ਸਿਆਸਤਖਬਰਾਂ

ਭਾਜਪਾ ਪੰਜਾਬ ਦੇ ਚੋਣ ਪਿੜ ਚ ‘ਨਵਾਂ ਪੰਜਾਬ, ਭਾਜਪਾ ਦੇ ਨਾਲ’ ਆਵੇਗੀ

ਜਲੰਧਰ-ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦਰਮਿਆਨ ਭਾਜਪਾ ਲਈ ਪਹਿਲਾਂ ਪੰਜਾਬ ਵਿੱਚ ਚੋਣ ਪ੍ਰਚਾਰ ਕਰਨਾ ਵੀ ਔਖਾ ਸੀ ਪਰ ਹੁਣ ਜੋੜ-ਤੋੜ ਦੀ ਸਿਆਸਤ ਅਤੇ ਸੂਬੇ ਲਈ ਵਿਸ਼ੇਸ਼ ਐਲਾਨ ਕਰਕੇ ਪੰਜਾਬ ਚੋਣਾਂ ਦੇ ਨਤੀਜਿਆਂ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰ ਸਕਦੀ ਹੈ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਭਾਜਪਾ ਨੇ ਕਮਰ ਕੱਸ ਲਈ ਸੀ ਅਤੇ ਨਵੇਂ ਸਾਲ ਮੌਕੇ ਪ੍ਰਧਾਨ ਮੰਤਰੀ ਮੋਦੀ ਪੰਜਾਬ ਵਿੱਚ ਰੈਲੀ ਕਰਕੇ ਵੱਡੇ ਐਲਾਨ ਕਰ ਸਕਦੇ ਹਨ। ਭਾਜਪਾ ‘ਨਵਾਂ ਪੰਜਾਬ, ਭਾਜਪਾ ਦੇ ਨਾਲ’ ਨਾਅਰੇ ਨਾਲ ਪੰਜਾਬ ਵਿੱਚ ਚੋਣ ਮੁਹਿੰਮ ਦਾ ਆਗਾਜ਼ ਕਰਨ ਦੀ ਤਿਆਰੀ ’ਚ ਹੈ, ਜਿਸਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਦੇ ਕਿਸੇ ਵੱਡੇ ਸ਼ਹਿਰ ਵਿੱਚ ਰੈਲੀ ਕਰਕੇ ਕੀਤੀ ਜਾ ਸਕਦੀ ਹੈ।
ਸੂਤਰਾਂ ਦੀ ਮੰਨੀਏ ਤਾਂ ਅਗਲੇ ਦੋ ਹਫ਼ਤੇ ਪੰਜਾਬ ਦੀ ਰਾਜਨੀਤੀ ਲਈ ਬਹੁਤ ਅਹਿਮ ਹੋਣਗੇ ਕਿਉਂਕਿ ਉੱਤਰ ਪ੍ਰਦੇਸ਼ ਦੀ ਤਰਜ਼ ’ਤੇ ਪੰਜਾਬ ਦੇ ਚਿਰਾਂ ਤੋਂ ਅਣਸੁਲਝੇ ਪਏ ਵੱਡੇ ਮਸਲਿਆਂ ਨੂੰ ਸੁਲਝਾ ਕੇ ਭਾਜਪਾ ਵੋਟ ਕੈਸ਼ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਭਾਜਪਾ ਪੰਜਾਬ ਵਿੱਚ ਪੈਰ ਪਸਾਰਨ ਦੀ ਤਾਕ ਵਿੱਚ ਹੈ ਅਤੇ ਖ਼ੁਦ ਪ੍ਰਧਾਨ ਮੰਤਰੀ ਨਵੇਂ ਸਾਲ ਦੇ ਪਹਿਲੇ ਹਫ਼ਤੇ ਪੰਜਾਬ ਵਿੱਚ ਚੋਣ ਰੈਲੀ ਕਰਕੇ ਵੱਡੇ ਐਲਾਨ ਕਰ ਸਕਦੇ ਹਨ। ਇਨ੍ਹਾਂ ਐਲਾਨਾਂ ਵਿੱਚ ਚੰਡੀਗੜ੍ਹ ’ਤੇ ਪੰਜਾਬ ਦੇ ਅਧਿਕਾਰ ਦਾ ਮਸਲਾ ਅਤੇ ਕਿਸਾਨਾਂ ਦੇ ਕਰਜ਼ੇ ਵੀ ਸ਼ਾਮਲ ਹਨ।ਇਸੇ ਤਰ੍ਹਾਂ ਚਿਰਾਂ ਤੋਂ ਕਾਲੀ ਸੂਚੀ ਦਾ ਉਲਝਿਆ ਮਸਲਾ ਵੀ ਹੱਲ ਹੋ ਸਕਦਾ ਹੈ।
ਸਿੱਖਾਂ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼
