿਤਾ ਦੋਵੇਂ ਅੰਤਰਰਾਸ਼ਟਰੀ ਖਿਡਾਰੀ ਹੋਣ ਕਰਕੇ ਉਸ ਤੋਂ ਸਦਾ ਇਹ ਉਮੀਦ ਕੀਤੀ ਜਾਂਦੀ ਰਹੀ ਹੈ ਕਿ ਜ਼ਰੂਰ ਲੋਕਾਂ ਦੀ ਉਮੀਦ ’ਤੇ ਖਰਾ ਉਤਰੇਗੀ।
ਇਸ ਸੁਨਹਿਰੇ ਸਫ਼ਰ ’ਤੇ ਚਲਦੇ ਹੋਏ ਸਾਡੇ ਕੁਝ ਪੁਰਸ਼ ਖਿਡਾਰੀਆਂ ਨੇ ਵੀ ਆਪਣਾ ਭਰਪੂਰ ਯੋਗਦਾਨ ਪਾਇਆ ਹੈ ਤੇ ਸਾਡੇ ਇਸ ਮਨਮੋਹਕ ਖੇਡ ਨੂੰ ਸਾਰੀ ਦੁਨੀਆ ਵਿਚ ਪਹੁੰਚਾਇਆ ਹੈ। ਖਾਸ ਤੌਰ ’ਤੇ ਸਾਇਨਾ ਦੇ ਪਤੀ ਪਰੂਪਲੀ ਕੇਸ਼ਵ ਨੇ 2012 ਦੀ ਉਲੰਪਿਕ ਵਿਚ ਕੁਆਟਰ ਫਾਈਨਲ ਵਿਚ ਚੀਨ ਦੇ ਲੀ ਨਾਲ ਸੰਘਰਸ਼ਮਈ ਮੁਕਾਬਲਾ ਕੀਤਾ ਸੀ ਤੇ ਇਕ ਅਮਿੱਟ ਛਾਪ ਛੱਡੀ ਸੀ।
ਭਾਰਤ ਵਿਚ ਇਸ ਸਮੇਂ ਤੇ ਪੁਰਸ਼ ਖਿਡਾਰੀਆਂ ਦਾ ਵੀ ਇਕ ਵਰਗ ਹੈ ਜਿਨ੍ਹਾਂ ਵਿਚ ਕਿਦਾਂਬੀ ਸ੍ਰੀਕਾਂਤ ਜੋ 2018 ਵਿਚ ਵਿਸ਼ਵ ਨੰਬਰ ਇਕ ’ਤੇ ਰਿਹਾ, ਉਸ ਤੋਂ ਬਿਨਾਂ ਨਵੀਂ ਪ੍ਰਤਿਭਾ ਲਕਸ਼ੇ ਸੇਨ, ਰੈਕੀ ਤੇ ਸ਼ੈਟੀ ਦੀ ਜੋੜੀ ਅਤੇ ਹੋਰ ਕਈ ਖਿਡਾਰੀ ਪੁਰਸ਼ ਖੇਤਰ ਵਿਚ ਮਿਹਨਤ ਕਰ ਰਹੇ ਹਨ, ਉਸ ਨਾਲ ਸਾਡਾ ਇਹ ਬੈਡਮਿੰਟਨ ਦਾ ਸਫ਼ਰ ਹੋਰ ਸੁਨਹਿਰਾ ਹੋ ਜਾਵੇਗਾ।

Comment here