ਜਗਦੀਸ਼ਪੁਰ – 2004 ’ਚ ਲਾਹੌਰ ਵਿਚ ਇਕ ਸਮਾਰੋਹ ’ਚ 56,000 ਪਾਕਿਸਤਾਨੀਆਂ ਨੇ ਆਪਣਾ ਰਾਸ਼ਟਰੀ ਝੰਡਾ ਲਹਿਰਾਇਆ ਸੀ, ਜੋ ਇੱਕ ਵਰਲਡ ਰਿਕਾਰਡ ਸੀ। ਪਰ ਭਾਰਤੀਆਂ ਨੇ ਇਹ ਰਿਕਾਰਡ ਤੋੜ ਦਿੱਤਾ ਹੈ। ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 75,000 ਤੋਂ ਵੱਧ ਲੋਕਾਂ ਵਲੋਂ ਇਕੱਠੇ ਭਾਰਤ ਦਾ ਰਾਸ਼ਟਰੀ ਤਿਰੰਗਾ ਲਹਿਰਾਏ ਜਾਣ ਦੇ ਗਵਾਹ ਬਣੇ। ਜਗਦੀਸ਼ਪੁਰ ਦੇ ਰਾਜਾ ਵੀਰ ਕੁੰਵਰ ਸਿੰਘ ਦੀ 164ਵੀਂ ਬਰਸੀ ਮੌਕੇ ਇਹ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਰਾਜਾ ਵੀਰ ਕੁੰਵਰ ਸਿੰਘ ਨੂੰ 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਦੇ ਨਾਇਕਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਹ ਪ੍ਰੋਗਰਾਮ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਤਹਿਤ ਕਰਵਾਇਆ ਗਿਆ। ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਨਾਲ 5 ਮਿੰਟ ਤੱਕ ਤਿਰੰਗਾ ਲਹਿਰਾਇਆ ਗਿਆ। ਇਸ ਦੌਰਾਨ ਅਮਿਤ ਸ਼ਾਹ ਦੇ ਨਾਲ ਕੇਂਦਰੀ ਮੰਤਰੀ ਆਰ. ਕੇ. ਸਿੰਘ ਅਤੇ ਨਿਤਿਆਨੰਦ ਰਾਏ, ਉਪ ਮੁੱਖ ਮੰਤਰੀ ਤਾਰਕਿਸ਼ੋਰ ਪ੍ਰਸਾਦ ਅਤੇ ਰੇਣੂ ਦੇਵੀ ਅਤੇ ਮੰਤਰੀ ਸੁਸ਼ੀਲ ਕੁਮਾਰ ਮੋਦੀ ਸਮੇਤ ਬਿਹਾਰ ਦੇ ਭਾਜਪਾ ਦੇ ਚੋਟੀ ਦੇ ਨੇਤਾ ਵੀ ਹਾਜ਼ਰ ਸਨ। ਮੌਜੂਦ ਲੋਕਾਂ ਨੂੰ ਪਛਾਣ ਲਈ ਬੈਂਡ ਪਹਿਨਾਇਆ ਗਿਆ ਸੀ ਅਤੇ ਨਿਗਰਾਨੀ ਲਈ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦੇ ਕ੍ਰਮ ’ਚ ਕੈਮਰਾ ਟ੍ਰੈਪ ਲਗਾਇਆ ਗਿਆ ਸੀ। ਪ੍ਰੋਗਰਾਮ ਵਾਲੀ ਥਾਂ ਉਦੋਂ ਲੋਕਾਂ ਦੀਆਂ ਤਾੜੀਆਂ ਨਾਲ ਗੂੰਜ ਉੱਠੀ ਜਦੋਂ ਉੱਥੇ ਲੱਗੀ ਵੱਡੀ ਸਕਰੀਨ ‘ਤੇ ਝੰਡਾ ਲਹਿਰਾਉਣ ਵਾਲੇ ਲੋਕਾਂ ਦੀ ਗਿਣਤੀ 77,700 ਦੱਸੀ ਗਈ।

Comment here