ਸਿਆਸਤਖਬਰਾਂ

ਬੀਬਾ ਜੀ ਦੱਸੋ ਘਰਵਾਲੇ ਨਾਲ ਹੋ ਕਿ ਪਾਰਟੀ ਦੇ ਨਾਲ…

ਪ੍ਰਨੀਤ ਕੌਰ ਨੂੰ ਪਾਰਟੀ ਦਾ ਕਾਰਨ ਦੱਸੋ ਨੋਟਿਸ

ਚੰਡੀਗੜ੍ਹ– ਪੰਜਾਬ ਕਾਂਗਰਸ ਵਿੱਚ ਹੋਰ ਖਿਲਾਰਾ ਪੈਣ ਵਾਲਾ ਹੈ, ਕਿਉਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਬਣਾ ਰਹੇ ਹਨ ਤੇ ਉਹਨਾਂ ਦੇ ਸਮਰਥਕ ਉਹਨਾਂ ਦੇ ਨਾਲ ਹੀ ਜਾਣਗੇ। ਉਨ੍ਹਾਂ ਦੀ ਪਤਨੀ ਐਮ ਪੀ ਬੀਬੀ ਪਰਨੀਤ ਕੌਰ ਨੂੰ ਵੀ ਪਾਰਟੀ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਉਹਨਾਂ ਨੂੰ ਕੈਪਟਨ ਦਾ ਸਾਥ ਦੇਣ ‘ਤੇ ਪਾਰਟੀ ਨੇ ਕਾਰਨ ਦੱਸੋ ਨੋਟਿਸ ਕਰਦਿਆਂ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਸੱਤ ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ  ਤੇ ਕਿਹਾ ਹੈ ਕਿ ਨਹੀਂ ਤਾਂ ਫੇਰ ਅਨੁਸ਼ਾਸਨੀ ਕਾਰਵਾਈ ਹੋਵੇਗੀ। ਇਹ ਨੋਟਿਸ ਏ.ਆਈ.ਸੀ.ਸੀ. ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਜਾਰੀ ਕਰਕੇ ਉਸ ਨੂੰ ਕਾਰਨ ਦੱਸਣ ਲਈ ਕਿਹਾ ਗਿਆ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕਿਉਂ ਕਰ ਰਹੀ ਹੈ। ਨੋਟਿਸ ਵਿੱਚ ਲਿਖਿਆ ਹੈ, “ਪਿਛਲੇ ਕਈ ਦਿਨਾਂ ਤੋਂ, ਸਾਨੂੰ ਲਗਾਤਾਰ ਕਾਂਗਰਸੀ ਵਰਕਰਾਂ, ਵਿਧਾਇਕਾਂ, ਪਟਿਆਲਾ ਦੇ ਨੇਤਾਵਾਂ ਅਤੇ ਮੀਡੀਆ ਤੋਂ ਤੁਹਾਡੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ ਰਿਪੋਰਟਾਂ ਮਿਲ ਰਹੀਆਂ ਹਨ। ਇਹ ਜਾਣਕਾਰੀ ਅਤੇ ਖ਼ਬਰਾਂ ਉਦੋਂ ਤੋਂ ਹੀ ਆ ਰਹੀਆਂ ਹਨ ਜਦੋਂ ਤੁਹਾਡੇ ਪਤੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਸਥਾਪਨਾ ਕੀਤੀ ਹੈ। ਸਾਨੂੰ ਤੁਹਾਡੇ ਪਤੀ ਦੀ ਪਾਰਟੀ ਦਾ ਸਾਥ ਦੇਣ ਬਾਰੇ ਮੀਡੀਆ ਵਿੱਚ ਤੁਹਾਡੇ ਖੁੱਲ੍ਹੇ ਐਲਾਨਾਂ ਤੋਂ ਵੀ ਜਾਣੂ ਕਰਵਾਇਆ ਗਿਆ ਹੈ। ਕਿਰਪਾ ਕਰਕੇ ਸੱਤ ਦਿਨਾਂ ਦੇ ਅੰਦਰ ਇਸ ਮੁੱਦੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰੋ ਨਹੀਂ ਤਾਂ ਪਾਰਟੀ ਲੋੜੀਂਦੀ ਅਨੁਸ਼ਾਸਨੀ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ। ਅਮਰਿੰਦਰ ਦੀ ਬੇਟੀ ਜਯਾ ਇੰਦਰ ਕੌਰ ਵੀ ਹਲਕੇ ਵਿੱਚ ਸਰਗਰਮ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਾਬਕਾ ਮੁੱਖ ਮੰਤਰੀ ਆਉਣ ਵਾਲੀਆਂ ਚੋਣਾਂ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਟਿਕਟ ਦੇਣਗੇ ਜਾਂ ਨਹੀਂ। ਮੀਡੀਆ ਰਿਪੋਰਟ ਦੱਸ ਰਹੀ ਹੈ ਕਿ ਅਮਰਿੰਦਰ, ਰੂਪ-ਰੇਖਾ ‘ਤੇ ਚਰਚਾ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਦੀ ਉਡੀਕ ਕਰ ਰਹੇ ਹਨ। ਉਹ ਚੰਡੀਗੜ੍ਹ ‘ਚ ਪਾਰਟੀ ਦਫ਼ਤਰ ਸਥਾਪਤ ਕਰਨ ਦੀ ਪ੍ਰਕਿਰਿਆ ‘ਚ ਹਨ। ਕੈਪਟਨ ਇਹ ਵੀ ਕਹਿ ਚੁੱਕੇ ਹਨ ਕਿ ਉਹਨਾਂ ਨਾਲ ਸਾਥੀ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਹੀ ਤੁਰਨਗੇ।

ਆਉਂਦੀ ਪੰਜਾਬ ਚੋਣ ਲਈ ਮੈਦਾਨ ਚ ਡਟਣ ਤੇ ਜਿੱਤਣ ਪ੍ਰਤੀ ਵੀ ਉਹ ਉਤਸ਼ਾਹਿਤ ਹਨ ਤੇ ਇੱਛਾ ਜਤਾਈ ਹੈ ਕਿ ਉਹ ਯੂ ਪੀ ਤੇ ਉਤਰਾਖੰਡ ਚ ਜਿੱਥੇ ਸਿੱਖ ਹਨ ਓਥੇ ਭਾਜਪਾ ਲਈ ਪ੍ਰਚਾਰ ਕਰਨਗੇ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਉਹਨਾਂ ਲਈ ਭਾਵ ਕੈਪਟਨ ਲਈ ਪ੍ਰਚਾਰ ਕਰਨ।

Comment here