ਸਿਆਸਤਖਬਰਾਂਦੁਨੀਆ

ਬੋਰਿਸ ਜੌਨਸਨ ਭਾਰਤ ਦੌਰੇ ਤੇ, ਭਲਕੇ ਹੋਵੇਗੀ ਪੀ ਐੱਮ ਮੋਦੀ ਨਾਲ ਬੈਠਕ

ਅਹਿਮਦਾਬਾਦ-ਅੱਜ ਸਵੇਰੇ ਕਰੀਬ ਅੱਠ ਵਜੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਪਣੇ ਦੋ ਦਿਨਾਂ ਦੌਰੇ ‘ਤੇ ਭਾਰਤ ਪਹੁੰਚ ਗਏ, ਉਹ ਸਿੱਧੇ ਅਹਿਮਦਾਬਾਦ ਹਵਾਈ ਅੱਡੇ ‘ਤੇ ਉਤਰੇ। ਜਿੱਥੇ ਹਵਾਈ ਅੱਡੇ ‘ਤੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ ਨੇ ਉਹਨਾਂ ਦਾ ਸਵਾਗਤ ਕੀਤਾ।  ਉਹ  ਹੋਟਲ ਹਯਾਤ ਰੁਕਣਗੇ,  ਸਾਬਰਮਤੀ ਰਿਵਰ ਫਰੰਟ ‘ਤੇ ਵੀ ਗਏ,  ਰਾਤ 10:50 ਵਜੇ ਉਦਯੋਗਪਤੀ ਗੌਤਮ ਅਡਾਨੀ ਨੂੰ ਵੀ ਮਿਲਣਗੇ। ਹਲੋਲ ਸਥਿਤ ਜੇਸੀਬੀ ਪਲਾਂਟ ਦਾ ਦੌਰਾ ,  ਗੁਜਰਾਤ ਯੂਨੀਵਰਸਿਟੀ ਦੇ ਗਿਫਟ ਸਿਟੀ ਦਾ ਦੌਰਾ , ਅਕਸ਼ਰਧਾਮ ਮੰਦਰ ਜਾਣਾ ਉਹਨਾਂ ਦੇ ਸ਼ਡਿਊਲ ਚ ਸ਼ਾਮਲ ਹੈ। ਇਹ ਪਹਿਲੀ ਵਾਰ ਹੈ ਜਦੋਂ ਕੋਈ ਬ੍ਰਿਟਿਸ਼ ਪ੍ਰਧਾਨ ਮੰਤਰੀ ਭਾਰਤ ਦੇ 5ਵੇਂ ਸਭ ਤੋਂ ਵੱਡੇ ਰਾਜ ਗੁਜਰਾਤ ਦਾ ਦੌਰਾ ਕਰ ਰਿਹਾ ਹੈ ਤੇ ਯੂਕੇ ‘ਚ ਲਗਪਗ ਅੱਧੀ ਬ੍ਰਿਟਿਸ਼-ਭਾਰਤੀ ਆਬਾਦੀ ਦਾ ਘਰ ਹੈ। ਬਰਤਾਨੀਆ ‘ਚ ਗੁਜਰਾਤੀਆਂ ਦੀ ਵੱਡੀ ਆਬਾਦੀ ਹੈ। ਜਾਨਸਨ ਭਲਕੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ‘ਚ ਰਾਸ਼ਟਰਪਤੀ ਭਵਨ ‘ਚ ਇੱਕ ਰਸਮੀ ਰਿਸੈਪਸ਼ਨ ‘ਚ ਸ਼ਾਮਲ ਹੋਣਗੇ। ਬੋਰਿਸ ਜੌਨਸਨ 22 ਅਪ੍ਰੈਲ ਨੂੰ ਨਵੀਂ ਦਿੱਲੀ ਵਿਖੇ ਮਹਾਤਮਾ ਗਾਂਧੀ ਦੀ ਸਮਾਧ ‘ਤੇ ਰਾਜ ਘਾਟ ‘ਤੇ ਫੁੱਲ ਮਾਲਾਵਾਂ ਚੜ੍ਹਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇੱਥੇ ਪ੍ਰਧਾਨ ਮੰਤਰੀ ਮੋਦੀ ਤੇ ਬੋਰਿਸ ਜੌਨਸਨ ਬ੍ਰਿਟੇਨ ਤੇ ਭਾਰਤ ਦੀ ਰਾਜਨੀਤਿਕ ਰੱਖਿਆ, ਰਣਨੀਤਕ ਤੇ ਆਰਥਿਕ ਭਾਈਵਾਲੀ ‘ਤੇ ਡੂੰਘਾਈ ਨਾਲ ਚਰਚਾ ਕਰਨਗੇ।

