ਸਿਆਸਤਖਬਰਾਂ

ਬਾਦਲਕਿਆਂ ਨੇ ਆਰ ਐੱਸ ਐੱਸ ਦੇ ਪੰਜਾਬ ਚ ਪੈਰ ਲਵਾਏ-ਚੰਨੀ

ਚੰਡੀਗੜ੍ਹ- ਚੱਲ ਰਹੇ ਚੋਣ ਵਰੇ ਵਿੱਚ ਪੰਜਾਬ ਦੀ ਸਿਆਸਤ ਵਿੱਚ ਦੂਸ਼ਣਬਾਜੀ਼ਆਂ ਦਾ ਦੌਰ ਮਘਿਆ ਪਿਆ ਹੈ। ਮੁੱਖ ਮੰਤਰੀ ਚਰਨਜੀਤ ਸਿਘ ਚੰਨੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ‘ਤੇ ਵੱਡੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਆਰਐਸਐਸ ਦੇ ਪੰਜਾਬ ਵਿੱਚ ਪੈਰ ਪਸਾਰਨ ਵਿੱਚ ਮਦਦ ਕਰਦਾ ਰਿਹਾ ਜਦੋਂ ਕਿ ਆਰਐਸਐਸ ਨੇ ਸਿੱਖ ਇਤਿਹਾਸ ਤੇ ਵਿਚਾਰਧਾਰਾ ਨੂੰ ਵਿਗਾੜਨ ਦੀ ਕਾਫ਼ੀ ਹੱਦ ਤੱਕ ਕੋਸ਼ਿਸ਼ ਕੀਤੀ ਪਰ ਅਕਾਲੀ ਦਲ ਨੇ ਕਦੇ ਵੀ ਇਸ ਦਾ ਵਿਰੋਧ ਨਹੀਂ ਕੀਤਾ। ਮੁੱਖ ਮੰਤਰੀ ਚੰਨੀ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਅਕਾਲੀ ਦਲ ਇਲਜ਼ਾਮ ਲਾ ਰਿਹਾ ਹੈ ਕਿ ਬੀਜੇਪੀ ਡਰਾ-ਧਮਕਾ ਕੇ ਅਕਾਲੀ ਲੀਡਰਾਂ ਨੂੰ ਆਪਣੇ ਨਾਲ ਰਲਾ ਰਹੀ ਹੈ। ਮੁੱਖ ਮੰਤਰੀ ਚੰਨੀ ਨੇ ਅਕਾਲੀ ਦਲ ਨੂੰ ਘੇਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਹੀ ਪੰਜਾਬ ਵਿੱਚ ਆਰਐਸਐਸ ਦੇ ਪੈਰ ਲਾਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਬੀਜੇਪੀ ਦੀਆਂ ਕੇਂਦਰੀਕਰਨ ਤੇ ਸਭਿਆਚਾਰਕ ਸਮਰੂਪਤਾ ਦੀਆਂ ਨੀਤੀਆਂ ਨੂੰ ਪੂਰਾ ਸਮਰਥਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤ ਪਹਿਲਾਂ ਅਕਾਲੀ ਦਲ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਬੀਜੇਪੀ ਕੋਲ ਗਿਰਵੀ ਰੱਖੇ ਗਏ, ਜਿਨ੍ਹਾਂ 1996 ਵਿੱਚ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ, ਜੋ ਸਿਰਫ਼ 13 ਦਿਨ ਚੱਲੀ ਸੀ, ਬਣਾਉਣ ਵਾਸਤੇ ਅਟਲ ਬਿਹਾਰੀ ਵਾਜਪਾਈ ਨੂੰ ਬਿਨਾਂ ਸ਼ਰਤ ਸਮਰਥਨ ਦੇ ਕੇ ਇਸ ਗੱਠਜੋੜ ਲਈ ਰਾਹ ਪੱਧਰਾ ਕੀਤਾ ਸੀ।ਉਨ੍ਹਾਂ ਕਿਹਾ ਕਿ ਬੀਜੇਪੀ ਨੇ ਆਪਣੇ ਵੰਡ-ਪਾਊ ਏਜੰਡੇ ਦੀ ਪੂਰਤੀ ਲਈ ਨਵੇਂ ਸਹਿਯੋਗੀ ਲੱਭੇ ਹਨ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਖ਼ਾਲੀ ਥਾਂ ਭਰੀ ਜਾ ਸਕੇ। ਚੰਨੀ ਨੇ ਕਿਹਾ ਕਿ ਬੀਜੇਪੀ ਦੇ ਇਹ ਮਨਸੂਬੇ ਪੰਜਾਬ ਵਿੱਚ ਸਫਲ ਨਹੀਂ ਹੋ ਸਕਣਗੇ ਕਿਉਂਕਿ 2019 ਚੋਣਾਂ ਵਿੱਚ ਪੰਜਾਬੀਆਂ ਨੇ ਬੀਜੇਪੀ ਦੇ ਏਜੰਡੇ ਤੇ ਨਰਿੰਦਰ ਮੋਦੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ।
ਹਾਲ ਹੀ ਵਿੱਚ ਅਮਿਤ ਸ਼ਾਹ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਦੇ ਧੜੇ ਨਾਲ ਗੱਠਜੋੜ ਕਰ ਰਹੇ ਹਨ। ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਭਾਜਪਾ ਦੇ ਲੋਕ ਵਿਰੋਧੀ ਏਜੰਡੇ ਦੀ ਪੂਰਤੀ ਲਈ ਇੱਕ ਏਜੰਟ ਦੇ ਤੌਰ ’ਤੇ ਕੰਮ ਕਰ ਰਹੇ ਹਨ।

Comment here