ਸਿਆਸਤਖਬਰਾਂ

ਭਾਰਤੀ ਜੀਵਨ ਸ਼ੈਲੀ ਸਭ ਤੋਂ ਚੰਗੀ : ਦਲਾਈਲਾਮਾ

ਨਵੀਂ ਦਿੱਲੀ-ਬੀਤੇ ਦਿਨੀ ਤਿੱਬਤੀ ਅਧਿਆਤਮਿਕ ਨੇਤਾ ਦਲਾਈ ਲਾਮਾ ਨੇ ਭਾਰਤੀ ਪ੍ਰਬੰਧਨ ਅਦਾਰੇ ਆਈ. ਆਈ. ਐੱਮ. ਰੋਹਤਕ ਦੇ ਕਰਮਚਾਰੀਆਂ ਤੇ ਵਿਦਿਆਰਥੀਆਂ ਦੇ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਗੱਲਬਾਤ ਕੀਤੀ ਤੇ ਕਿਹਾ ਕਿ ਭਾਰਤ ਹਜ਼ਾਰਾਂ ਸਾਲਾਂ ਦੀ ਰਿਵਾਇਤ ਵਾਲਾ ਦੇਸ਼ ਹੈ ਜੋ ਅਹਿੰਸਾ ਤੇ ਦਇਆ ਨੂੰ ਉਤਸ਼ਾਹਤ ਕਰਦਾ ਹੈ। ‘ਦਇਆ ਤੇ ਬੁੱਧੀ ਦੇ ਨਾਲ ਚੁਣੌਤੀ ਦਾ ਸਾਹਮਣਾ ਕਰਨਾ’ ਵਿਸ਼ੇ ‘ਤੇ ਦੁਨੀਆ ਭਰ ਤੋਂ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਭਾਰਤੀ ਮਿੱਤਰਾਂ ਨਾਲ ਗੱਲਬਾਤ ਦਾ ਮੌਕਾ ਮਿਲਣ ‘ਤੇ ਖ਼ੁਸ਼ੀ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਇੱਥੇ ਕਈ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹਨ।’
ਉਨ੍ਹਾਂ ਕਿਹਾ ਕਿ ਦੇਸ਼ ਦੀ ਸਦੀਆਂ ਪੁਰਾਣੀਆਂ ਤੇ ਧਾਰਮਿਕ ਸ਼ਾਂਤੀ ਇਸ ਗ੍ਰਹਿ ‘ਤੇ ਧਾਰਮਿਕ ਭਾਈਚਾਰਕ ਸਾਂਝ ‘ਚ ਮਹੱਤਵਪੂਰਨ ਯੋਗਦਾਨ ਦੇਣ ‘ਚ ਮਦਦ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੱਛਮੀ ਦੁਨੀਆ ਭਾਰਤ ਦੀ ਜੀਵਨਸ਼ੈਲੀ ਨੂੰ ਪਿੱਛੜਿਆ ਹੋਇਆ ਮੰਨਦੀ ਸੀ ਪਰ ਹੁਣ ਉਹ ਆਪਣਾ ਨਜ਼ਰੀਆ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਪੱਛਮੀ ਦੁਨੀਆ ਵੀ ਮਹਿਸੂਸ ਕਰਦੀ ਹੈ ਕਿ ਵਿਸ਼ਵ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਏ ਰੱਖਣ ਲਈ ਭਾਰਤੀ ਜੀਵਨ ਸ਼ੈਲੀ ਸਭ ਤੋਂ ਚੰਗੀ ਹੈ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੀ ਉਤਸ਼ਾਹਤ ਕਰਦੇ ਹੋਏ ਕਿਹਾ ਕਿ ਉਹ ਜੋ ਪ੍ਰਾਪਤ ਕਰ ਸਕਦੇ ਹਨ ਉਸ ‘ਤੇ ਧਿਆਨ ਕੇਂਦਰਤ ਨਾ ਕਰਨ ਸਗੋਂ ਉਹ ਜੋ ਦਿੰਦੇ ਹਨ ਉਸ ‘ਤੇ ਧਿਆਨ ਕੇਂਦਰਤ ਕਰਨ। ਦਲਾਈ ਲਾਮਾ ਨੇ ਕਿਹਾ, ‘ਮੈਂ ਤਿੱਬਤ ‘ਚ ਸੰਘਰਸ਼ ਕਾਰਨ ਇਕ ਸ਼ਰਨਾਰਥੀ ਦੇ ਤੌਰ ‘ਤੇ ਭਾਰਤ ਆਇਆ ਸੀ। ਮੈਂ ਅਸਲ ‘ਚ ਇਸ ਰਾਸ਼ਟਰ ਦੇ ਧਾਰਮਿਕ ਸੱਦਭਾਵਨਾ ਤੋਂ ਪ੍ਰਭਾਵਿਤ ਸੀ। ਮੇਰਾ ਮੰਨਣਾ ਹੈ ਕਿ ਭਾਰਤ ਦੁਨੀਆ ਭਰ ‘ਚ ਧਾਰਮਿਕ ਭਾਈਚਾਰਕ ਸਾਂਝ ਦਾ ਇਕ ਜਿਊਂਦਾ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਵਕ ਤੇ ਆਨੰਦ ਵਾਲੇ ਵਾਤਾਵਰਨ ਨੂੰ ਬਣਾਉਣ ਲਈ ਮਨੁੱਖੀ ਸੁਭਾਅ ਨੂੰ ਵੱਧ ਹਮਦਰਦੀ ਰੱਖਣ ਦੀ ਲੋੜ ਹੈ। ਸਾਡੇ ਸੱਭਿਆਚਾਰ ‘ਚ ਅਹਿੰਸਾ ਤੇ ਦਇਆ ਮਿਲ ਕੇ ਦੁਨੀਆ ਨੂੰ ਸਹਿਣਸ਼ੀਲਤਾ, ਅਹਿੰਸਾ ਤੇ ਦਇਆ ਦਾ ਰਾਹ ਦਿਖਾ ਸਕਦੇ ਹਨ।

Comment here