ਸਾਰਨ-ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਬਿਹਾਰ ਦੇ ਸਾਰਨ ਜ਼ਿਲ੍ਹੇ ਦੀਆਂ ਸੱਤ ਭੈਣਾਂ ਚਰਚਾ ਚ ਰਹੀਆਂ। ਏਕਮਾ ਪਿੰਡ ਦੀਆਂ ਇਹ ਭੈਣਾਂ ਕਿਸੇ ਵੇਲੇ ਪਿੰਡ ਹੀ ਨਹੀਂ ਇਲਾਕੇ ਚ ਮਨਹੂਸ ਮੰਨੀਆਂ ਜਾਂਦੀਆਂ ਸੀ, ਪਰ ਅੱਖਰ ਗਿਆਨ ਨੇ ਇਹਨਾਂ ਕੁੜੀਆਂ ਨੂੰ ਅੱਜ ਦੇਸ਼ ਦੇ ਨਕਸ਼ੇ ਤੇ ਮਾਣ ਨਾਲ ਉਭਾਰਿਆ ਹੈ। ਪਿੰਡ ਏਕਮਾ ਦੇ ਰਾਜਕੁਮਾਰ ਸਿੰਘ ਦੇ ਘਰ ਪੁੱਤ ਦੀ ਚਾਹਨਾ ਚ ਇੱਕ ਤੋਂ ਬਾਅਦ ਇੱਕ ਕਰਕੇ ਸੱਤ ਧੀਆਂ ਪੈਦਾ ਹੋਈਆਂ, ਅਠਵਾਂ ਪੁੱਤ ਪੈਦਾ ਹੋਇਆ। ਪਰਿਵਾਰ ਦਾ ਦਬਾਅ ਬਣਿਆ ਰਿਹਾ ਕਿ ਉਹ ਧੀਆਂ ਦਾ ਜਲਦੀ ਵਿਆਹ ਕਰਵਾ ਕੇ ਸੁਰਖਰੂ ਹੋ ਜਾਣ, ਪਰ ਧੀਆਂ ਨੇ ਪੜ ਲਿਖ ਕੇ ਕੁਝ ਬਣਨ ਦੀ ਠਾਣੀ ਹੋਈ ਸੀ ਤੇ ਪਿਤਾ ਨੇ ਵੀ ਕੁੜੀਆਂ ਦਾ ਸਾਥ ਦਿੱਤਾ।
ਸੱਤੇ ਭੈਣਾਂ ਵਾਰੀ-ਵਾਰੀ ਸੂਬਾ ਪੁਲਸ ਤੇ ਫੌਜ ਵਿੱਚ ਸ਼ਾਮਲ ਹੋ ਗਈਆਂ ਜਦ ਕੁੜੀਆਂ ਨੇ ਪੁਲਿਸ ਜਾਂ ਫੌਜ ਵਿੱਚ ਭਰਤੀ ਹੋਣ ਲਈ ਪਿੰਡ ਵਿੱਚ ਹੀ ਸਰੀਰਕ ਅਭਿਆਸ ਸ਼ੁਰੂ ਕੀਤਾ ਸੀ, ਤਾਂ ਪਿੰਡ ਦੇਲੋਕ ਘਰ ਆ ਕੇ ਪਿਓ ਨੂੰ ਤਾਅਨੇ ਮਾਰਦੇ ਪਰ ਕੁੜੀਆਂ ਨੇ ਕਿਸੇ ਵੱਲ ਕੋਈ ਧਿਆਨ ਨਾ ਦਿਤਾ ਤੇ ਅੱਗੇ ਵਧਦੀਆਂ ਰਹੀਆਂ। ਪਹਿਲੀ ਕੁੜੀ ਸਾਲ 2006 ਵਿੱਚ, ਕਾਂਸਟੇਬਲ ਭਰਤੀ ਹੋਈ, ਦੂਜੀ ਵੀ 2009 ਵਿੱਚ ਕਾਂਸਟੇਬਲ ਬਣ ਗਈ। ਮਗਰੇ ਮਗਰ ਬਾਕੀ ਪੰਜ ਭੈਣਾਂ ਵੀ ਵੱਖ-ਵੱਖ ਫੋਰਸਾਂ ਵਿੱਚ ਸ਼ਾਮਲ ਹੋ ਗਈਆਂ। ਇਸ ਮਗਰੋਂ ਇਹਨਾਂ ਸੱਤ ਭੈਣਾਂ ਤੋਂ ਪ੍ਰੇਰਿਤ ਹੋ ਕੇ ਏਕਮਾ ਬਲਾਕ ਦੇ ਦਰਜਨਾਂ ਪਿੰਡਾਂ ਵਿੱਚ ਲੜਕੀਆਂ ਪੁਲੀਸ ਤੇ ਫੌਜ ਦੀ ਸੇਵਾ ਲਈ ਅੱਗੇ ਆਈਆਂ ਤੇ ਚੁਣੀਆਂ ਗਈਆਂ। ਅੱਜ ਪੂਰੇ ਬਿਹਾਰ ਸੂਬੇ ਚ ਇਹਨਾਂ ਕੁੜੀਆਂ ਦਾ ਨਾਮ ਮਾਣ ਨਾਲ ਲਿਆ ਜਾਂਦਾ ਹੈ।
Comment here