ਫ਼ਾਜ਼ਿਲਕਾ-ਭਾਰਤ ਪਾਕਿ ਕੌਮਾਂਤਰੀ ਸਰਹੱਦ ’ਤੇ ਬੀ.ਐਸ.ਐਫ਼. ਨੇ ਗੁਆਂਢੀ ਮੁਲਕ ਪਾਕਿਸਤਾਨ ਦੇ ਮਨਸੂਬਿਆਂ ’ਤੇ ਪਾਣੀ ਫੇਰਦਿਆਂ ਗੁਆਂਢੀ ਮੁਲਕ ਤੋਂ ਡਰੋਨ ਰਾਹੀਂ ਆਈ ਸਵਾ ਅਰਬ ਰੁਪਏ ਦੀ ਹੈਰੋਇਨ ਤੇ ਹਥਿਆਰ ਬਰਾਮਦ ਕਰਨ ਵਿਚ ਸਫਲਤਾ ਦਾ ਦਾਅਵਾ ਕੀਤਾ ਹੈ। ਇਹ ਖੇਪ ਕੌਮਾਂਤਰੀ ਸਰਹੱਦ ਦੀ ਚੌਕੀ ਸਵਾਰ ਨੇੜਿਓਂ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਬੀਤੇ ਹਫਤੇ ਰਾਤ ਦੌਰਾਨ ਡਰੋਨ ਦੀ ਹਲਚਲ ਹੋਣ ਤੋਂ ਬਾਅਦ ਬੀ.ਐਸ.ਐਫ਼. ਜਵਾਨ ਪੂਰੀ ਤਰ੍ਹਾਂ ਮੁਸਤੈਦ ਹੋ ਗਏ ਤਾਂ ਉਨ੍ਹਾਂ ਡਰੋਨ ਦੀ ਆਵਾਜ਼ ਵਾਲੀ ਦਿਸ਼ਾ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹੀ ਦੂਰੀ ’ਤੇ ਜਾ ਕੇ ਜਵਾਨਾਂ ਨੂੰ ਇਕ ਖੇਤ ਵਿਚ ਸ਼ੱਕੀ ਵਿਅਕਤੀ ਵੀ ਦਿਖਾਈ ਦਿੱਤੇ, ਜਿਨ੍ਹਾਂ ਨੂੰ ਵੰਗਾਰਦਿਆਂ ਜਵਾਨਾਂ ਨੇ ਫਾਇਰਿੰਗ ਕੀਤੀ, ਪਰ ਹਨੇਰੇ ਦਾ ਫ਼ਾਇਦਾ ਚੁੱਕਦੇ ਹੋਏ ਉਕਤ ਵਿਅਕਤੀ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਏ। ਉਥੇ ਹੀ ਡਰੋਨ ਵੀ ਬੀ.ਐਸ.ਐਫ਼. ਦੀ ਗੋਲੀਬਾਰੀ ਤੋਂ ਬਾਅਦ ਵਾਪਸ ਪਰਤ ਗਿਆ, ਜਿਸ ਤੋਂ ਬਾਅਦ ਜਵਾਨਾਂ ਨੇ ਇਸ ਥਾਂ ’ਤੇ ਜਾ ਦੇਖਿਆ ਤਾਂ ਉਨ੍ਹਾਂ ਨੂੰ ਖੇਤ ਵਿਚ 10 ਪੈਕਟ ਡਿੱਗੇ ਹੋਏ ਦਿਖਾਈ ਦਿੱਤੇ, ਜਿਨ੍ਹਾਂ ਨੂੰ ਖ਼ੋਲ੍ਹ ਕੇ ਦੇਖਿਆ ਤਾਂ ਉਹ ਹੈਰੋਇਨ ਸੀ, ਇਸ ਦੇ ਨਾਲ ਹੀ ਜਵਾਨਾਂ ਨੂੰ 1 ਪਿਸਤੌਲ, 2 ਮੈਗਜ਼ੀਨ, 50 ਜਿੰਦਾ ਰਾਊਂਡ 9 ਐਮ.ਐਮ. ਵੀ ਬਰਾਮਦ ਹੋਏ। ਮੌਕੇ ਤੋਂ ਹੀ ਜੋ ਵਿਅਕਤੀ ਖੇਪ ਲੈਣ ਲਈ ਅੱਗੋਂ ਪੁੱਜੇ ਸਨ, ਉਨ੍ਹਾਂ ਦੇ ਕੱਪੜੇ ਵੀ ਬਰਾਮਦ ਕੀਤੇ ਗਏ, ਜਿਨ੍ਹਾਂ ਵਿਚ ਟੋਪੀ, ਲੋਈ (ਸ਼ਾਲ), ਕੱਪੜੇ ਵਾਲਾ ਥੈਲਾ, ਪਿੱਠੂ ਬੈਗ ਸ਼ਾਮਿਲ ਸਨ। ਬੀ.ਐਸ.ਐਫ਼. ਦੀ 55 ਬਟਾਲੀਅਨ ਦੇ ਉੱਚ-ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤੇ ਇਲਾਕੇ ਦੀ ਘੇਰਾਬੰਦੀ ਕਰਕੇ ਪੰਜਾਬ ਪੁਲਿਸ ਦੀ ਮਦਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਤੜਕਸਾਰ ਉਸੇ ਹੀ ਇਲਾਕੇ ਵਿਚ ਕੁਝ ਦੂਰੀ ਤੋਂ ਬੀ.ਐਸ.ਐਫ਼. ਨੂੰ 21 ਪੈਕਟਾਂ ’ਚੋਂ ਸਾਢੇ 17 ਕਿੱਲੋ ਦੇ ਕਰੀਬ ਹੈਰੋਇਨ ਦੇ ਪੈਕਟ ਬਰਾਮਦ ਹੋਏ, ਜਿਸ ਤੋਂ ਬਾਅਦ ਬੀ.ਐਸ.ਐਫ਼. ਨੇ ਖ਼ੋਜੀ ਕੁੱਤਿਆਂ ਦੀ ਮਦਦ ਵੀ ਲਈ। ਇਸ ਆਪ੍ਰੇਸ਼ਨ ਦੌਰਾਨ ਕੁੱਲ 30 ਪੈਕਟਾਂ ਵਿਚ 26 ਕਿੱਲੋ 850 ਗ੍ਰਾਮ ਹੈਰੋਇਨ ਬਰਾਮਦ ਹੋਈ।
Comment here