ਕਿਹਾ-ਸਾਨੂੰ ਨਹੀਂ ਸੀ ਪਤਾ ਕਿ ਮੋਦੀ ਦਾ ਕਾਫਲਾ ਆ ਰਿਹੈ
ਫਿਰੋਜ਼ਪੁਰ-ਬੀਤੇ ਦਿਨੀ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਵਿੱਚ ਹੋਈ ਕੁਤਾਹੀ ਤੋਂ ਬਾਅਦ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਬਿਆਨਬਾਜ਼ੀ ਕਰ ਰਹੀਆਂ ਹਨ, ਉਥੇ ਮੌਕੇ ’ਤੇ ਧਰਨਾ ਦੇ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਰੁਟੀਨ ਵਿਚ ਭਾਜਪਾ ਕਾਰਕੁਨਾਂ ਦੇ ਕਾਫ਼ਲਿਆਂ ਦਾ ਵਿਰੋਧ ਕਰ ਰਹੇ ਸਨ। ਜਦੋਂ ਪੁਲਿਸ ਦੇ ਇਕ ਉੱਚ ਅਧਿਕਾਰੀ ਨੇ ਆ ਕੇ ਉਨ੍ਹਾਂ ਨੂੰ ਰਸਤਾ ਖਾਲੀ ਕਰਨ ਦਾ ਆਖਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਦਾ ਕਾਫਲਾ ਆ ਰਿਹਾ ਹੈ।
ਉਧਰ ਸੋਸ਼ਲ ਮੀਡੀਆ ’ਤੇ ਐੱਸਐੱਸਪੀ ਫ਼ਿਰੋਜ਼ਪੁਰ ਦਾ ਜ਼ਿਕਰ ਆਉਂਦਿਆਂ ਹੀ ਜਦੋਂ ਐੱਸਐੱਸਪੀ ਫ਼ਿਰੋਜ਼ਪੁਰ ਹਰਮਨਦੀਪ ਹੰਸ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਉਹ ਬੁੱਧਵਾਰ ਨੂੰ ਬਠਿੰਡਾ ਤੋਂ ਪੀਐੱਮ ਦੇ ਕਾਫਲੇ ਦੇ ਨਾਲ ਆ ਰਹੇ ਸਨ। ਕਿਸਾਨ ਆਗੂਆਂ ਨੂੰ ਉਨ੍ਹਾਂ ਦੀ ਪਛਾਣ ਨਹੀਂ ਸੀ ਤੇ ਨਾ ਹੀ ਉਹ ਕਿਸਾਨਾਂ ਨੂੰ ਮਿਲੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਦਿੱਲੀ ਤੋਂ ਬਠਿੰਡਾ ਹਵਾਈ ਜਹਾਜ਼ ਰਾਹੀਂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਸਮ ਖ਼ਰਾਬ ਹੋਣ ਕਾਰਨ ਬਠਿੰਡਾ ਤੋਂ ਫ਼ਿਰੋਜ਼ਪੁਰ ਹੈਲੀਕਾਪਟਰ ’ਤੇ ਨਹੀਂ ਆ ਸਕੇ। ਇਸ ਲਈ ਜਦੋਂ ਉਹ ਸੜਕੀ ਮਾਰਗ ਰਾਹੀਂ ਵਾਇਆ ਫਰੀਦਕੋਟ ਤਲਵੰਡੀ ਫਿਰੋਜ਼ਪੁਰ ਨੂੰ ਆ ਰਹੇ ਸਨ ਤਾਂ ਪਿਆਰੇਆਣਾ ਪਿੰਡ ਦੇ ਪੁਲ ’ਤੇ ਉਨ੍ਹਾਂ ਦਾ ਕਾਫ਼ਲਾ ਰੋਕ ਦਿੱਤਾ ਗਿਆ। ਜਿਸ ਜਗ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਰੋਕਿਆ ਗਿਆ, ਉਸ ਤੋਂ ਕੁਝ ਹੀ ਦੂਰੀ ’ਤੇ ਕਿਸਾਨ ਸੜਕੀ ਮਾਰਗ ਰੋਕ ਕੇ ਭਾਜਪਾ ਕਾਰਕੁਨਾਂ ਦਾ ਵਿਰੋਧ ਕਰ ਰਹੇ ਸਨ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਬੀਤੇ ਦਿਨ ਹੋਈ ਕੁਤਾਹੀ ਸਬੰਧੀ ਚੌਵੀ ਘੰਟਿਆਂ ਤੋਂ ਵੀ ਵੱਧ ਸਮੇਂ ਤੋਂ ਵੱਖ-ਵੱਖ ਜ਼ਿਲ੍ਹਾ ਪੁਲਿਸ ਮੁਖੀਆਂ ਦੇ ਸਸਪੈਂਡ ਕੀਤੇ ਜਾਣ ਸਬੰਧੀ ਸੋਸ਼ਲ ਮੀਡੀਆ ਅਤੇ ਇੱਥੋਂ ਤਕ ਕੁਝ ਨੈਸ਼ਨਲ ਚੈਨਲਾਂ ’ਤੇ ਵੀ ਖ਼ਬਰਾਂ ਪ੍ਰਸਾਰਤ ਹੁੰਦੀਆਂ ਰਹੀਆਂ।
ਇਸ ਸਬੰਧੀ ਆਈਜੀ ਫਿਰੋਜ਼ਪੁਰ ਇੰਦਰਬੀਰ ਸਿੰਘ ਨੇ ਕਿਹਾ ਕਿ ਜਿਸ ਜਗ੍ਹਾ ਕਾਫਲਾ ਰੋਕਿਆ ਗਿਆ, ਉਥੇ ਐੱਸਐੱਸਪੀ ਮੋਗਾ ਦੀ ਡਿਊਟੀ ਸੀ। ਕਿਸੇ ਵੀ ਅਧਿਕਾਰੀ iਖ਼ਲਾਫ਼ ਕਾਰਵਾਈ ਨਹੀਂ ਕੀਤੀ ਗਈ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਕਿਸਾਨ ਪ੍ਰਧਾਨ ਮੰਤਰੀ ਦੇ ਆਉਣ ’ਤੇ ਰੋਸ ਪ੍ਰਗਟ ਕਰ ਰਹੇ ਸਨ। ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਤਾਂ ਭਾਜਪਾ ਕਾਰਕੁਨਾਂ ਦੀਆਂ ਰੈਲੀ ਵਿੱਚ ਜਾ ਰਹੀਆਂ ਬੱਸਾਂ ਰੋਕਣ ਲਈ ਪੁਲ ਜਾਮ ਕੀਤਾ ਸੀ, ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪ੍ਰਧਾਨ ਮੰਤਰੀ ਵੀ ਇਸੇ ਰਾਹ ਤੋਂ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸਵੇਰੇ ਉਹ ਫਿਰੋਜ਼ਪੁਰ ਦੇ ਕੋਲ ਫਿਰੋਜ਼ਸ਼ਾਹ ਵਿਚ ਇਕੱਠੇ ਹੋਏ ਅਤੇ 11 ਵਜੇ ਤੋਂ ਬਾਅਦ ਫਿਰੋਜ਼ਪੁਰ ਵੱਲ ਕੂਚ ਕਰਨ ਲੱਗੇ। ਰਸਤੇ ਵਿਚ ਪੁਲਿਸ ਮੁਲਾਜ਼ਮ ਤੈਨਾਤ ਸੀ ਜਿਨ੍ਹਾਂ ਨੇ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ। ਕਰੀਬ 12 ਵਜੇ ਉਨ੍ਹਾਂ ਨੂੰ ਐੱਸਐੱਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਰਸਤਾ ਸਾਫ ਕਰ ਦਿਓ, ਪੀਐੱਮ ਦਾ ਕਾਫਲਾ ਆ ਰਿਹਾ ਹੈ। ਫੂਲ ਨੇ ਦੱਸਿਆ ਕਿ ਸੜਕ ਤੋਂ ਵਾਹਨ ਲੰਘ ਰਹੇ ਸਨ। ਪ੍ਰਧਾਨ ਮੰਤਰੀ ਦਾ ਰੂਟ ਹੁੰਦਾ ਤਾਂ ਸੜਕ ਦੋਵੇਂ ਪਾਸੇ ਤੋਂ ਖਾਲੀ ਹੁੰਦੀ। ਕਿਸਾਨਾਂ ਨੇ ਸੋਚਿਆ ਭਾਜਪਾ ਦੀਆਂ ਗੱਡੀਆਂ ਕੱਢਣ ਲਈ ਉਨ੍ਹਾਂ ਨੂੰ ਝੂਠ ਬੋਲਿਆ ਜਾ ਰਿਹਾ ਹੈ। ਉਹ ਪਿਆਰੇਆਣਾ ਫਲਾਈਓਵਰ ’ਤੇ ਹੀ ਧਰਨੇ ’ਤੇ ਬੈਠ ਗਏ, ਹਾਲਾਂਕਿ ਕਿਸਾਨ ਪਹਿਲਾਂ ਕੇਵਲ ਡੀਸੀ ਦਫਤਰ ਤਕ ਜਾਣ ਵਾਲੇ ਸਨ। ਫੂਲ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਸੜਕ ’ਤੇ ਵਾਹਨਾਂ ਦੇ ਪਿੱਛੇ ਪ੍ਰਧਾਨ ਮੰਤਰੀ ਦਾ ਕਾਫਲਾ ਹੈ।