ਭਾਜਪਾ ਦੀ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਸਿੱਖ ਭਾਈਚਾਰੇ ਨਾਲ ਨੇੜਤਾ ਵਧਾਈ ਜਾਵੇ। ਗੱਲ ਚਾਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਹੋਵੇ, ਚਾਹੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ, ਪ੍ਰਧਾਨ ਮੰਤਰੀ ਵੱਲੋਂ ਪੂਰੇ ਦੇਸ਼ ਵਿੱਚ ਮਨਾਉਣ ਦਾ ਸੰਕਲਪ ਲਿਆ ਗਿਆ।ਇਨ੍ਹਾਂ ਮੌਕਿਆਂ ’ਤੇ ਵਿਸ਼ੇਸ਼ ਡਾਕ ਟਿਕਟਾਂ ਜਾਰੀ ਕੀਤੀਆਂ, ਪ੍ਰਦਰਸ਼ਨੀਆਂ ਲਗਾਈਆਂ ਅਤੇ ਵਿਸ਼ੇਸ਼ ਸਿੱਕੇ ਜਾਰੀ ਕੀਤੇ ਗਏ। ਸਿੱਖ ਗੁਰੂਆਂ ਦੇ ਵਿਸ਼ੇਸ਼ ਦਿਹਾੜਿਆਂ ’ਤੇ ਪ੍ਰਧਾਨ ਮੰਤਰੀ ਮੋਦੀ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੇ ਹਨ।ਸਿੱਖਾਂ ਦੀ ਸਾਲਾਂ ਤੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਵੀ ਭਾਜਪਾ ਸਰਕਾਰ ਨੇ ਮੰਨੀ ਅਤੇ ਲਾਂਘਾ ਖੋਲ੍ਹ ਕੇ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ ਦਿੱਤਾ ਸੀ।ਕੋਰੋਨਾ ਕਾਲ ਸਮੇਂ ਇਹ ਲਾਂਘਾ ਬੰਦ ਕਰਨਾ ਪਿਆ ਸੀ ਪਰ ਸਿੱਖਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਮੁੜ ਤੋਂ ਇਹ ਲਾਂਘਾ ਖੋਲ੍ਹ ਦਿਤਾ ਗਿਆ ਹੈ। ਅਫ਼ਗਾਨਿਸਤਾਨ ਵਿੱਚੋਂ ਅਮਰੀਕੀ ਸੈਨਾ ਦੇ ਰੁਖ਼ਸਤ ਹੋਣ ਮਗਰੋਂ   ਤਾਲਿਬਾਨ ਦੇ ਖ਼ੌਫ਼ ’ਚ ਜ਼ਿੰਦਗੀ ਕੱਢ ਰਹੇ ਹਿੰਦੂਆਂ ਸਮੇਤ ਸਿੱਖਾਂ ਨੂੰ ਸੁਰੱਖਿਅਤ ਵਾਪਸ ਭਾਰਤ ਲਿਆਂਦਾ ਗਿਆ। ਅਫਗਾਨਿਸਤਾਨ ’ਚੋਂ ਪਵਿੱਤਰ ਧਾਰਮਿਕ ਗ੍ਰੰਥਾਂ ਨੂੰ ਵੀ ਮਰਿਆਦਾ ਸਹਿਤ ਭਾਰਤ ਲਿਆਂਦਾ ਗਿਆ। ਪਿਛਲੇ ਇਕ ਸਾਲ ਤੋਂ ਵਧੇਰੇ ਸਮੇਂ ਤੋਂ  ਖੇਤੀ ਕਾਨੂੰਨਾਂ  ਨੂੰ ਰੱਦ ਕਰਨ ਦੀ ਮੰਗ ਨੂੰ ਸਵੀਕਾਰ ਕਰਦਿਆਂ ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਪਵਿੱਤਰ ਦਿਹਾੜਾ ਚੁਣਿਆ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ।ਇਸ ਤੋਂ ਇਲਾਵਾ 1984 ਦੇ ਪੀੜਤ ਸਿੱਖ ਪਰਿਵਾਰਾਂ ਨੂੰ ਨਿਆਂ ਦਿਵਾਉਣ ਦੇ ਲਈ ਕਈ ਗੁਨਾਹਗਾਰਾਂ ਦੇ ਕੇਸਾਂ ਦਾ ਟ੍ਰਾਇਲ ਕਰਵਾਇਆ।

Comment here