ਉਹ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਵੀ ਗੱਲਬਾਤ ਕਰਨਗੇ। 22 ਅਪ੍ਰੈਲ ਨੂੰ ਦੁਪਹਿਰ 1 ਵਜੇ ਦੇ ਕਰੀਬ ਦੋਵੇਂ ਧਿਰਾਂ ਹੈਦਰਾਬਾਦ ਹਾਊਸ ‘ਚ ਪ੍ਰੈੱਸ ਕਾਨਫਰੰਸ ਕਰਨਗੀਆਂ। ਇਸ ਉੱਚ-ਪੱਧਰੀ ਦੌਰੇ ਦੌਰਾਨ ਬੋਰਿਸ ਜੌਹਨਸਨ ਇਸ ਸਾਲ ਦੇ ਸ਼ੁਰੂ ‘ਚ ਸ਼ੁਰੂ ਕੀਤੇ ਗਏ ਮੁਕਤ ਵਪਾਰ ਸਮਝੌਤੇ (ਐਫਟੀਏ) ‘ਤੇ ਵੀ ਗੱਲਬਾਤ ਕਰਨਗੇ। ਪਿਛਲੇ ਸਾਲ ਬ੍ਰਿਟੇਨ ਤੇ ਭਾਰਤ ਇੱਕ ਵਿਆਪਕ ਰਣਨੀਤਕ ਭਾਈਵਾਲੀ ‘ਤੇ ਸਹਿਮਤ ਹੋਏ ਸਨ। ਇਸ ਸੌਦੇ ਰਾਹੀਂ ਬ੍ਰਿਟੇਨ ਨੇ ਭਾਰਤ ‘ਚ 53 ਕਰੋੜ ਪੌਂਡ ਤੋਂ ਵੱਧ ਦੇ ਨਿਵੇਸ਼ ਦਾ ਐਲਾਨ ਕੀਤਾ ਸੀ।

ਭਾਰਤ ਪਹੁੰਚਣ ਤੋਂ ਪਹਿਲਾਂ ਬਰਤਾਨਵੀ ਪ੍ਰਧਾਨ ਮੰਤਰੀ ਨੇ ਸਾਫ਼ ਕਰ ਦਿੱਤਾ ਸੀ ਕਿ ਰੂਸ-ਯੂਕਰੇਨ ਜੰਗ ਨੂੰ ਲੈ ਕੇ ਭਾਰਤ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਇਸ ਮਾਮਲੇ ‘ਚ ਭਾਰਤ ‘ਤੇ ਕੋਈ ਦਬਾਅ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਬਿ੍ਰਟੇਨ ਰੂਸ ਖਿਲਾਫ ਜੰਗ ‘ਚ ਯੂਕਰੇਨ ਨੂੰ ਪੂਰੀ ਮਦਦ ਦੇ ਰਿਹਾ ਹੈ ਤੇ ਦੂਜੇ ਪਾਸੇ ਰੂਸ ਭਾਰਤ ਦਾ ਮਹੱਤਵਪੂਰਨ ਰਣਨੀਤਕ ਅਤੇ ਵਪਾਰਕ ਭਾਈਵਾਲ ਵੀ ਹੈ। ਅਜਿਹੇ ‘ਚ ਬੋਰਿਸ ਜਾਨਸਨ ਦੀ ਇਸ ਭਾਰਤ ਫੇਰੀ ਦੇ ਕਈ ਅਰਥ ਕੱਢੇ ਜਾ ਰਹੇ ਹਨ ਪਰ ਬੋਰਿਸ ਜਾਨਸਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਭਾਰਤ ਯਾਤਰਾ ਨਾਲ ਰਣਨੀਤਕ ਸਬੰਧ ਹੋਰ ਡੂੰਘੇ ਹੋਣਗੇ ਅਤੇ ਦੋਹਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਾਂਝੇਦਾਰੀ ਮਜ਼ਬੂਤ ​​ਹੋਵੇਗੀ। ਬਰਤਾਨਵੀ ਸੰਸਦ ‘ਚ ਬੋਰਿਸ ਜਾਨਸਨ ਨੇ ਕਿਹਾ, ‘ਮੈਂ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਤੇ ਰੱਖਿਆ ਵਪਾਰ, ਲੋਕਾਂ ਤੋਂ ਲੋਕਾਂ ਦੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਭਾਰਤ ਦਾ ਦੌਰਾ ਕਰ ਰਿਹਾ ਹਾਂ।’

Comment here