ਫਿਰੋਜ਼ਪੁਰ ਦੇ ਆਈਜੀ ਇੰਦਰਬੀਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਠਿੰਡਾ ਤੋਂ ਆ ਰਹੇ ਸੀ। ਤਲਵੰਡੀ ਭਾਈ ਤੋਂ ਪਿੰਡ ਬਾਜੀਦਪੁਰ ਤਕ ਦੇ ਰੂਟ ਦੀ ਜ਼ਿੰਮੇਵਾਰੀ ਐੱਸਐੱਸਪੀ ਮੋਗਾ ਦੀ ਸੀ। ਪਿਆਰੇਆਣਾ ਪਿੰਡ ਰੂਟ ਦੇ ਵਿਚਾਲੇ ਹੈ।
ਨੈਸ਼ਨਲ ਚੈਨਲਾਂ ਦੀ ‘ਭਰੋਸੇਯੋਗਤਾ’ ਸ਼ੱਕ ਦੇ ਘੇਰੇ ’ਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਸਾਰਾ ਦਿਨ ਹੀ ਜਿੱਥੇ ਵੈੱਬ ਚੈਨਲਾਂ ਵਿਚ ਅਫਵਾਹਾਂ ਦਾ ਦੌਰ ਚੱਲਦਾ ਰਿਹਾ, ਉੱਥੇ ਕਈ ਨੈਸ਼ਨਲ ਚੈਨਲ ਤੇ ਅਖ਼ਬਾਰ ਵੀ ਸਾਰਾ ਦਿਨ ਅਫਵਾਹਾਂ ਦੇ ਜਾਲ ਵਿੱਚ ਫਸੇ ਨਜ਼ਰ ਆਏ। ਇਸ ਸਬੰਧੀ ਸ਼ੁਰੂਆਤੀ ਦੌਰ ਵਿਚ ਕੁਝ ਚੈਨਲਾਂ ਨੇ ਇਹ ਵੀ ਪ੍ਰਸਾਰਤ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸੈਨੀਵਾਲਾ ਪਹੁੰਚ ਕੇ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧੀਆਂ ’ਤੇ ਨਤਮਸਤਕ ਹੋ ਚੁੱਕੇ ਹਨ, ਕੁਝ ਹੀ ਦੇਰ ਵਿੱਚ ਫਿਰੋਜ਼ਪੁਰ ਰੈਲੀ ਵਿਚ ਪਹੁੰਚਣਗੇ, ਜਦਕਿ ਪ੍ਰਧਾਨ ਮੰਤਰੀ ਫ਼ਿਰੋਜ਼ਪੁਰ ਹੀ ਨਹੀਂ ਪਹੁੰਚੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਹੋਈ ਕੁਤਾਹੀ ਤੋਂ ਮਗਰੋਂ ਕਈ ਚੈਨਲਾਂ ਨੇ ਜ਼ਿਲ੍ਹਾ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਦੇ ਪੁਲਿਸ ਮੁਖੀਆਂ ਦੀ ਮੁਅੱਤਲੀ ਦੀ ਖ਼ਬਰ ਵੀ ਚਲਾ ਦਿੱਤੀ ਜਦਕਿ ਮੁੱਖ ਮੰਤਰੀ ਚੰਨੀ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਕਿਸੇ ਵੀ ਅਧਿਕਾਰੀ iਖ਼ਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
Comment here